ਭੋਪਾਲ/ਜਬਲਪੁਰ/ਨਵੀਂ ਦਿੱਲੀ, 12 ਮਈ (ਏਜੰਸੀ)-ਪੱਛਮ ਏਸ਼ੀਆ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੈਟਰੋਲ-ਡੀਜ਼ਲ ਦੀ ਬੱਚਤ ਦੀ ਅਪੀਲ ਦਾ ਦੇਸ਼ਵਿਆਪੀ ਅਸਰ ਵੇਖਣ ਨੂੰ ਮਿਲਣ ਲੱਗਾ ਹੈ | ਮੱਧ ਪ੍ਰਦੇਸ਼ 'ਚ ਹਾਈ ਕੋਰਟ ਦੇ ਜੱੱਜ ਸਾਈਕਲ 'ਤੇ ਅਦਾਲਤ ਪੁੱਜੇ , ਜਦੋਂਕਿ ਲਘੂ ਉਦਯੋਗ ਨਿਗਮ ਦੇ ਪ੍ਰਧਾਨ ਨੇ ਈ-ਰਿਕਸ਼ੇ ਦਾ ਸਹਾਰਾ ਲਿਆ | ਕੇਂਦਰ 'ਚ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਸੁਰੱਖਿਆ ਕਾਫਲਾ ਛੱਡਣ ਦਾ ਫ਼ੈਸਲਾ ਲੈ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ | ਜਬਲਪੁਰ 'ਚ ਪ੍ਰਧਾਨ ਮੰਤਰੀ ਦੀ ਅਪੀਲ ਦੀ ਇਕ ਉਦਾਹਰਨ ਵੇਖਣ ਨੂੰ ਮਿਲੀ, ਜਦੋਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਡੀ.ਡੀ. ਬੰਸਲ ਖੁਦ ਸਾਇਕਲ ਚਲਾ ਕੇ ਅਦਾਲਤ ਪੁੱਜੇ | ਜਸਟਿਸ ਬੰਸਲ ਸਿਵਿਲ ਲਾਈਨਜ਼ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੋਂ ਤਿੰਨ ਕਿਲੋਮੀਟਰ ਤੱਕ ਭੀੜਭਾੜ ਵਾਲੀ ਸੜਕਾਂ 'ਤੇ ਸਾਇਕਲ ਚਲਾਉਂਦੇ ਨਜ਼ਰ ਆਏ |