ਮਾਨਸਾ ਦੀ ਸੁਪਨੀਤ ਕੌਰ ਪਹਿਲੇ, ਲੁਧਿਆਣਾ ਦੀ ਸੁਹਾਨੀ ਤੇ ਦਿਵਾਂਸ਼ੀ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ
ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਮਾਰਚ-2026 ਦੇ ਅੱਜ ਐਲਾਨੇ ਗਏ ਨਤੀਜਿਆਂ 'ਚ ਲੜਕੀਆਂ ਨੇ ਮੁੜ ਲੜਕਿਆਂ ਨੂੰ ਪਛਾੜਦਿਆਂ ਸੂਬਾ ਭਰ 'ਚੋਂ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾ-ਮੁਕਤ ਆਈ. ਏ. ਐਸ.) ਨੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਚਲੇ ਮੀਟਿੰਗ ਰੂਮ 'ਚ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਗੁਰੂਕੁੱਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਸੁਪਨੀਤ ਕੌਰ ਸਪੁੱਤਰੀ ਰਾਜ ਸਿੰਘ ਰੋਲ ਨੰ. 2026184632 (ਜਨਮ ਮਿਤੀ 2 ਅਕਤੂਬਰ, 2009) ਨੇ 500 'ਚੋਂ 500 (100 ਫ਼ੀਸਦੀ) ਅੰਕ ਹਾਸਿਲ ਕਰਕੇ ਸੂਬਾ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਐਚ. ਐਮ. 150 ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੀ ਹਿਊਮੈਨਟੀਜ਼ ਗਰੁੱਪ ਦੀ ਸੁਹਾਨੀ ਚੌਹਾਨ ਸਪੁੱਤਰੀ ਲਲਿਤ ਚੌਹਾਨ ਰੋਲ ਨੰ. 2026482108 (ਜਨਮ ਮਿਤੀ 9 ਮਾਰਚ, 2009) ਨੇ 500 'ਚੋਂ 500 (100 ਫ਼ੀਸਦੀ) ਅੰਕ ਹਾਸਿਲ ਕਰਕੇ ਦੂਜਾ ਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾ ਪੁਰੀ ਲੁਧਿਆਣਾ ਦੀ ਹਿਊਮੈਨਟੀਜ਼ ਗਰੁੱਪ ਦੀ ਦਿਵਾਂਸ਼ੀ ਸਪੁੱਤਰੀ ਵਨੀਤ ਜੌਹਰ ਰੋਲ ਨੰ. 2026494333 (ਜਨਮ ਮਿਤੀ 4 ਮਈ, 2008) ਨੇ 500 'ਚੋਂ 500 (100 ਫ਼ੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਤਿੰਨੋਂ ਵਿਦਿਆਰਥਣਾਂ ਦੇ ਅੰਕ ਬਰਬਾਰ ਹੋਣ ਕਾਰਨ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਜਨਮ ਮਿਤੀ ਦੇ ਆਧਾਰ 'ਤੇ ਪਹਿਲਾ, ਦੂਜਾ ਤੇ ਤੀਜਾ ਸਥਾਨ ਐਲਾਨਿਆ ਗਿਆ | ਤਿੰਨੋਂ ਪ੍ਰੀਖਿਆਰਥਣਾਂ ਨੇ ਖੇਡ ਕੋਟੇ ਦੇ ਅੰਕਾਂ ਸਮੇਤ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਪਹਿਲੇ ਸਥਾਨ 'ਤੇ ਰਹੀ ਸੁਪਨੀਤ ਕੌਰ ਤਲਵਾਰਬਾਜ਼ੀ (ਫੈਂਸਿੰਗ) ਦੀ ਕੌਮੀ ਪੱਧਰ ਦੀ ਖ਼ਿਡਾਰਨ ਹੈ, ਜਦਕਿ ਦੂਜੇ ਸਥਾਨ 'ਤੇ ਰਹੀ ਸੁਹਾਨੀ ਚੌਹਾਨ ਬੇਸਬਾਲ ਦੀ ਰਾਜ ਪੱਧਰੀ ਖ਼ਿਡਾਰਨ ਅਤੇ ਤੀਜੇ ਸਥਾਨ 'ਤੇ ਰਹੀ ਦਿਵਾਂਸ਼ੀ ਸਾਫ਼ਟਬਾਲ ਦੀ ਰਾਜ ਪੱਧਰੀ ਖ਼ਿਡਾਰਨ ਹੈ | ਮੈਰਿਟ ਸੂਚੀ 'ਚ ਸ਼ਾਮਿਲ 278 ਪ੍ਰੀਖਿਆਰਥੀਆਂ 'ਚ 217 ਲੜਕੀਆਂ ਅਤੇ 61 ਲੜਕੇ ਸ਼ਾਮਿਲ ਹਨ | ਇਨ੍ਹਾਂ 'ਚੋਂ 24 ਪ੍ਰੀਖਿਆਰਥੀ ਖੇਡ ਕੋਟੇ ਦੇ ਅੰਕ ਲੈ ਕੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਉਣ 'ਚ ਸਫ਼ਲ ਰਹੇ ਹਨ | ਬੋਰਡ ਚੇਅਰਮੈਨ ਨੇ ਦੱਸਿਆ ਕਿ ਇਸ ਸਾਲ ਕੁੱਲ 2,65,417 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,42,755 ਪ੍ਰੀਖਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.46 ਫ਼ੀਸਦੀ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ 17,495 ਪ੍ਰੀਖਿਆਰਥੀਆਂ (6.59 ਫ਼ੀਸਦੀ) ਦੀ ਰੀ-ਅਪੀਅਰ ਆਈ ਹੈ, ਜਦਕਿ 5,109 ਪ੍ਰੀਖਿਆਰਥੀ (1.92 ਫ਼ੀਸਦੀ) ਫ਼ੇਲ੍ਹ ਹੋਏ ਹਨ ਅਤੇ 58 ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਓਪਨ ਸਕੂਲ ਦੇ ਕੁੱਲ 12,390 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 7,937 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 64.06 ਫ਼ੀਸਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਓਪਨ ਸਕੂਲ ਦੇ 4,346 ਪ੍ਰੀਖਿਆਰਥੀਆਂ (35.07 ਫ਼ੀਸਦੀ) ਦੀ ਰੀ-ਅਪੀਅਰ ਆਈ ਹੈ, 33 ਪ੍ਰੀਖਿਆਰਥੀ (0.26 ਫ਼ੀਸਦੀ) ਫ਼ੇਲ੍ਹ ਹੋਏ ਹਨ ਤੇ 74 ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ |
ਕਾਮਰਸ, ਹਿਊਮੈਨਟੀਜ਼, ਸਾਇੰਸ, ਵੋਕੇਸ਼ਨਲ ਗਰੁੱਪ ਦਾ ਨਤੀਜਾ
ਕਾਮਰਸ ਗਰੁੱਪ ਦੇ ਕੁੱਲ 34,496 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 34,074 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.78 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਹਿਊਮੈਨਟੀਜ਼ ਗਰੁੱਪ ਦੇ ਕੁੱਲ 1,65,457 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,45,179 ਪ੍ਰੀਖਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.74 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਸਾਇੰਸ ਗਰੁੱਪ ਦੇ ਕੁੱਲ 56,456 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 55,593 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.47 ਫ਼ੀਸਦੀ ਹੈ | ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੇ ਕੁੱਲ 9,008 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 7,909 ਪ੍ਰੀਖਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.80 ਫ਼ੀਸਦੀ ਹੈ |
ਲੜਕੀਆਂ ਦੀ ਪਾਸ ਫ਼ੀਸਦ ਲੜਕਿਆਂ ਨਾਲੋਂ 6.21 ਫ਼ੀਸਦੀ ਦੇ ਕਰੀਬ ਵੱਧ
ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 6.21 ਫ਼ੀਸਦੀ ਦੇ ਕਰੀਬ ਵੱਧ ਹੈ | ਇਸ ਵਾਰ 1,25,695 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,19,073 ਪ੍ਰੀਖਿਆਰਥਣਾਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94.73 ਫ਼ੀਸਦੀ ਰਹੀ ਹੈ | ਇਸ ਵਾਰ 1,39,716 ਲੜਕਿਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,23,676 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 88.52 ਫ਼ੀਸਦੀ ਰਹੀ ਹੈ | ਇਸ ਵਾਰ 6 ਟਰਾਂਸਜੈਂਡਰ ਪ੍ਰੀਖਿਆਰਥੀ ਪ੍ਰੀਖਿਆ 'ਚ ਬੈਠੇ ਸਨ, ਜੋ ਕਿ ਪਾਸ ਹੋ ਗਏ |
ਪੇਂਡੂ ਖੇਤਰ ਦੇ ਪ੍ਰੀਖਿਆਰਥੀ ਸ਼ਹਿਰੀ ਖੇਤਰ ਦੇ ਪ੍ਰੀਖਿਆਰਥੀਆਂ ਤੋਂ ਅੱਗੇ
ਪੇਂਡੂ ਖੇਤਰ ਦੇ ਪ੍ਰੀਖਿਆਰਥੀ ਸ਼ਹਿਰੀ ਖੇਤਰ ਦੇ ਪ੍ਰੀਖਿਆਰਥੀਆਂ ਤੋਂ ਅੱਗੇ ਰਹੇ | ਇਸ ਸਾਲ ਪੇਂਡੂ ਖੇਤਰ ਦੇ 1,49,029 'ਚੋਂ 1,36,559 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.63 ਫ਼ੀਸਦੀ ਹੈ | ਇਸੇ ਤਰ੍ਹਾਂ ਸ਼ਹਿਰੀ ਖੇਤਰ ਦੇ 1,16,388 ਪ੍ਰੀਖਿਆਰਥੀਆਂ 'ਚੋਂ 1,06,196 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.24 ਫ਼ੀਸਦੀ ਰਹੀ ਹੈ |
ਨਿੱਜੀ ਸਕੂਲਾਂ ਦੇ ਪ੍ਰੀਖਿਆਰਥੀ ਸਰਕਾਰੀ ਤੇ ਏਡਿਡ ਸਕੂਲਾਂ ਤੋਂ ਰਹੇ ਅੱਗੇ
ਨਿੱਜੀ ਸਕੂਲਾਂ ਦੇ ਪ੍ਰੀਖਿਆਰਥੀ ਪਾਸ ਪ੍ਰਤੀਸ਼ਤਤਾ 'ਚ ਸਰਕਾਰੀ ਤੇ ਏਡਿਡ ਸਕੂਲਾਂ ਦੇ ਪ੍ਰੀਖਿਆਰਥੀਆਂ ਤੋਂ ਅੱਗੇ ਰਹੇ ਹਨ | ਇਸ ਪ੍ਰੀਖਿਆ 'ਚ ਨਿੱਜੀ ਸਕੂਲਾਂ ਦੇ 70,552 ਪ੍ਰੀਖਿਆਰਥੀਆਂ 'ਚੋਂ 65,388 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 92.68 ਫ਼ੀਸਦੀ ਰਹੀ ਹੈ, ਜਦਕਿ ਸਰਕਾਰੀ ਸਕੂਲਾਂ ਦੇ 1,69,019 ਪ੍ਰੀਖਿਆਰਥੀਆਂ 'ਚੋਂ 1,54,508 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.41 ਫ਼ੀਸਦੀ ਹੈ | ਇਸੇ ਤਰ੍ਹਾਂ ਏਡਿਡ ਸਕੂਲਾਂ ਦੇ 25,846 ਪ੍ਰੀਖਿਆਰਥੀਆਂ 'ਚੋਂ 22,859 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 88.44 ਫ਼ੀਸਦੀ ਹੈ | ਇਸ ਮੌਕੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਤੋਂ ਇਲਾਵਾ ਬੋਰਡ ਦੇ ਸਕੱਤਰ ਸਕੱਤਰ ਸਿੰਘ ਪੀ. ਸੀ. ਐਸ., ਬੋਰਡ ਕੰਟਰੋਲਰ ਪ੍ਰੀਖਿਆਵਾਂ ਲਵੀਸ਼ ਚਾਵਲਾ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ, ਡਿਪਟੀ ਸਕੱਤਰ ਡਾ. ਗੁਰਮੀਤ ਕੌਰ ਤੇ ਸੀਨੀਅਰ ਮੈਨੇਜਰ ਹਰਮਨਜੀਤ ਸਿੰਘ ਵੀ ਹਾਜ਼ਰ ਸਨ | ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ ਰਾਹੀਂ 50 ਵਿਦਿਆਰਥੀਆਂ ਨੂੰ 'ਪਹਿਲਾਂ ਆਓ ਤੇ ਪਹਿਲਾਂ ਪਾਓ' ਦੇ ਆਧਾਰ 'ਤੇ ਯੋਗਤਾ ਟੈਸਟਿੰਗ ਅਤੇ ਕਰੀਅਰ/ਉਚੇਰੀ ਸਿੱਖਿਆ ਸੰਬੰਧੀ ਮਾਰਗਦਰਸ਼ਨ/ਆਨਲਾਈਨ ਕਾਊਾਸਲਿੰਗ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀ ਬੋਰਡ ਦੀ ਵੈੱਬਸਾਈਟ 'ਤੇ ਆਪਣਾ ਨਤੀਜਾ ਦੇਖ ਸਕਦੇ ਹਨ |
ਜ਼ਿਲ੍ਹੇਵਾਰ ਪਾਸ ਫ਼ੀਸਦ ਦੇ ਮਾਮਲੇ 'ਚ ਸ੍ਰੀ ਅੰਮਿ੍ਤਸਰ ਸਾਹਿਬ ਮੋਹਰੀ
ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ ਦੇ ਮਾਮਲੇ 'ਚ ਜ਼ਿਲ੍ਹਾ ਸ੍ਰੀ ਅੰਮਿ੍ਤਸਰ ਸਾਹਿਬ ਨੇ 96 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਪਠਾਨਕੋਟ 95.66 ਫ਼ੀਸਦੀ ਨਾਲ ਦੂਜੇ, ਐੱਸ. ਬੀ. ਐੱਸ. ਨਗਰ 95.62 ਫ਼ੀਸਦੀ ਨਾਲ ਤੀਜੇ, ਗੁਰਦਾਸਪੁਰ 95.36 ਫ਼ੀਸਦੀ ਨਾਲ ਚੌਥੇ, ਕਪੂਰਥਲਾ 95.31 ਫ਼ੀਸਦੀ ਨਾਲ 5ਵੇਂ, ਫ਼ਰੀਦਕੋਟ 94.63 ਫ਼ੀਸਦੀ ਨਾਲ 6ਵੇਂ, ਫ਼ਿਰੋਜ਼ਪੁਰ 93.87 ਫ਼ੀਸਦੀ ਨਾਲ 7ਵੇਂ, ਐੱਸ. ਏ. ਐੱਸ. ਨਗਰ 93.86 ਫ਼ੀਸਦੀ ਨਾਲ 8ਵੇਂ, ਹੁਸ਼ਿਆਰਪੁਰ 93.15 ਫ਼ੀਸਦੀ ਨਾਲ 9ਵੇਂ, ਰੂਪਨਗਰ 92.83 ਫ਼ੀਸਦੀ ਨਾਲ 10ਵੇਂ, ਪਟਿਆਲਾ 91.40 ਫ਼ੀਸਦੀ ਨਾਲ 11ਵੇਂ, ਤਰਨ ਤਾਰਨ 91.22 ਫ਼ੀਸਦੀ ਨਾਲ 12ਵੇਂ, ਮਾਨਸਾ 90.54 ਫ਼ੀਸਦੀ ਨਾਲ 13ਵੇਂ, ਮੋਗਾ 90.34 ਫ਼ੀਸਦੀ ਨਾਲ 14ਵੇਂ, ਬਰਨਾਲਾ 90.26 ਫ਼ੀਸਦੀ ਨਾਲ 15ਵੇਂ, ਸ੍ਰੀ ਫ਼ਤਹਿਗੜ੍ਹ ਸਾਹਿਬ 90.16 ਫ਼ੀਸਦੀ ਨਾਲ 16ਵੇਂ, ਜਲੰਧਰ 90.14 ਫ਼ੀਸਦੀ ਨਾਲ 17ਵੇਂ, ਮਲੇਰਕੋਟਲਾ 89.45 ਫ਼ੀਸਦੀ ਨਾਲ 18ਵੇਂ, ਸੰਗਰੂਰ 88.76 ਫ਼ੀਸਦੀ ਨਾਲ 19ਵੇਂ, ਬਠਿੰਡਾ 88.19 ਫ਼ੀਸਦੀ ਨਾਲ 20ਵੇਂ, ਫ਼ਾਜ਼ਿਲਕਾ 87.64 ਫ਼ੀਸਦੀ ਨਾਲ 21ਵੇਂ, ਸ੍ਰੀ ਮੁਕਤਸਰ ਸਾਹਿਬ 87.64 ਫ਼ੀਸਦੀ ਨਾਲ 22ਵੇਂ ਤੇ ਲੁਧਿਆਣਾ ਸਭ ਤੋਂ ਘੱਟ 87.04 ਫ਼ੀਸਦੀ ਨਾਲ 23ਵੇਂ ਭਾਵ ਆਖਰੀ ਸਥਾਨ 'ਤੇ ਰਿਹਾ |
12ਵੀਂ ਦੇ ਨਤੀਜੇ 'ਚ ਪਹਿਲੇ 3 ਸਥਾਨਾਂ 'ਤੇ ਕੁੜੀਆਂ ਕਾਬਜ਼
ਅਜੀਤ ਡੈਸਕ
14-05-2026