ਕੇਸ ਦਰਜ ਕਰਨ ਲਈ ਦਬਾਅ ਪ੍ਰੰਤੂ ਸਰਕਾਰ ਦੁਚਿੱਤੀ 'ਚ
ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਮਈਪੰਜਾਬ 'ਚ ਸਥਾਨਕ ਸਰਕਾਰਾਂ ਚੋਣਾਂ ਲਈ ਪਈਆਂ ਵੋਟਾਂ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ 1-2 ਥਾਵਾਂ 'ਤੇ ਪੁਲਿਸ ਅਧਿਕਾਰੀਆਂ ਨਾਲ ਟਕਰਾਅ ਹੋਇਆ ਅਤੇ ਉਨ੍ਹਾਂ ਵਲੋਂ ਅਧਿਕਾਰੀਆਂ ਨਾਲ ਜੋ ਸ਼ਬਦਾਵਲੀ ਵਰਤੀ ਗਈ ਅਤੇ ਦੋਸ਼ ਅਧਿਕਾਰੀਆਂ 'ਤੇ ਹੱਥ ਉਠਾਉਣ ਤੱਕ ਵੀ ਲੱਗ ਰਹੇ ਹਨ, ਨੂੰ ਲੈ ਕੇ ਰਾਜ ਸਰਕਾਰ ਕਸੂਤੀ ਸਥਿਤੀ ਵਿਚ ਫਸੀ ਹੋਈ ਹੈ, ਕਿਉਂਕਿ ਕੇਂਦਰੀ ਮੰਤਰੀ ਬਿੱਟੂ ਦੇ ਰਵੱਈਏ ਅਤੇ ਉਨ੍ਹਾਂ ਵਲੋਂ ਕਥਿਤ ਤੌਰ 'ਤੇ ਵਰਤੇ ਗਏ ਜਾਤੀ ਸੂਚਕ ਸ਼ਬਦਾਂ ਸੰਬੰਧੀ ਸਰਕਾਰ ਵਲੋਂ ਪੁਲਿਸ ਕੇਸ ਦਰਜ ਕਰਨ ਲਈ ਮੰਗ ਉਠ ਰਹੀ ਹੈ | ਇਕ ਕੇਂਦਰੀ ਮੰਤਰੀ ਵਿਰੁੱਧ ਪੁਲਿਸ ਵਲੋਂ ਕੇਸ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋ ਸਕਦਾ ਜਦੋਂ ਕਿ ਰਾਜ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਦੇ ਕੋਲ ਹੈ | ਸਰਕਾਰੀ ਹਲਕਿਆਂ ਵਿਚ ਅੱਜ ਇਹ ਚਰਚਾ ਸੀ ਕਿ ਅਜਿਹੇ ਮਾਮਲੇ ਵਿਚ ਸਰਕਾਰ ਕਾਨੂੰਨੀ ਰਾਏ ਲੈਣ ਤੋਂ ਬਾਅਦ ਹੀ ਅੱਗੇ ਵਧ ਸਕਦੀ ਹੈ ਅਤੇ ਅਜਿਹਾ ਫ਼ੈਸਲਾ ਵੀ ਸਿਆਸੀ ਪੱਧਰ 'ਤੇ ਹੀ ਲਿਆ ਜਾ ਸਕਦਾ ਹੈ ਕਿ ਜੇਕਰ ਸਰਕਾਰ ਇਸ ਮੁੱਦੇ 'ਤੇ ਖ਼ਾਮੋਸ਼ ਰਹਿ ਜਾਂਦੀ ਹੈ ਤਾਂ ਪ੍ਰਭਾਵ ਇਹ ਜਾਵੇਗਾ ਕਿ ਸਰਕਾਰ ਕਾਰਵਾਈ ਕਰਨ ਤੋਂ ਡਰ ਰਹੀ ਹੈ | ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਵੀ ਕੇਂਦਰੀ ਜਾਂਚ ਏਜੰਸੀ ਦੀ ਹੋਈ ਕਾਰਵਾਈ ਸੰਬੰਧੀ ਸਰਕਾਰ ਜਿਵੇਂ ਅਧਿਕਾਰ ਖੇਤਰ ਦੇ ਮੁੱਦੇ 'ਤੇ ਕੋਈ ਵਿਰੋਧ ਨਾ ਕਰਦਿਆਂ ਖ਼ਾਮੋਸ਼ ਨਜ਼ਰ ਆਈ ਉਸ ਨੂੰ ਲੈ ਕੇ ਪੁਲਿਸ ਤੇ ਸਿਵਲ ਅਧਿਕਾਰੀਆਂ ਵਿਚ ਵੀ ਨਿਰਾਸ਼ਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਜ ਸਰਕਾਰ ਨੂੰ ਆਪਣੇ ਅਧਿਕਾਰ ਖੇਤਰ ਵਿਚ ਦਖ਼ਲ ਦੇ ਮੁੱਦੇ 'ਤੇ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਸੀ | ਰਵਨੀਤ ਸਿੰਘ ਬਿੱਟੂ ਜਿਨ੍ਹਾਂ ਸੰਬੰਧੀ ਚਰਚਾ ਹੈ ਕਿ ਭਾਜਪਾ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਚਿਹਰਾ ਬਣਾਉਣ ਵਲ ਅੱਗੇ ਵਧ ਰਹੀ ਹੈ, ਕਿਉਂਕਿ ਭਾਜਪਾ ਵੀ ਚੋਣਾਂ ਲਈ ਅਗਵਾਈ ਇਕ ਸਿੱਖ ਨੂੰ ਹੀ ਦੇਣਾ ਚਾਹੁੰਦੀ ਹੈ | ਸ਼ਾਇਦ ਇਸੇ ਕਾਰਨ ਰਵਨੀਤ ਸਿੰਘ ਬਿੱਟੂ ਮਗਰਲੇ ਕੁੱਝ ਸਮੇਂ ਤੋਂ ਕਾਫ਼ੀ ਸਰਗਰਮ ਹਨ ਅਤੇ ਭਾਰਤ ਸਰਕਾਰ ਵਲੋਂ ਪੰਜਾਬ ਸੰਬੰਧੀ ਹੋਣ ਵਾਲੇ ਫ਼ੈਸਲਿਆਂ ਅਤੇ ਕੰਮਾਂ ਦੇ ਐਲਾਨ ਵੀ ਬਿੱਟੂ ਰਾਹੀ ਹੀ ਕਰਵਾਏ ਜਾ ਰਹੇ ਹਨ | ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਅਜੇ ਸਪੱਸ਼ਟ ਨਹੀਂ ਕਿ ਪਾਰਟੀ ਹਾਈਕਮਾਨ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਲਈ ਦੁਬਾਰਾ ਨਾਮਜ਼ਦ ਕੀਤਾ ਜਾ ਰਿਹਾ ਹੈ ਜਾਂ ਨਹੀਂ ਲੇਕਿਨ ਬਿੱਟੂ ਆਪਣੀ ਰਾਜ ਸਭਾ ਦੀ ਮੌਜੂਦਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਛੇ ਮਹੀਨੇ ਤੱਕ ਕੇਂਦਰੀ ਮੰਤਰੀ ਬਣੇ ਰਹਿ ਸਕਦੇ ਹਨ | ਸੰਵਿਧਾਨ ਅਨੁਸਾਰ ਕੋਈ ਵੀ ਵਿਅਕਤੀ ਵਿਧਾਇਕ ਜਾਂ ਸਾਂਸਦ ਦੇ ਅਹੁਦੇ ਤੋਂ ਬਿਨਾਂ ਵੀ ਛੇ ਮਹੀਨੇ ਲਈ ਮੰਤਰੀ ਦੇ ਅਹੁਦੇ 'ਤੇ ਬਣਿਆ ਰਹਿ ਸਕਦਾ ਹੈ | ਲੇਕਿਨ ਪੰਜਾਬ ਸਰਕਾਰ ਰਵਨੀਤ ਸਿੰਘ ਬਿੱਟੂ ਵਿਰੁੱਧ ਉਨ੍ਹਾਂ ਦੀ ਸ਼ਬਦਾਵਲੀ ਅਤੇ ਰਵੱਈਏ ਸੰਬੰਧੀ ਕੋਈ ਕਾਨੂੰਨੀ ਕਾਰਵਾਈ ਲਈ ਅੱਗੇ ਵਧੇਗੀ ਜਾਂ ਨਹੀਂ ਇਹ ਆਉਂਦੇ ਦਿਨਾਂ ਦੌਰਾਨ ਸਪੱਸ਼ਟ ਹੋ ਸਕੇਗਾ |
ਸਥਾਨਕ ਸਰਕਾਰਾਂ ਦੀਆਂ ਵੋਟਾਂ ਦੌਰਾਨ ਕੇਂਦਰੀ ਮੰਤਰੀ ਬਿੱਟੂ ਦੇ ਪੁਲਿਸ ਟਕਰਾਅ ਦਾ ਮੁੱਦਾ ਭਖਿਆ
ਅਜੀਤ ਡੈਸਕ
28-05-2026