26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪ੍ਰਧਾਨ ਮੰਤਰੀ ਨੇ ਘਟਾਇਆ ਆਪਣੀਆਂ ਕਾਰਾਂ ਦਾ ਕਾਫ਼ਲਾ

Ad Position 21
No active advertisement
ਅਜੀਤ ਡੈਸਕ 14-05-2026

ਪੈਟਰੋਲ, ਡੀਜ਼ਲ ਬਚਾਉਣ ਦੀ ਅਪੀਲ ਤੋਂ ਬਾਅਦ ਭਾਜਪਾ ਦੇ ਮੁੱਖ ਮੰਤਰੀਆਂ ਨੇ ਵੀ ਕਾਫ਼ਲੇ 'ਚ ਕੀਤੀ ਕਟੌਤੀ
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਪੈਟਰੋਲ ਅਤੇ ਡੀਜ਼ਲ ਬਚਾਉਣ ਦੀ ਅਪੀਲ ਤੋਂ ਬਾਅਦ ਬੁੱਧਵਾਰ ਨੂੰ ਆਪਣੀਆਂ ਕਾਰਾਂ ਦਾ ਕਾਫ਼ਲਾ ਵੀ ਘੱਟ ਕਰ ਦਿੱਤਾ ਅਤੇ ਮੰਤਰੀ ਮੰਡਲ ਦੀ ਬੈਠਕ 'ਚ 4 ਕਾਰਾਂ ਦੇ ਕਾਫ਼ਲੇ ਨਾਲ ਪਹੁੰਚੇ | ਹਲਕਿਆਂ ਮੁਤਾਬਿਕ ਮੋਦੀ ਨੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਵਿਸ਼ੇਸ਼ ਸੁਰੱਖਿਆ ਦਲ (ਐਸ.ਪੀ.ਜੀ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਸ ਦੇ ਕਾਫ਼ਲੇ 'ਚ ਸ਼ਾਮਿਲ ਵਾਹਨਾਂ ਦੀ ਗਿਣਤੀ 'ਚ ਤਕਰੀਬਨ 50 ਫ਼ੀਸਦੀ ਦੀ ਕਮੀ ਕੀਤੀ ਜਾਵੇ | ਪ੍ਰਧਾਨ ਮੰਤਰੀ ਦੇ ਕਾਫ਼ਲੇ 'ਚ ਆਮ ਹਾਲਾਤ 'ਚ 12 ਤੋਂ 15 ਗੱਡੀਆਂ ਹੁੰਦੀਆਂ ਹਨ | ਦਿੱਲੀ ਪੁਲਿਸ ਦੀ ਕਾਰ ਸਭ ਤੋਂ ਅੱਗੇ ਵਧਦਿਆਂ ਰਸਤਾ ਖਾਲੀ ਕਰਦੀ ਹੈ ਅਤੇ ਟ੍ਰੈਫਿਕ ਕੰਟਰੋਲ ਕਰਦੀ ਹੈ | ਐਸ.ਪੀ.ਜੀ. ਦੀ ਪਾਇਲਟ ਕਾਰ ਵੀ ਕਾਫ਼ਲੇ ਦੇ ਨਾਲ ਚਲ ਕੇ ਖ਼ਤਰੇ ਦੀ ਸਕੈਨਿੰਗ ਕਰਦੀ ਹੈ | ਇਸ ਤੋਂ ਇਲਾਵਾ ਜੈਮਰ ਕਾਰ, ਐਂਬੂਲੈਂਸ ਅਤੇ ਐਨ.ਐਸ.ਜੀ. ਦੇ ਕਮਾਂਡੋ ਦੀਆਂ ਗੱਡੀਆਂ ਵੀ ਕਾਫ਼ਲੇ ਦੇ ਨਾਲ ਚਲਦੀਆਂ ਹਨ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਕਾਰ ਜਿਹੀਆਂ ਡੰਮੀ ਕਾਰਾਂ ਵੀ ਕਾਫ਼ਲੇ ਨਾਲ ਚਲਦੀਆਂ ਹਨ, ਤਾਂ ਜੋ ਹਮਲਾਵਰ ਨੂੰ ਭਰਮਾਇਆ ਜਾ ਸਕੇ | ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਨੇ ਵਾਹਨਾਂ ਦੀ ਗਿਣਤੀ ਘਟਾਉਣ ਦੇ ਨਾਲ ਕਾਫ਼ਲੇ 'ਚ ਈ-ਵਾਹਨਾਂ ਦੀ ਗਿਣਤੀ ਵਧਾਉਣ 'ਤੇ ਵੀ ਜ਼ੋਰ ਦਿੱਤਾ | ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਲਈ ਨਵੀਆਂ ਗੱਡੀਆਂ ਨਹੀਂ ਖਰੀਦੀਆਂ ਜਾਣਗੀਆਂ, ਸਗੋਂ ਮੌਜੂਦਾ ਵਸੀਲਿਆਂ ਦੀ ਬਿਹਤਰ ਢੰਗ ਨਾਲ ਵਰਤੋਂ ਕਰਕੇ ਇਹ ਬਦਲਾਅ ਲਾਗੂ ਕੀਤਾ ਜਾਵੇਗਾ |
ਭਾਜਪਾ ਦੇ ਮੁੱਖ ਮੰਤਰੀਆਂ ਨੇ ਵੀ ਗੱਡੀਆਂ ਦੇ ਕਾਫ਼ਲੇ 'ਚ ਕੀਤੀ ਕਟੌਤੀ

ਨਵੀਂ ਦਿੱਲੀ, (ਪੀ.ਟੀ.ਆਈ.)-ਪ੍ਰਧਾਨ ਮੰਤਰੀ ਦੀ ਅਪੀਲ ਤੋਂ ਸਿੱਖਿਆ ਲੈਂਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਅਤੇ ਮੰਤਰੀਆਂ ਦੇ ਨਾਲ ਚੱਲਣ ਵਾਲੇ ਗੱਡੀਆਂ ਦੇ ਕਾਫ਼ਲੇ 'ਚ ਤੁਰੰਤ 50 ਫ਼ੀਸਦੀ ਦੀ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ ਹੈ | ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣੇ ਕਾਫ਼ਲੇ 'ਚ ਘੱਟ ਤੋਂ ਘੱਟ ਗੱਡੀਆਂ ਸ਼ਾਮਿਲ ਕਰਨਗੇ ਅਤੇ ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ | ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਮੰਤਰੀਆਂ, ਵਿਧਾਇਕਾਂ ਅਤੇ ਹੋਰ ਜਨਪ੍ਰਤੀਨਿਧੀਆਂ ਵਲੋਂ ਵਰਤੀਆਂ ਜਾਣ ਵਾਲੀਆਂ ਸਰਕਾਰੀ ਗੱਡੀਆਂ ਦੀ ਗਿਣਤੀ ਤੈਅ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਦਿੱਲੀ ਵਾਸੀਆਂ ਨੂੰ ਕਾਰ ਪੂਲਿੰਗ ਅਤੇ ਨਿੱਜੀ ਕਾਰਾਂ ਦੀ ਥਾਂ ਸਰਕਾਰੀ ਬੱਸਾਂ ਅਤੇ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਵੀ ਇਸੇ ਤਰ੍ਹਾਂ ਦਾ ਆਦੇਸ਼ ਦਿੱਤਾ ਕਿ ਉਨ੍ਹਾਂ ਦੇ ਕਾਫ਼ਲੇ 'ਚ ਵੀ ਗੈਰ-ਜ਼ਰੂਰੀ ਗੱਡੀਆਂ ਦੀ ਵਰਤੋਂ ਨਾ ਕੀਤੀ ਜਾਵੇ | ਮਹਾਰਾਸ਼ਟਰ ਸਰਕਾਰ ਨੇ ਵੀ ਆਪਣੇ ਸਾਰੇ ਮੰਤਰੀਆਂ ਨੂੰ ਸਰਕਾਰੀ ਯਾਤਰਾ ਲਈ ਹਵਾਈ ਜਹਾਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਦਵੇਂਦਰ ਫੜਨਵੀਸ ਤੋਂ ਮਨਜ਼ੂਰੀ ਲੈਣ ਦਾ ਨਿਰਦੇਸ਼ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਨੇ ਐਲਾਨਿਆ 12ਵੀਂ ਦਾ ਨਤੀਜਾ ਅਗਲੀ ਖ਼ਬਰ ਪੰਜਾਬ 'ਚ ਲੰਬੇ ਸਮੇਂ ਤੋਂ ਲਟਕ ਰਹੇ ਓਵਰਬਿ੍ਜਾਂ ਤੇ ਰਾਜਮਾਰਗਾਂ ਦੇ ਕਾਰਜਾਂ ਨੂੰ ਮੁਕੰਮਲ ਕਰਨ ਦਾ ਰਾਹ ਪੱਧਰਾ
Ad Position 24