ਮੁਕੇਰੀਆਂ, ਨੌਸ਼ਹਿਰਾ ਪੱਤਣ, 15 ਜੁਲਾਈ (ਰਾਮਗੜ੍ਹੀਆ, ਗੁਰਜੀਤ ਸਿੰਘ ਭੰਮਰਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਨੂੰ ਹਰ ਖੇਤਰ ਵਿਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸਫ਼ਰ ਇਥੋਂ ਦੇ ਲੋਕਾਂ ਦੇ ਸਹਿਯੋਗ ਅਤੇ ਵਿਸ਼ਵਾਸ ਨਾਲ ਨਿਰੰਤਰ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਰਾਜਨੀਤੀ ਸੱਤਾ ਹਥਿਆਉਣ ਲਈ ਨਹੀਂ ਹੈ, ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਹੈ। ਤੁਹਾਡਾ ਭਰੋਸਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਅੱਜ ਮੁਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਵਿਚ ਹਾਜ਼ਰ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਵੀ ਆਗੂ ਦੂਜੇ ਨਾਲ ਖੜ੍ਹਨ ਨੂੰ ਤਿਆਰ ਨਹੀਂ ਹੈ, ਕਿਉਂਕਿ ਹਰ ਕੋਈ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਾਰੇ ਆਗੂ ਬੱਸ ਯਾਤਰਾ ’ਤੇ ਜਾਣਗੇ, ਜਿਸ ਨੂੰ ਰਾਹੁਲ ਗਾਂਧੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਇਕੱਠੇ ਤਾਂ ਜਾ ਸਕਦੇ ਹਨ ਪਰ ਉਹ ਯਕੀਨੀ ਤੌਰ ’ਤੇ ਇਕੱਠੇ ਵਾਪਸ ਨਹੀਂ ਆਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਅਕਾਲੀ ਆਗੂ ਲੋਕਾਂ ’ਚ ਆਪਣਾ ਆਧਾਰ ਗੁਆ ਚੁੱਕੇ ਹਨ।ਇਹ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ ਪੰਜਾਬ ’ਤੇ 25 ਸਾਲ ਰਾਜ ਕਰਨਗੇ, ਪਰ ਸੂਬੇ ਦੇ ਸੂਝਵਾਨ ਅਤੇ ਦਲੇਰ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਗੁੰਮਨਾਮੀ ’ਚ ਧੱਕ ਦਿੱਤਾ ਹੈ। ਇਨ੍ਹਾਂ ਨੇ ਹਮੇਸ਼ਾ ਸਿਆਸੀ ਡਰਾਮੇਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਦੁਹਰਾਇਆ ਕਿ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਲੋਕ ਭਲਾਈ ਕੰਮਾਂ ’ਤੇ ਬੋਲਦਿਆਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਅਤੇ ਇਸ ਨੂੰ ਉਨ੍ਹਾਂ ਦੀ ਭਲਾਈ ਲਈ ਸਮਝਦਾਰੀ ਨਾਲ ਖ਼ਰਚਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਜਾ ਰਿਹਾ ਹੈ। ਅਸੀਂ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ 68000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਸੜਕਾਂ ਨੂੰ ਸੁਧਾਰਿਆ ਹੈ, ਟੋਲ ਪਲਾਜ਼ਾ ਬੰਦ ਕਰ ਕੇ ਰੋਜ਼ਾਨਾ 70 ਲੱਖ ਰੁਪਏ ਬਚਾਏ ਹਨ ਅਤੇ ਪੂਰੇ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਸੀ, ਉਦੋਂ ਸਿੰਜਾਈ ਲਈ ਸਿਰਫ਼ 22 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ, ਅੱਜ ਇਹ ਅੰਕੜਾ ਵਧ ਕੇ 88 ਫ਼ੀਸਦੀ ਤੋਂ ਵੱਧ ਹੋ ਗਿਆ ਹੈ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ 1 ਜੁਲਾਈ ਤੋਂ ਇਸ ਦਾ ਲਾਭ ਮਿਲ ਰਿਹਾ ਹੈ। 32 ਲੱਖ ਤੋਂ ਵੱਧ ਮਾਵਾਂ-ਧੀਆਂ ਇਸ ਸਹੂਲਤ ਦਾ ਲਾਭ ਉਠਾ ਰਹੀਆਂ ਹਨ ਅਤੇ 1 ਅਗਸਤ ਨੂੰ ਉਨ੍ਹਾਂ ਦੇ ਫੋਨਾਂ ’ਤੇ ਇਕ ਵਾਰ ਫਿਰ ਅਦਾਇਗੀ ਦੇ ਮੈਸੇਜ ਦੀ ਘੰਟੀ ਵੱਜੇਗੀ। ਲੋਕਾਂ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਵਾਲੀਆਂ ਇਨ੍ਹਾਂ ਮਹੱਤਵਪੂਰਨ ਸਕੀਮਾਂ ਲਈ ਸੂਬਾ ਸਰਕਾਰ ਕੋਲ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵਲੋਂ ਮੁਕੇਰੀਆਂ ਹਲਕੇ ਅੰਦਰ ਸਰਕਾਰੀ ਕਾਲਜ ਖੋਲ੍ਹਣ ਦੀ ਕੀਤੀ ਗਈ ਮੰਗ ਨੂੰ ਸਵੀਕਾਰ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਰਕਾਰੀ ਕਾਲਜ ਜਲਦੀ ਹੀ ਮੁਕੇਰੀਆਂ ਵਿਖੇ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੁਕੇਰੀਆਂ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਅਤੇ ਆਧੁਨਿਕ ਮਸ਼ੀਨਾਂ ਜਲਦੀ ਹੀ ਭੇਜੀਆਂ ਜਾਣਗੀਆਂ ਅਤੇ ਹਾਜੀਪੁਰ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਪੂਰੀ ਕਰਨ ਦਾ ਉਨ੍ਹਾਂ ਵਾਅਦਾ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁਕੇਰੀਆਂ ਪਹੁੰਚਣ ’ਤੇ ਸਰਬਜੋਤ ਸਿੰਘ ਸਾਬੀ ਵਲੋਂ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਡਾ. ਰਵਜੋਤ, ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ।
ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰ ਖੇਤਰ ’ਚ ਨੰਬਰ ਇਕ ਬਣਾਉਣ ਲਈ ਸਫ਼ਰ ਜਾਰੀ ਰਹੇਗਾ-ਭਗਵੰਤ ਮਾਨ
ਅਜੀਤ ਡੈਸਕ
16-07-2026