ਚੰਡੀਗੜ੍ਹ, 1 ਜੂਨ (ਪ੍ਰੋ. ਅਵਤਾਰ ਸਿੰਘ)-ਅੱਜ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪੇ ਗਏ, ਜਿਸ ਵਿਚ ਉਹ ਮੁੱਦੇ ਉਠਾਏ ਗਏ ਹਨ, ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੀ ਮਾਨਸਿਕਤਾ ਨੂੰ ਜ਼ਖ਼ਮੀ, ਆਰਥਿਕਤਾ ਨੂੰ ਕਮਜ਼ੋਰ ਕਰਕੇ ਪੰਥ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਵਿਸ਼ਵਾਸ ਤੋੜਿਆ ਹੈ | ਇਨ੍ਹਾਂ ਮੁੱਦਿਆਂ 'ਚ ਜਲਦਬਾਜ਼ੀ ਵਿਚ ਪਾਸ ਕੀਤਾ ਖ਼ਾਮੀਆਂ ਭਰਿਆ ਬੇਅਦਬੀ ਕਾਨੂੰਨ, 14 ਸਾਲਾਂ ਤੋਂ ਨਾ ਹੋਈਆਂ ਸ਼ੋ੍ਰਮਣੀ ਕਮੇਟੀ ਚੋਣਾਂ ਕਰਵਾਉਣ ਬਾਰੇ, ਕਿਸਾਨਾਂ-ਮਜ਼ਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਬਾਰੇ, ਸੱਠ ਸਾਲਾਂ ਤੋਂ ਬਿਨਾਂ ਮੁਆਵਜ਼ੇ ਤੋਂ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਦਰਿਆਈ ਪਾਣੀਆਂ, ਸਜ਼ਾ ਕੱਟ ਚੱੁਕੇ ਬੰਦੀ ਸਿੰਘ ਜਿਹੜੇ ਅਜੇ ਵੀ ਜੇਲ੍ਹਾਂ 'ਚ ਹਨ ਅਤੇ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਬਾਰੇ ਵਿਸਥਾਰਤ ਮੰਗਾਂ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ 1984 ਦੇ ਘੱਲੂਘਾਰੇ ਅਤੇ 2015 ਦੀਆਂ ਬੇਅਦਬੀਆਂ ਦਾ ਇਨਸਾਫ਼ ਦਿੱਤਾ ਜਾਵੇ | ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਸਮਰਥਨ ਮੁੱਲ ਦੀ ਗਰੰਟੀ ਨਾਲ ਫਸਲੀ ਵਿਭਿੰਨਤਾ ਲਿਆਂਦੀ ਜਾਵੇ | 60 ਸਾਲਾਂ ਤੋਂ ਗ਼ੈਰ-ਰਿਪੇਰੀਅਨ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇ ਤੇ ਉਹ ਸਾਰੇ ਸਿੱਖ ਕੈਦੀ ਰਿਹਾਅ ਕੀਤੇ ਜਾਣ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ | ਇਹ ਕੋਈ ਨਵੀਆਂ ਮੰਗਾਂ ਨਹੀਂ ਹਨ | ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਨੇ ਕਿਹਾ ਕਿ ਅਸੀਂ ਰਾਜਪਾਲ ਤੋਂ ਉਮੀਦ ਕਰਦੇ ਹਾਂ ਕਿ ਉਹ ਇਹ ਚਾਰਟਰ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲੇ ਤੱਕ ਹਮਦਰਦੀ ਨਾਲ ਪਹੁੰਚਾਉਣਗੇ | ਅੱਜ ਜਿਨ੍ਹਾਂ ਜ਼ਿਲਿ੍ਹਆਂ 'ਚ ਮੰਗ ਪੱਤਰ ਦਿੱਤੇ ਗਏ ਉਨ੍ਹਾਂ 'ਚ ਮੁਹਾਲੀ ਅਤੇ ਪਟਿਆਲਾ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ, ਸੰਗਰੂਰ ਵਿਖੇ ਪਰਮਿੰਦਰ ਸਿੰਘ ਢੀਂਡਸਾ, ਮਲੇਰਕੋਟਲਾ ਵਿਖੇ ਇਕਬਾਲ ਸਿੰਘ ਝੂੰਦਾਂ, ਬਰਨਾਲਾ ਵਿਖੇ ਗੋਬਿੰਦ ਸਿੰਘ ਲੌਂਗੋਵਾਲ, ਬਠਿੰਡਾ ਵਿਖੇ ਭੋਲਾ ਸਿੰਘ ਗਿੱਲਪੱਤੀ, ਫਰੀਦਕੋਟ ਵਿਖੇ ਅਮਰਿੰਦਰ ਸਿੰਘ, ਮੁਕਤਸਰ ਸਾਹਿਬ ਵਿਖੇ ਰਾਜਾ ਸਿੰਘ, ਫਿਰੋਜ਼ਪੁਰ ਵਿਖੇ ਡਾ. ਮੁਖਤਿਆਰ ਸਿੰਘ, ਫਾਜ਼ਿਲਕਾ ਵਿਖੇ ਗੁਰਲਾਲ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ 'ਚ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਮੋਗਾ ਅਤੇ ਮਾਨਸਾ ਵੀ ਸ਼ਾਮਿਲ ਹਨ | ਬਾਕੀ ਰਹਿੰਦੇ ਜ਼ਿਲਿ੍ਹਆਂ 'ਚ ਮੰਗ ਪੱਤਰ 2 ਜੂਨ ਨੂੰ ਦਿੱਤੇ ਜਾਣਗੇ |
ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਪੰਥ ਤੇ ਪੰਜਾਬ ਦੀਆਂ ਮੰਗਾਂ ਲਈ ਸੰਘਰਸ਼ ਦਾ ਆਗਾਜ਼ <br/>
ਅਜੀਤ ਡੈਸਕ
02-06-2026