ਕੇਂਦਰ ਸਰਕਾਰ ਦਾ 824.41 ਲੱਖ ਮੀਟਿ੍ਕ ਟਨ ਝੋਨਾ ਖ਼ਰੀਦ ਦਾ ਟੀਚਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 13 ਮਈ-ਕੇਂਦਰ ਸਰਕਾਰ ਨੇ ਝੋਨੇ ਦਾ ਭਾਅ 72 ਰੁਪਏ ਵਧਾ ਕੇ 2441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਸਾਉਣੀ ਦੀਆਂ 14 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਚ ਵਾਧਾ ਕੀਤਾ ਹੈ | ਇਨ੍ਹਾਂ ਫ਼ਸਲਾਂ 'ਚ ਜਵਾਰ, ਬਾਜਰਾ, ਮੱਕੀ, ਕਪਾਹ ਤੇ ਦਾਲਾਂ ਆਦਿ ਸ਼ਾਮਿਲ ਹਨ | ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਜੇਜ਼ (ਸੀ.ਏ.ਸੀ.ਪੀ.) ਦੀਆਂ ਸਿਫ਼ਾਰਿਸ਼ਾਂ 'ਤੇ ਸਾਉਣੀ ਦੇ ਸੀਜ਼ਨ ਦੀਆਂ 14 ਫ਼ਸਲਾਂ ਦੀ ਐਮ.ਐਸ.ਪੀ. 'ਚ ਵਾਧਾ ਕੀਤਾ ਗਿਆ ਹੈ | ਫ਼ੈਸਲੇ ਮੁਤਾਬਿਕ ਝੋਨੇ ਦੀ ਐਮ.ਐਸ.ਪੀ. 'ਚ 72 ਰੁਪਏ ਵਧਾਉਣ ਤੋਂ ਬਾਅਦ ਝੋਨਾ (ਆਮ) ਦੀ ਐਮ.ਐਸ.ਪੀ. 2024-25 ਦੇ 2369 ਪ੍ਰਤੀ ਕੁਇੰਟਲ ਤੋਂ ਵੱਧ ਕੇ 2441 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਜਦਕਿ ਝੋਨਾ (ਏ ਗ੍ਰੇਡ) ਪ੍ਰਤੀ ਕੁਇੰਟਲ ਦੀ ਐਮ.ਐਸ.ਪੀ. 2389 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 2461 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਹੈ | ਸਭ ਤੋਂ ਵੱਧ ਵਾਧਾ ਸੂਰਜਮੁਖੀ ਦੀ ਐਮ.ਐਸ.ਪੀ. 'ਚ ਕੀਤਾ ਗਿਆ ਹੈ, ਜਿਸ 'ਚ 622 ਰੁਪਏ ਦੇ ਵਾਧੇ ਤੋਂ ਬਾਅਦ ਐਮ.ਐਸ.ਪੀ. 8343 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ | ਕਪਾਹ ਅਤੇ ਰਾਮਤਿਲ ਦੇ ਭਾਅ 'ਚ ਕ੍ਰਮਵਾਰ 557 ਰੁਪਏ ਅਤੇ 515 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕਪਾਹ (ਮਿਡਲ ਸਟੇਪਲ) ਦੀ ਐਮ.ਐਸ.ਪੀ. 8267 ਅਤੇ ਕਪਾਹ (ਲਾਂਗ ਸਟੇਪਲ) ਦੀ ਐਮ.ਐਸ.ਪੀ. 8667 ਰੁਪਏ ਕੀਤੀ ਗਈ ਹੈ, ਜਦਕਿ ਰਾਮਤਿਲ ਦੀ ਐਮ.ਐਸ.ਪੀ. 10,052 ਰੁਪਏ ਨਿਸ਼ਚਿਤ ਕੀਤੀ ਗਈ ਹੈ | ਤਿਲ ਦੀ ਐਮ.ਐਸ.ਪੀ. 'ਚ 500 ਰੁਪਏ, ਅਰਹਰ ਦਾਲ 'ਚ 450 ਰੁਪਏ ਅਤੇ ਉੜਦ ਦਾਲ 'ਚ 400 ਰੁਪਏ, ਸੋਇਆਬੀਨ 'ਚ 380 ਰੁਪਏ ਅਤੇ ਜਵਾਰ 'ਚ 324 ਰੁਪਏ ਦਾ ਵਾਧਾ ਕੀਤਾ ਗਿਆ ਹੈ | ਤਿਲ ਦੀ ਐਮ.ਐਸ.ਪੀ. ਵਾਧੇ ਤੋਂ ਬਾਅਦ 10,346 ਰੁਪਏ ਪ੍ਰਤੀ ਕੁਇੰਟਲ, ਅਰਹਰ ਦਾਲ 8450 ਰੁਪਏ ਪ੍ਰਤੀ ਕੁਇੰਟਲ, ਉੜਦ ਦਾਲ 8200 ਰੁਪਏ ਪ੍ਰਤੀ ਕੁਇੰਟਲ, ਸੋਇਆਬੀਨ 5708 ਰੁਪਏ ਪ੍ਰਤੀ ਕੁਇੰਟਲ ਅਤੇ ਜਵਾਰ (ਹਾਈਬਿ੍ਡ) 4023 ਰੁਪਏ ਪ੍ਰਤੀ ਕੁਇੰਟਲ ਅਤੇ ਜਵਾਰ ਮਾਲਦੰਡੀ 4073 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ | ਰਾਗੀ ਦੀ ਐਮ.ਐਸ.ਪੀ. 'ਚ 319 ਰੁਪਏ, ਮੂੰਗਫਲੀ 'ਚ 254 ਰੁਪਏ ਅਤੇ ਬਾਜਰੇ 'ਚ 125 ਰੁਪਏ ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਰਾਗੀ ਦੀ ਐਮ.ਐਸ.ਪੀ. 5205 ਰੁਪਏ ਪ੍ਰਤੀ ਕੁਇੰਟਲ, ਮੂੰਗਫਲੀ ਦੀ 7517 ਰੁਪਏ ਪ੍ਰਤੀ ਕੁਇੰਟਲ ਅਤੇ ਬਾਜਰੇ ਦੀ 2900 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ | ਸਭ ਤੋਂ ਘੱਟ ਐਮ.ਐਸ.ਪੀ. ਮੂੰਗੀ ਦਾਲ ਅਤੇ ਮੱਕੀ 'ਤੇ ਵਧਾਈ ਗਈ | ਮੂੰਗੀ ਦੀ ਦਾਲ 'ਚ 12 ਰੁਪਏ ਦੇ ਵਾਧੇ ਤੋਂ ਬਾਅਦ ਐਮ.ਐਸ.ਪੀ. 8780 ਰੁਪਏ ਪ੍ਰਤੀ ਕੁਇੰਟਲ ਅਤੇ ਮੱਕੀ 'ਤੇ 10 ਰੁਪਏ ਵਾਧੇ ਤੋਂ ਬਾਅਦ ਐਮ.ਐਸ.ਪੀ. 2410 ਰੁਪਏ ਪ੍ਰਤੀ ਕੁਇੰਟਲ ਹੋ ਗਈ |
824.41 ਲੱਖ ਮੀਟਿ੍ਕ ਟਨ ਝੋਨਾ ਖਰੀਦ ਦਾ ਟੀਚਾ
ਸਰਕਾਰ ਨੇ ਸਾਉਣੀ ਸੀਜ਼ਨ ਲਈ 824.41 ਲੱਖ ਮੀਟਿ੍ਕ ਟਨ ਝੋਨਾ ਖਰੀਦ ਦੀ ਟੀਚਾ ਰੱਖਿਆ ਹੈ, ਜਿਸ ਲਈ ਕਿਸਾਨਾਂ ਨੂੰ ਤਕਰੀਬਨ 2.60 ਲੱਖ ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ |
ਹੁਣ ਕੋਲੇ ਨਾਲ ਬਦਲਵਾਂ ਬਾਲਣ ਬਣਾਉਣ ਦਾ ਰਾਹ ਹੋਵੇਗਾ ਪੱਧਰਾ
ਆਲਮੀ ਹਾਲਾਤ ਦੇ ਮੱਦੇਨਜ਼ਰ ਬਦਲਵਾਂ ਬਾਲਣ ਤਲਾਸ਼ ਰਹੀ ਕੇਂਦਰ ਸਰਕਾਰ ਨੇ ਕੋਲੋੇ ਰਾਹੀਂ ਗੈਸ ਬਣਾਉਣ ਦੀ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਵਿਚਾਰ 'ਤੇ ਪਿਛਲੇ ਤਕਰੀਬਨ ਡੇਢ ਸਾਲ ਤੋਂ ਖੋਜ ਕੀਤੀ ਜਾ ਰਹੀ ਸੀ, ਜਿਸ 'ਤੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਮੋਹਰ ਲੱਗੀ | ਮੰਤਰੀ ਮੰਡਲ ਵਲੋਂ ਇਸ ਯੋਜਨਾ ਲਈ 37,500 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ | ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਹ ਯੋਜਨਾ ਭਾਰਤ ਦੇ ਕੋਲਾ ਅਤੇ ਲਿਗਨਾਈਟ ਗੈਸੀਫੀਕੇਸ਼ਨ ਪ੍ਰੋਗਰਾਮ ਨੂੰ ਤੇਜ਼ ਰਫ਼ਤਾਰ ਦੇਣ ਦੀ ਦਿਸ਼ਾ 'ਚ ਚੁੱਕਿਆ ਵੱਡਾ ਕਦਮ ਹੈ | ਉਨ੍ਹਾਂ ਕਿਹਾ ਕਿ ਭਾਰਤ ਕੋਲ ਕੋਲੇ ਦੇ ਅਥਾਹ ਭੰਡਾਰ ਹਨ, ਜੋ ਕਿ ਤਕਰੀਬਨ 200 ਸਾਲਾਂ ਲਈ ਵਰਤੇ ਜਾ ਸਕਦੇ ਹਨ | ਇਸ ਲਈ ਕੋਲੇ ਨੂੰ ਬਹੁਤ ਤੇਜ਼ ਦਬਾਅ ਅਤੇ ਤੇਜ਼ ਤਾਪਮਾਨ ਨਾਲ ਗੈਸ ਬਣਾਈ ਜਾਵੇਗੀ | ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸਾਲ 2030 ਤੱਕ 100 ਮਿਲੀਅਨ ਟਨ ਕੋਲੇ ਦੇ ਗੈਸੀਫਿਕੇਸ਼ਨ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨਾ, ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਾ, ਐਲ ਐਨ. ਜੀ., ਯੂਰੀਆ, ਅਮੋਨੀਆ ਅਤੇ ਮੈਂਥਨਾਲ ਦੇ ਕੋਲਾ ਤੋਂ ਗੈਸ ਬਣਨ ਦੇ ਅਮਲ 'ਚ ਹੋਰ ਉਤਪਾਦ ਵਜੋਂ ਹਾਸਿਲ ਹੋਣਗੇ, ਜਿਹੇ ਉਤਪਾਦਾਂ ਦੇ ਆਯਾਤ 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ | ਉਨ੍ਹਾਂ ਕਿਹਾ ਕਿ ਇਹ ਗੈਸ ਦੀ ਜ਼ਰੂਰਤ ਅਤੇ ਭੌਂ ਸਿਆਸੀ ਹਾਲਾਤ 'ਚ ਆਤਮ ਨਿਰਭਰ ਬਣਨ ਦੀ ਦਿਸ਼ਾ 'ਚ ਚੁੱਕਿਆ ਕਦਮ ਹੈ |
20667 ਕਰੋੜ ਰੁਪਏ ਦੇ ਸੈਮੀ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ ੂ ਹਰੀ ਝੰਡੀ
ਵੈਸ਼ਨਵ ਨੇ ਕਿਹਾ ਕਿ ਰੇਲ ਮੰਤਰਾਲੇ ਨੇ ਤਕਰੀਬਨ 20,667 ਕਰੋੜ ਰੁਪਏ ਦੀ ਲਾਗਤ ਵਾਲੀ ਅਹਿਮਦਾਬਾਦ (ਸਰਖੇਜ) ਧੋਲਾਂਗ ਸੈਮੀ ਹਾਈ ਸਪੀਡ ਰੇਲ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ | ਇਸ ਪ੍ਰਾਜੈਕਟ 'ਚ ਰੇਲ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ 'ਤੇ ਦੌੜੇਗੀ | ਇਹ ਯੋਜਨਾ ਦੇਸ਼ ਭਰ 'ਚ ਸੈਮੀ ਹਾਈ ਸਪੀਡ ਰੇਲ ਦੇ ਪੜਾਅ ਦੇ ਵਿਸਥਾਰ ਲਈ ਇਕ ਮਾਡਲ ਵਜੋਂ ਕੰਮ ਕਰੇਗੀ | ਹੁਣ ਤੱਕ ਨਮੋ ਭਾਰਤ ਟਰੇਨ ਸਭ ਤੋਂ ਤੇਜ਼ ਗਤੀ ਵਾਲੀ ਤਕਰੀਬਨ 180 ਕਿਲੋਮੀਟਰ ਪ੍ਰਤੀ ਘੰਟਾ ਰੇਲ ਗੱਡੀ ਹੈ |
ਨਾਗਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਧੁਨਿਕੀਕਰਨ ਨੂੰ ਮਨਜ਼ੂਰੀ
ਮੰਤਰੀ ਮੰਡਲ ਦੀ ਬੈਠਕ 'ਚ ਨਾਗਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਧੁਨਿਕੀਕਰਨ ਦੇ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ | ਇਸ ਫ਼ੈਸਲੇ ਤਹਿਤ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੀ ਜ਼ਮੀਨ ਦੀ ਲੀਜ਼ ਦੀ ਮਿਆਦ 6 ਅਗਸਤ, 2039 ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ | ਇਸ ਨੂੰ ਪੀ..ਪੀ. ਪੀ. ਮਾਡਲ ਤਹਿਤ ਅੰਤਰਰਾਸ਼ਟਰੀ ਪੱਧਰ 'ਤੇ ਵਿਕਸਿਤ ਕੀਤਾ ਜਾਵੇਗਾ |
ਝੋਨੇ ਦੇ ਭਾਅ 'ਚ 72 ਰੁਪਏ ਦਾ ਵਾਧਾ 14 ਫ਼ਸਲਾਂ ਲਈ ਵਧਾਈ ਐਮ.ਐਸ.ਪੀ. <br/>
ਅਜੀਤ ਡੈਸਕ
14-05-2026