ਟਾਂਗਰਾ/ਜੰਡਿਆਲਾ ਗੁਰੂ, 1 ਜੂਨ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਨੇੜੇ ਇਕ ਸਰਕਾਰੀ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਤਲਵੰਡੀ ਨੇੜੇ ਮਾਲੋਵਾਲ ਵਜੋਂ ਹੋਈ ਹੈ | ਪਰਿਵਾਰਕ ਮੈਂਬਰਾਂ ਅਨੁਸਾਰ ਜਗਦੀਸ਼ ਸਿੰਘ ਸਰਕਾਰੀ ਸਕੂਲ ਗਹਿਰੀ ਮੰਡੀ ਵਿਚ ਅਧਿਆਪਕ ਵਜੋਂ ਤਾਇਨਾਤ ਸੀ | ਉਹ ਆਪਣੀ ਬੇਟੀ ਨੂੰ ਜੰਡਿਆਲਾ ਗੁਰੂ 'ਚ ਟਿਊਸ਼ਨ 'ਤੇ ਛੱਡ ਕੇ ਵਾਪਸ ਘਰ ਆ ਰਿਹਾ ਸੀ ਤਾਂ ਨਾਰਾਇਣਗੜ੍ਹ ਤੋਂ ਰਾਣਾ ਕਾਲਾ ਜਾਣ ਵਾਲੀ ਡਰੇਨ ਕੋਲ ਸੜਕ 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ | ਦਾਤਰਾਂ ਨਾਲ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਹਮਲੇ ਕੀਤੇ | ਘਟਨਾ ਤੋਂ ਬਾਅਦ ਅਧਿਆਪਕ ਦੀ ਲਾਸ਼ ਸੜਕ 'ਤੇ ਪਈ ਮਿਲੀ | ਮੌਕੇ ਤੋਂ ਕੁਝ ਚੱਪਲਾਂ ਅਤੇ ਮੋਟਰਸਾਈਕਲ ਦੀ ਟੁੱਟੀ ਪਲਾਸਟਿਕ ਵੀ ਮਿਲੀ ਹੈ | ਡੀ. ਐੱਸ. ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾ ਕੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ |
ਅੰਮਿ੍ਤਸਰ 'ਚ ਸਰਕਾਰੀ ਅਧਿਆਪਕ ਦਾ ਕਤਲ <br/>
ਅਜੀਤ ਡੈਸਕ
02-06-2026