ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਪੈਟਰੋਲ, ਡੀਜ਼ਲ ਬਚਾਉਣ ਅਤੇ ਇਕ ਸਾਲ ਸੋਨਾ ਨਾ ਖ਼ਰੀਦਣ ਦੀ ਅਪੀਲ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਆਖਿਰ ਅਜਿਹੀ ਨੌਬਤ ਕਿਉਂ ਆਈ? ਵਿਰੋਧੀ ਧਿਰਾਂ ਨੇ ਇਸ ਨੂੰ ਕੇਂਦਰ ਸਰਕਾਰ ਦੀ 'ਨਾਕਾਮੀ' ਕਰਾਰ ਦਿੱਤਾ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੋਦੀ ਜੀ ਨੇ ਕੱਲ੍ਹ (ਐਤਵਾਰ ਨੂੰ ) ਜਨਤਾ ਤੋਂ ਤਿਆਗ ਮੰਗੇ-ਸੋਨਾ ਨਾ ਖ਼ਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਧ ਅਤੇ ਖਾਣੇ ਦਾ ਤੇਲ ਘੱਟ ਕਰੋ, ਮੈਟਰੋ 'ਚ ਚਲੋ, ਘਰ ਤੋਂ ਕੰਮ ਕਰੋ | ਉਨ੍ਹਾਂ ਅੱਗੇ ਤਨਜ਼ ਕੱਸਦਿਆਂ ਕਿਹਾ ਕਿ ਇਹ ਉਪਦੇਸ਼ ਨਹੀਂ, ਸਗੋਂ ਇਹ ਨਾਕਾਮੀ ਦੇ ਸਬੂਤ ਹਨ | ਰਾਹੁਲ ਗਾਂਧੀ ਨੇ ਕਿਹਾ ਕਿ 12 ਸਾਲ 'ਚ ਦੇਸ਼ ਨੂੰ ਇਸ ਮੁਕਾਮ 'ਤੇ ਲੈ ਆਂਦਾ ਹੈ ਕਿ ਜਨਤਾ ਨੂੰ ਦੱਸਣਾ ਪੈ ਰਿਹਾ ਹੈ-ਕੀ ਖ਼ਰੀਦੋ, ਕੀ ਨਾ ਖ਼ਰੀਦੋ, ਕਿੱਥੇ ਜਾਈਏ, ਕਿੱਥੇ ਨਾ ਜਾਈਏ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਲੋਕ ਮੁਸ਼ਕਿਲਾਂ ਦੇ ਬੋਝ ਥੱਲੇ ਦੱਬੇ ਹੋਏ ਹਨ, ਪ੍ਰਧਾਨ ਮੰਤਰੀ ਦੇਸ਼ ਨੂੰ ਬਚਤ ਕਰਨ ਦੇ ਗੁਣਾਂ 'ਤੇ ਲੈਕਚਰ ਦੇਣ 'ਚ ਰੁਝੇ ਹੋਏ ਹਨ | ਖੜਗੇ ਨੇ ਕਿਹਾ ਕਿ ਆਪਣੀਆਂ 12 ਸਾਲ ਦੀਆਂ ਨਾਕਾਮੀਆਂ ਦਾ ਠੀਕਰਾ ਭਾਰਤੀ ਲੋਕਾਂ ਸਿਰ ਨਾ ਭੰਨੋ | ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਭਾਜਪਾ ਨੂੰ ਹੀ ਦੇਸ਼ ਦਾ 'ਸਭ ਤੋਂ ਵੱਡਾ' ਸੰਕਟ ਕਰਾਰ ਦਿੱਤਾ | ਅਖਿਲੇਸ਼ ਯਾਦਵ ਨੇ ਤਨਜ਼ ਕੱਸਦਿਆਂ ਕਿਹਾ ਕਿ ਭਾਜਪਾ ਨੂੰ ਇੰਨੀਆਂ ਸਾਰੀਆਂ ਪਾਬੰਦੀਆਂ ਲਾਉਣੀਆਂ ਪਈਆਂ, ਤਾਂ ਪੰਜ ਖਰਬ ਡਾਲਰ ਦੀ ਜੁਮਲਾਈ ਅਰਥਵਿਵਸਥਾ ਕਿਵੇਂ ਬਣੇਗੀ? ਅਖਿਲੇਸ਼ ਨੇ ਅੱਗੇ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ 'ਸੰਕਟ' ਯਾਦ ਆ ਗਿਆ |
ਭਾਜਪਾ ਨੇ ਵੀ ਕੀਤਾ ਪਲਟਵਾਰ
ਵਿਰੋਧੀ ਧਿਰਾਂ ਵਲੋਂ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਸਰਕਾਰ ਦੀ ਨਾਕਾਮੀ ਦੱਸਣ 'ਤੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਪਲਟਵਾਰ ਕਰਦਿਆਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਜੇਕਰ ਆਲਮੀ ਸੰਕਟ 'ਚ ਜਨਤਾ ਤੋਂ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕਰਨਾ ਕਮਜ਼ੋਰੀ ਹੈ ਤਾਂ ਕੀ ਪੰਡਿਤ ਨਹਿਰੂ ਵੀ ਕੰਪਰੋਮਾਈਜ਼ਡ ਪ੍ਰਧਾਨ ਮੰਤਰੀ ਸੀ | ਉਨ੍ਹਾਂ ਕਿਹਾ ਕਿ ਖ਼ੁਦ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਦੂਜੇ ਦੇਸ਼ਾਂ 'ਚ ਜੰਗ ਹੋਣ ਦਾ ਅਸਰ ਭਾਰਤ 'ਚ ਮਹਿੰਗਾਈ ਦੇ ਰੂਪ 'ਚ ਪੈਂਦਾ ਹੈ |
ਮੋਦੀ ਦੀ ਅਪੀਲ 'ਤੇ ਵਿਰੋਧੀ ਧਿਰਾਂ ਵਲੋਂ ਤਿੱਖਾ ਪ੍ਰਤੀਕਰਮ <br/>
ਅਜੀਤ ਡੈਸਕ
12-05-2026