ਅੰਮਿ੍ਤਸਰ, 1 ਜੂਨ (ਜਸਵੰਤ ਸਿੰਘ ਜੱਸ)-ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ ਅਕਾਲੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਦੀ ਸਥਾਨਕ ਗਰੀਨ ਐਵੀਨਿਊ ਸਥਿਤ ਰਿਹਾਇਸ਼ 'ਤੇ ਅੱਜ ਸਵੇਰੇ ਪੁਲਿਸ ਵਲੋਂ ਵੱਡੀ ਛਾਪੇਮਾਰੀ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪੁਲਿਸ ਥਾਣਾ ਮਜੀਠਾ ਵਿਖੇ ਦਰਜ ਐੱਫ. ਆਈ. ਆਰ. ਨੰਬਰ 91 ਦੇ ਸੰਬੰਧ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿਚ ਪੁਲਿਸ ਦੀਆਂ ਕਈ ਟੀਮਾਂ ਸਵੱਖਤੇ ਹੀ ਮਜੀਠੀਆ ਪਰਿਵਾਰ ਦੀ ਰਿਹਾਇਸ਼ ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਗਿ੍ਫ਼ਤਾਰ ਕਰਨ ਲਈ ਪੁੱਜੀਆਂ ਅਤੇ ਉਨ੍ਹਾਂ ਦੀ ਕੋਠੀ ਵੱਲ ਜਾਂਦੇ ਸਾਰੇ ਰਸਤਿਆਂ ਦੀ ਸਖ਼ਤ ਨਾਕਾਬੰਦੀ ਕਰਕੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ | ਇਕ ਤਰ੍ਹਾਂ ਇਹ ਇਲਾਕਾ ਕਈ ਘੰਟੇ ਪੁਲਿਸ ਛਾਉਣੀ ਵਿਚ ਤਬਦੀਲ ਰਿਹਾ | ਜਾਣਕਾਰੀ ਅਨੁਸਾਰ ਜਦੋਂ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਤਾਂ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੀ ਪਤਨੀ ਘਰ ਵਿਚ ਮੌਜੂਦ ਨਹੀਂ ਸਨ | ਬਾਅਦ ਵਿਚ ਮੌਕੇ 'ਤੇ ਪੁੱਜੇ ਸੀਨੀਅਰ ਅਕਾਲੀ ਆਗੂ, ਸ਼ੋ੍ਰਮਣੀ ਕਮੇਟੀ ਮੈਂਬਰ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਰੰਜਿਸ਼ ਤਹਿਤ ਸ. ਮਜੀਠੀਆ ਖ਼ਿਲਾਫ਼ ਚੱਲ ਰਿਹਾ ਤੇ ਉਸ ਨੇ ਪਹਿਲਾਂ ਵੀ ਇਨ੍ਹਾਂ ਨੂੰ ਜੇਲ੍ਹ ਅੰਦਰ ਭੇਜਿਆ ਸੀ ਹੁਣ ਵੀ ਮਜੀਠਾ ਹਲਕੇ ਵਿਚ ਚੋਣਾਂ ਦੌਰਾਨ ਕਥਿਤ ਧੱਕੇਸ਼ਾਹੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਅਕਾਲੀ ਉਮੀਦਵਾਰ ਜਿੱਤੇ ਹਨ, ਜਿਸ ਕਾਰਨ ਸਰਕਾਰ ਤੇ 'ਆਪ' ਪਾਰਟੀ ਮਜੀਠੀਆ ਦੇ ਖ਼ਿਲਾਫ਼ ਰੰਜਿਸ਼ ਤਹਿਤ ਬੀਤੇ ਦਿਨ ਇਕ ਸਿੱਖ ਨੌਜਵਾਨ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਵਲੋਂ ਬਿਨਾਂ ਪਰਚਾ ਕੀਤੇ ਗ਼ੈਰ ਕਾਨੂੰਨੀ ਹਿਰਾਸਤ ਵਿਚ ਰੱਖੇ ਜਾਣ ਦੇ ਮਾਮਲੇ ਵਿਚ ਥਾਣੇ ਸਾਹਮਣੇ ਲੋਕਾਂ ਨਾਲ ਦਿੱਤੇ ਰੋਸ ਧਰਨੇ ਦੇ ਬਹਾਨੇ ਉਨ੍ਹਾਂ ਦੇ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਵਿਚ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਿਸੇ ਕੇਸ ਵਿਚ ਛਾਪੇਮਾਰੀ ਜਾਂ ਪੁੱਛਗਿੱਛ ਕਰਨੀ ਸੀ ਤਾਂ ਉਸ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ | ਉਨ੍ਹਾਂ ਕਿਹਾ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਨੂੰ ਛਾਪੇਮਾਰੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕੇਵਲ ਇੰਨਾ ਹੀ ਦੱਸਿਆ ਕਿ 91 ਨੰਬਰ ਐੱਫ. ਆਈ. ਆਰ. ਦਰਜ ਕੀਤੀ ਹੈ, ਪਰ ਸੈਕਸ਼ਨ ਤਹਿਤ ਤੇ ਕਿਸ ਕਿਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੈ, ਇਸ ਬਾਰੇ ਨਹੀਂ ਦੱਸਿਆ |
ਬਿਕਰਮ ਸਿੰਘ ਮਜੀਠੀਆ ਦੀ ਅੰਮਿ੍ਤਸਰ ਸਥਿਤ ਰਿਹਾਇਸ਼ 'ਤੇ ਪੁਲਿਸ ਵਲੋਂ ਛਾਪੇਮਾਰੀ <br/>
ਅਜੀਤ ਡੈਸਕ
02-06-2026