ਮੱਖੂ (ਫ਼ਿਰੋਜ਼ਪੁਰ), 1 ਜੂਨ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ 'ਚ ਇਕ ਕਰਿਆਨਾ ਸਟੋਰ ਦੇ ਮਾਲਕ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਕਰਿਆਨਾ ਸਟੋਰ ਦੇ ਮਾਲਕ ਗੁਰਚਰਨ ਸਿੰਘ ਕਾਲਾ ਗਾਬਾ (ਕਰੀਬ 45 ਸਾਲ) ਸਪੁੱਤਰ ਕੁਲਵੰਤ ਸਿੰਘ ਗਾਬਾ ਦੇ ਅਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਤੇ ਬਾਅਦ 'ਚ ਉਸ ਦੀ ਮੋਗਾ ਮੈਡੀਸਿਟੀ ਹਸਪਤਾਲ 'ਚ ਮੌਤ ਹੋ ਗਈ | ਦੁਕਾਨ 'ਤੇ ਕੰਮ ਕਰਨ ਵਾਲੇ ਵਰਕਰ ਨੇ ਦੱਸਿਆ ਕਿ ਇਹ ਹਮਲਾਵਰ ਪਹਿਲਾਂ ਦੁਕਾਨ 'ਤੇ ਕੋਲਡ ਡਰਿੰਕ ਲੈਣ ਦੇ ਬਹਾਨੇ ਆਏ ਤੇ ਬਾਅਦ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਕਾਲਾ ਗਾਬਾ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ | ਘਟਨਾ ਦੀ ਖ਼ਬਰ ਸੁਣਦਿਆਂ ਪੂਰੇ ਮੱਖੂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸ਼ਹਿਰ ਵਾਸੀ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਾਂਤਮਈ ਤਰੀਕੇ ਨਾਲ ਧਰਨੇ 'ਤੇ ਬੈਠ ਗਏ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਮੌਕੇ 'ਤੇ ਪਹੁੰਚੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਜ਼ੀਰਾ ਅਤੇ ਸ਼੍ਰੋਮਣੀ ਅਕਾਲੀ ਦਲ ਜ਼ੀਰਾ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਵੀ ਧਰਨੇ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ |
ਪੁਲਿਸ ਦੇ ਹੱਥ ਲੱਗੇ ਅਹਿਮ ਸੁਰਾਗ-ਐੱਸ.ਐੱਸ.ਪੀ.
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)-ਕਸਬਾ ਮੱਖੂ 'ਚ ਅੱਜ ਦਿਨ-ਦਿਹਾੜੇ ਇਕ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ | ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਤਫ਼ਤੀਸ਼ ਤੇਜ਼ ਕਰ ਦਿੱਤੀ ਹੈ | ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਨਾ ਤਾਂ ਫਿਰੌਤੀ ਨਾਲ ਜੁੜਿਆ ਕੋਈ ਮਾਮਲਾ ਸਾਹਮਣੇ ਆਇਆ ਹੈ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਵਲੋਂ ਕਿਸੇ ਨਿੱਜੀ ਜਾਂ ਪੁਰਾਣੀ ਰੰਜਿਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤੇ ਵਾਰਦਾਤ 'ਚ ਸ਼ਾਮਿਲ ਦੋਸ਼ੀਆਂ ਦੀ ਪਛਾਣ ਕਰਨ ਲਈ ਅਹਿਮ ਸੁਰਾਗ ਮਿਲੇ ਹਨ | ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਐੱਸ.ਐੱਸ.ਪੀ. ਨੇ ਭਰੋਸਾ ਦਿਵਾਇਆ ਕਿ ਪੁਲਿਸ ਇਸ ਕਤਲ ਕਾਂਡ ਨੂੰ ਜਲਦ ਟਰੇਸ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਵੇਗੀ |
ਮੱਖੂ 'ਚ ਕਰਿਆਨਾ ਸਟੋਰ ਦੇ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ <br/>
ਅਜੀਤ ਡੈਸਕ
02-06-2026