05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜਥੇਦਾਰ ਵਲੋਂ ਕੌਮ ਨੂੰ ਸੰਬੋਧਨ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਥੇਦਾਰ ਗੜਗੱਜ ਨੇ ਕੌਮ ਦੇ ਨਾਂਅ ਪਹਿਲੀ ਵਾਰ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਦੋਂ ਦੁਨੀਆ ਦੀ ਵੱਡੀ ਤਾਕਤ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ 'ਤੇ ਫੌਜਾਂ, ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਤਾਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਸ਼ੁਬੇਗ ਸਿੰਘ, ਬਾਬਾ ਠਾਹਰਾ ਸਿੰਘ ਨੇ ਆਪਣੇ ਸਾਥੀ ਸਿੰਘਾਂ ਸਮੇਤ ਅਜਿਹਾ ਮੁਕਾਬਲਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਜੋ ਰਹਿੰਦੀ ਦੁਨੀਆ ਤੱਕ ਮਿਸਾਲੀ ਇਤਿਹਾਸ ਰਹੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ, ਬੀਬੀਆਂ ਅਤੇ ਭੁਝੰਗੀਆਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਇਹ ਸ਼ਹਾਦਤਾਂ ਸਿੱਖ ਹੱਕਾਂ, ਅਣਖ ਅਤੇ ਗੈਰਤ ਲਈ ਹੋਈਆਂ | ਉਨ੍ਹਾਂ ਕਿਹਾ ਕਿ ਸਿੱਖਾਂ ਨੇ 1984 ਤੋਂ ਪਹਿਲਾਂ ਵੀ ਦੋ ਘੱਲੂਘਾਰੇ ਝੱਲੇ, ਪ੍ਰੰਤੂ ਇਹ ਤੀਜਾ ਘੱਲੂਘਾਰਾ ਆਪਣੇ ਹੀ ਮੁਲਕ ਅੰਦਰ ਲੋਕਤੰਤਰ ਦੇ ਰਾਜ ਅਧੀਨ ਕੀਤਾ ਗਿਆ, ਪਰ ਇਸ ਦੇ ਬਾਵਜੂਦ ਸਿੱਖ ਅੱਜ ਚੜ੍ਹਦੀ ਕਲਾ ਨਾਲ ਪੂਰੀ ਦੁਨੀਆ ਅੰਦਰ ਵਸ ਰਹੇ ਹਨ | ਉਨ੍ਹਾਂ ਘੱਲੂਘਾਰੇ ਦੌਰਾਨ ਸ਼ਹੀਦ ਹੋਣ ਵਾਲੀਆਂ ਸਿੱਖ ਬੱਚੀਆਂ ਸਤਨਾਮ ਕੌਰ, ਵਾਹਿਗੁਰੂ ਕੌਰ ਅਤੇ ਬੀਬੀ ਉਪਕਾਰ ਕੌਰ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ | ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਇਸ ਮੁਲਕ ਅੰਦਰ ਦੋ ਨੰਬਰ ਦੇ ਨਹੀਂ, ਬਰਾਬਰ ਦੇ ਸ਼ਹਿਰੀ ਹਨ, ਪ੍ਰੰਤੂ ਮੁਲਕ ਅੰਦਰ ਸਿੱਖ ਪਛਾਣ, ਕਕਾਰਾਂ ਅਤੇ ਦਸਤਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਵਾਰ-ਵਾਰ ਨੀਤੀਆਂ ਘੜੀਆਂ ਜਾ ਰਹੀਆਂ ਹਨ | ਹਿਮਾਚਲ ਪ੍ਰਦੇਸ਼ ਵਿਚ ਕੁਝ ਦਿਨਾਂ ਲਈ ਘੁੰਮਣ ਗਏ ਸਿੱਖ ਦੀ ਦਸਤਾਰ ਤੇ ਦਾਹੜੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ | ਜਥੇਦਾਰ ਗੜਗੱਜ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵਿਸ਼ਵ ਪੱਧਰ 'ਤੇ ਸਿੱਖਾਂ ਵਿਰੁੱਧ ਸਾਜਿਸ਼ ਤਹਿਤ ਬਹਾਨੇ ਬਣਾ ਕੇ ਉਨ੍ਹਾਂ ਦੀ ਵਿਲੱਖਣ ਪਛਾਣ ਅਤੇ ਕਕਾਰਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਤੋਂ ਸਮੂਹ ਸਿੱਖ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ | ਉਨ੍ਹਾਂ ਵਿਦੇਸ਼ੀ ਧਰਤੀਆਂ 'ਤੇ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ, ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦਾ ਹੋਮਲੈਂਡ ਪੰਜਾਬ ਸਾਡਾ ਮੂਲ ਹਨ, ਇਸ ਲਈ ਪੰਜਾਬ ਨੂੰ ਪੱਕੇ ਤੌਰ 'ਤੇ ਨਾ ਛੱਡੀਏ ਅਤੇ ਆਪਣੀਆਂ ਪੰਜਾਬ ਦੀਆਂ ਜ਼ਮੀਨਾਂ ਵੀ ਨਾ ਵੇਚੀਏ ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਇਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿ੍ਹਆ ਹੈ | ਸਤਿਕਾਰ ਸੋਧ ਐਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੀ ਹਾਕਮ ਧਿਰ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਕਾਨੂੰਨ ਨੂੰ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਸਾਡੇ 'ਤੇ ਠੋਸਣਾ ਚਾਹੁੰਦੀ ਹੈ ਤੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਆਪਣੇ ਕਾਬੂ ਵਿਚ ਕਰਨਾ ਚਾਹੁੰਦੀ ਹੈ ਪ੍ਰੰਤੂ ਸਿੱਖ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਮਸਲਾ ਤਾਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦਾ ਸੀ, ਪ੍ਰੰਤੂ ਸਰਕਾਰ ਵਲੋਂ ਕਾਨੂੰਨ ਹੀ ਸਿੱਖਾਂ ਵਿਰੁੱਧ ਘੜ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਗਿ੍ਫ਼ਤਾਰ ਕਰਕੇ ਪੰਜਾਬ ਕਿਉਂ ਨਹੀਂ ਲਿਆਂਦਾ ਗਿਆ ਅਤੇ 2017 ਮੌੜ ਬੰਬ ਧਮਾਕੇ ਦੇ ਦੋਸ਼ੀ ਕਿਥੇ ਹਨ ਅਤੇ ਇਸ ਘਟਨਾ ਦੇ ਪੀੜਤ ਪਰਿਵਾਰਾਂ ਲਈ ਇਨਸਾਫ਼ ਕਿੱਥੇ ਹੈ? ਜਥੇਦਾਰ ਨੇ ਇਸ ਮੌਕੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੇੜਾ ਆਦਿ ਬੰਦੀ ਸਿੰਘਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇਕਜੱੁਟ ਹੋਣ ਦੀ ਤਾਕੀਦ ਕੀਤੀ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ | ਭਾਈ ਪ੍ਰੇਮ ਸਿੰਘ ਵਲੋਂ ਅਰਦਾਸ ਕੀਤੇ ਜਾਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵਲੋਂ ਹੁਕਮਨਾਮਾ ਸਰਵਣ ਕਰਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ਖ਼ਮੀ ਪਾਵਨ ਸਰੂਪ ਦੇ ਦਰਸ਼ਨ ਅਗਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਨੇ ਟਕਸਾਲ ਮੁਖੀ ਦੀ ਕੀਤੀ ਨੁਕਤਾਚੀਨੀ
Ad Position 24