ਐੱਸ. ਏ. ਐੱਸ. ਨਗਰ, 24 ਅਕਤੂਬਰ (ਕਪਿਲ ਵਧਵਾ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 27 ਅਪ੍ਰੈਲ 2026 ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫਰੇਟ ਕੋਰੀਡੋਰ ਦੀ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ 6 ਦੋਸ਼ੀਆਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਹੈ। ਮੁਹਾਲੀ ਅਦਾਲਤ ਨੇ ਏਜੰਸੀ ਦੀ ਬੇਨਤੀ ’ਤੇ ਜਾਂਚ ਮੁਕੰਮਲ ਕਰਨ ਦੀ ਮਿਆਦ ਨੂੰ ਸਤੰਬਰ ਵਿਚ 90 ਦਿਨ ਤੋਂ ਵਧਾ ਕੇ 150 ਕਰ ਦਿੱਤਾ ਸੀ। ਇਸ ਧਮਾਕੇ ਦੌਰਾਨ ਖ਼ਾਲਿਸਤਾਨ ਕਾਰਕੁਨ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ। ਉਹ ਕਥਿਤ ਤੌਰ ’ਤੇ ਵਿਸਫੋਟਕ ਤਿਆਰ ਕਰ ਰਿਹਾ ਸੀ। ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਸ਼ੁਰੂਆਤੀ ਜਾਂਚ ਦੌਰਾਨ ਮੁੱਖ ਦੋਸ਼ੀਆਂ ਨੂੰ ਜੂਨ ਮਹੀਨੇ ਵਿਚ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਦੋਸ਼ਪੱਤਰ ਵਿਚ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖ਼ਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਦੇ ਨਾਂਅ ਸ਼ਾਮਿਲ ਹਨ। ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ, ਰੇਲਵੇ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਤੋਂ ਬਚਾਉਣ ਸਬੰਧੀ ਐਕਟ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਦੋਸ਼ ਲਾਏ ਗਏ ਹਨ। ਐਨ.ਆਈ.ਏ. ਅਨੁਸਾਰ ਦੋਸ਼ੀ ਅਤੇ ਮ੍ਰਿਤਕ ਜਗਰੂਪ ਸਿੰਘ ਪਾਕਿਸਤਾਨ ਵਿਚ ਬੈਠੇ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜ਼ੈੱਡ.ਐੱਫ.) ਨਾਲ ਜੁੜੇ ਰਣਜੀਤ ਸਿੰਘ ਉਰਫ਼ ਨੀਟਾ ਦੀ ਅਗਵਾਈ ਹੇਠ ਚੱਲ ਰਹੀ ਕਥਿਤ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਸ ਨੈੱਟਵਰਕ ਦਾ ਮਕਸਦ ਪੰਜਾਬ ਵਿਚ ਦਹਿਸ਼ਤ ਫੈਲਾਉਣਾ, ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣਾ ਅਤੇ ਕਾਨੂੰਨ ਵਿਵਸਥਾ ਨੂੰ ਅਸਥਿਰ ਕਰਨਾ ਸੀ। ਏਜੰਸੀ ਮੁਤਾਬਿਕ ਇਹ ਗਰੋਹ ਹਥਿਆਰਾਂ, ਗੋਲਾ-ਬਾਰੂਦ ਅਤੇ ਵਿਸਫੋਟਾਂ ਦੀ ਨਾਜਾਇਜ਼ ਖ਼ਰੀਦ ਅਤੇ ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠੇ ਕਰਨ ਵਿਚ ਵੀ ਸ਼ਾਮਿਲ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨ.ਆਈ.ਏ. ਵਲੋਂ 6 ਖ਼ਿਲਾਫ਼ ਦੋਸ਼ਪੱਤਰ ਦਾਖ਼ਲ
ਐੱਸ. ਏ. ਐੱਸ. ਨਗਰ, 24 ਅਕਤੂਬਰ (ਕਪਿਲ ਵਧਵਾ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 27 ਅਪ੍ਰੈਲ 2026 ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫਰੇਟ ਕੋਰੀਡੋਰ ਦੀ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ...
ਅਜੀਤ ਡੈਸਕ
25-10-2026