ਅਬੋਹਰ ਨਗਰ ਨਿਗਮ ’ਚ ਨਵੀਂ ਟੀਮ ਨੇ ਸੰਭਾਲਿਆ ਅਹੁਦਾ
ਮੇਅਰ ਪੂਜਾ ਵਧਵਾ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਦਾ ਦਿੱਤਾ ਭਰੋਸਾ
ਅਬੋਹਰ, 24 ਜੁਲਾਈ (ਵਿਵੇਕ ਹੂੜੀਆ)-ਨਗਰ ਨਿਗਮ ਅਬੋਹਰ ਵਿਚ ਨਵੀਂ ਟੀਮ ਨੇ ਅਧਿਕਾਰਤ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਧਾਇਕ ਸੰਦੀਪ ਜਾਖੜ ਦੀ ਮੌਜੂਦਗੀ ’ਚ ਨਵ-ਨਿਯੁਕਤ ਮੇਅਰ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਧਰਮਵੀਰ ਮਲਕਟ ਅਤੇ ਡਿਪਟੀ ਮੇਅਰ ਦੀਪਕ ਛਾਪੋਲਾ ਨੇ ਆਪਣਾ ਕਾਰਜ ਭਾਰ ਗ੍ਰਹਿਣ ਕੀਤਾ।
ਅਬੋਹਰ, 24 ਜੁਲਾਈ (ਵਿਵੇਕ ਹੂੜੀਆ)-ਨਗਰ ਨਿਗਮ ਅਬੋਹਰ ਵਿਚ ਨਵੀਂ ਟੀਮ ਨੇ ਅਧਿਕਾਰਤ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਧਾਇਕ ਸੰਦੀਪ ਜਾਖੜ ਦੀ ਮੌਜੂਦਗੀ ’ਚ ਨਵ-ਨਿਯੁਕਤ ਮੇਅਰ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਧਰਮਵੀਰ ਮਲਕਟ ਅਤੇ ਡਿਪਟੀ ਮੇਅਰ ਦੀਪਕ ਛਾਪੋਲਾ ਨੇ ਆਪਣਾ ਕਾਰਜ ਭਾਰ ਗ੍ਰਹਿਣ ਕੀਤਾ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ। ਜਾਖੜ ਨੇ ਦੱਸਿਆ ਕਿ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਿਸ਼ੇਸ਼ ਫ਼ੰਡ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਤਾਂ ਜੋ ਕੌਂਸਲਰਾਂ ਦੇ ਵਫ਼ਦ ਨਾਲ ਮਿਲ ਕੇ ਸ਼ਹਿਰ ਦੇ ਮੁੱਦੇ ਚੁੱਕੇ ਜਾ ਸਕਣ। ਅਹੁਦਾ ਸੰਭਾਲਣ ਤੋਂ ਬਾਅਦ ਮੇਅਰ ਪੂਜਾ ਵਧਵਾ ਨੇ ਸ਼ਹਿਰ ਵਾਸੀਆਂ, ਵਿਧਾਇਕ ਜਾਖੜ ਅਤੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਨਿਗਮ ’ਚ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਸੜਕਾਂ ਦੀ ਹਾਲਤ ਸੁਧਾਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਕੌਂਸਲਰ, ਸਮਾਜਿਕ ਨੁਮਾਇੰਦੇ ਅਤੇ ਸ਼ਹਿਰ ਵਾਸੀ ਹਾਜ਼ਰ ਸਨ।