• ਲੜਕੀਆਂ ਨੇ ਮਾਰੀ ਬਾਜ਼ੀ • 85 ਫ਼ੀਸਦੀ ਵਿਦਿਆਰਥੀ ਹੋਏ ਪਾਸ
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਅੱਜ ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਜਦੋਂ ਸੀ.ਬੀ.ਐਸ.ਈ. ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਇਸ ਨਤੀਜੇ ਵਿਚ 85.20 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ | ਬੀਤੇ ਸਾਲ ਦੇ ਮੁਕਾਬਲੇ ਵਿਚ 3.19 ਫ਼ੀਸਦੀ ਦੀ ਗਿਰਾਵਟ ਹੈ | ਇਸ ਨਤੀਜੇ ਵਿਚ ਤਿ੍ਵੇਂਦਰਮ ਸਭ ਤੋਂ ਟਾਪ 'ਤੇ ਰਿਹਾ ਅਤੇ ਪਾਸ ਪ੍ਰਤੀਸ਼ਤ 95.62 ਫ਼ੀਸਦੀ ਰਿਹਾ | ਇਸ ਸਾਲ 1,63,800 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ | ਇਸ ਨਤੀਜੇ ਵਿਚ 94.28 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਲਏ ਹਨ | ਇਸ ਤੋਂ ਇਲਾਵਾ 17113 ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ 95 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਇਸ ਨਤੀਜੇ ਵਿਚ ਟਰਾਂਸਜੈਂਡਰ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਲੜਕੀਆਂ ਨੇ ਲੜਕਿਆਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ | ਲੜਕੀਆਂ ਦੀ ਪਾਸ ਪ੍ਰਤੀਸ਼ਤ 88.86 ਅਤੇ ਲੜਕਿਆਂ ਦਾ ਪਾਸ ਪ੍ਰਤੀਸ਼ਤ 82.13 ਰਹੀ ਹੈ | 12 ਮਈ ਨੂੰ ਵੀ ਇਸ ਨਤੀਜੇ ਦੇ ਆਉਣ ਦੀ ਸੰਭਾਵਨਾ ਬਣੀ ਹੋਈ ਸੀ, ਪਰੰਤੂ ਕਿਸੇ ਕਾਰਨ ਸੀ.ਬੀ.ਐਸ.ਈ. ਨਤੀਜਾ ਐਲਾਨ ਨਹੀਂ ਕਰ ਸਕੀ ਤੇ ਵਿਦਿਆਰਥੀਆਂ ਨੂੰ ਨਿਰਾਸ਼ਾ ਹੋਈ ਸੀ | 12ਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਨੂੰ ਸ਼ੁਰੂ ਹੋ ਕੇ 10 ਅਪ੍ਰੈਲ ਤੱਕ ਚੱਲੀ ਸੀ | ਇਸ ਪ੍ਰੀਖਿਆ ਵਿਚ ਦੇਸ਼ ਭਰ ਤੋਂ 18 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਿਲ ਹੋਏ ਸਨ | ਸੀ.ਬੀ.ਐਸ.ਈ. ਦੀ ਦਸਵੀਂ ਜਮਾਤ ਦਾ ਨਤੀਜਾ 15 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ | ਸਾਲ 2025 ਵਿਚ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 88.39 ਰਿਹਾ ਸੀ ਅਤੇ ਲੜਕੀਆਂ ਦਾ ਪਾਸ ਪ੍ਰਤੀਸ਼ਤ 91.64 ਰਿਹਾ ਸੀ ਅਤੇ ਲੜਕਿਆਂ ਦਾ ਪਾਸ ਪ੍ਰਤੀਸ਼ਤ 85.70 ਰਿਹਾ ਸੀ | ਇਸ ਤਰ੍ਹਾਂ ਲੜਕੀਆਂ ਲੜਕਿਆਂ ਤੋਂ ਅੱਗੇ ਨਿਕਲੀਆਂ | ਇਸ ਵਾਰ ਸੀ.ਬੀ.ਐਸ.ਈ. ਨੇ ਉੱਤਰ ਪੁਸਤਕਾਂ ਦੇ ਮੁਲਾਂਕਣ ਵਿਚ ਵੱਡੇ ਪੱਧਰ 'ਤੇ ਆਨਲਾਈਨ ਸਕਰੀਨ ਮਾਰਕਿੰਗ ਸਿਸਟਮ ਅਪਣਾਇਆ ਹੈ | ਦੇਸ਼ ਭਰ ਵਿਚ 7574 ਪ੍ਰੀਖਿਆ ਕੇਂਦਰਾਂ 'ਤੇ 12ਵੀਂ ਦੀ ਪ੍ਰੀਖਿਆ ਹੋਈ ਸੀ | ਸੀ.ਬੀ.ਐਸ.ਈ. ਹੁਣ ਵਿਦਿਆਰਥੀਆਂ ਦੀ ਟਾਪਰ ਲਿਸਟ ਜਾਰੀ ਨਹੀਂ ਕਰਦੀ, ਬਲਕਿ ਪਾਸ ਪ੍ਰਤੀਸ਼ਤ ਖੇਤਰਵਾਰ ਦੱਸਿਆ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ 'ਤੇ ਕੋਈ ਦਬਾਅ ਨਾ ਪਵੇ | ਵਿਦਿਆਰਥੀ ਆਪਣਾ ਨਤੀਜਾ ਵੈੱਬਸਾਈਟ 'ਤੇ ਜਾ ਕੇ ਵੇਖ ਸਕਦੇ ਹਨ | ਇਸ ਤੋਂ ਇਲਾਵਾ ਵਿਦਿਆਰਥੀ ਡਿਜੀਲਾਕਰ ਅਤੇ ਉਮੰਗ ਐਪ ਤੇ ਮਾਧਿਅਮ ਤੋਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ |
ਸੀ.ਬੀ.ਐਸ.ਈ. ਨੇ ਐਲਾਨਿਆ 12ਵੀਂ ਦਾ ਨਤੀਜਾ
ਅਜੀਤ ਡੈਸਕ
14-05-2026