ਨਵੀਂ ਦਿੱਲੀ, 13 ਮਈ (ਏਜੰਸੀ)-ਕੇਂਦਰ ਨੇ ਬੁੱਧਵਾਰ ਨੂੰ ਸੀ.ਬੀ.ਆਈ. ਮੁਖੀ ਪ੍ਰਵੀਨ ਸੂਦ ਦੇ ਕਾਰਜਕਾਲ 'ਚ ਇਕ ਸਾਲ ਹੋਰ ਵਾਧਾ ਕਰ ਦਿੱਤਾ ਹੈ | ਇਹ ਉਨ੍ਹਾਂ ਦੇ ਅਹੁਦੇ 'ਚ ਦੂਜਾ ਵਾਧਾ ਹੈ | ਪ੍ਰਸੋਨਲ ਮੰਤਰਾਲੇ ਵਲੋਂ ਜਾਰੀ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਚੋਣ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ 24 ਮਈ, 2026 ਤੋਂ ਬਾਅਦ ਇਕ ਸਾਲ ਦੀ ਮਿਆਦ ਲਈ ਸੂਦ ਦੇ ਕਾਰਜਕਾਲ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ | ਸੂਦ ਨੇ 25 ਮਈ, 2023 ਨੂੰ ਦੋ ਸਾਲ ਦੇ ਕਾਰਜਕਾਲ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਸੀ | ਉਨ੍ਹਾਂ ਨੂੰ ਪਿਛਲੇ ਸਾਲ ਇਕ ਸਾਲ ਦਾ ਵਾਧਾ ਦਿੱਤਾ ਗਿਆ ਸੀ | ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਨੂੰ ਵਧਾਉਣ ਦਾ ਫ਼ੈਸਲਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ 'ਚ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਾਮਿਲ ਸਨ |