11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਹੋਵੇਗੀ ਪ੍ਰਧਾਨ ਮੰਤਰੀ ਦੀ ਕੱਲ੍ਹ ਦੀ ਪੰਜਾਬ ਫੇਰੀ

Ad Position 21
No active advertisement
ਅਜੀਤ ਡੈਸਕ 16-07-2026
ਜਸਪਾਲ ਸਿੰਘ
ਜਲੰਧਰ, 15 ਜੁਲਾਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਦੀ ਪੰਜਾਬ ਫੇਰੀ ਨੂੰ ਸੂਬੇ ਦੇ ਸਿਆਸੀ ਹਲਕਿਆਂ ’ਚ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਬੇਸ਼ੱਕ ਆਪਣੇ ਸੰਖੇਪ ਪੰਜਾਬ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੂਬੇ ਦੇ ਚਾਰ ਰੇਲਵੇ ਸਟੇਸ਼ਨਾਂ ਨੂੰ ਨਵੀਨੀਕਰਨ ਉਪਰੰਤ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਆ ਰਹੇ ਹਨ ਪਰ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਇਸ ਫੇਰੀ ਦੇ ਕਈ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਕੇਵਲ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਹੀ ਨਹੀਂ ਆ ਰਹੇ, ਬਲਕਿ ਉਨ੍ਹਾਂ ਦੇ ਇਸ ਕਦਮ ਨੂੰ ਸੂਬੇ ਅੰਦਰ ਭਾਜਪਾ ਦਾ ਪਰਚੰਮ ਲਹਿਰਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਖਾਸ ਕਰਕੇ ਇਨ੍ਹਾਂ ਚਰਚਾਵਾਂ ਨੂੰ ਉਸ ਸਮੇਂ ਹੋਰ ਵੀ ਬਲ ਮਿਲਦਾ ਹੈ, ਜਦੋਂ ਭਾਜਪਾ ਲੀਡਰਸ਼ਿਪ ਪਹਿਲਾਂ ਹੀ ਸੂਬੇ ਅੰਦਰ ਇਕੱਲੇ ਆਪਣੇ ਬਲਬੂਤੇ ’ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੋਵੇ । ਓਧਰ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਭਾਜਪਾ ਆਗੂ ਤੇ ਵਰਕਰ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ । ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਲੰਧਰ ਛਾਉਣੀ ਤੋਂ ਇਲਾਵਾ ਸੂਬੇ ਦੇ ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਐਸ. ਏ. ਐਸ. ਨਗਰ ਵਿਖੇ ਵੀ ਰੇਲਵੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਹੈ ਪਰ ਉਨ੍ਹਾਂ ਵਲੋਂ ਉਦਘਾਟਨ ਲਈ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੂੰ ਚੁਣਨ ਪਿੱਛੇ ਵੀ ਕਈ ਤਰ੍ਹਾਂ ਦੇ ਸਿਆਸੀ ਕਾਰਨ ਦੱਸੇ ਜਾ ਰਹੇ ਹਨ । ਕਿਹਾ ਜਾ ਰਿਹਾ ਹੈ ਕਿ ਜਲੰਧਰ ਦੁਆਬੇ ਦਾ ਇਕ ਅਹਿਮ ਜ਼ਿਲ੍ਹਾ ਹੈ ਤੇ ਦੁਆਬੇ ਅੰਦਰ ਦਲਿਤ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪ੍ਰਧਾਨ ਮੰਤਰੀ ਵਲੋਂ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ’ਚ ਕਰਨ ਲਈ ਜਲੰਧਰ ਛਾਉਣੀ ਤੋਂ ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਦਾ ਫ਼ੈਸਲਾ ਕੀਤਾ ਗਿਆ ਹੈ । ਇੱਥੇ ਦੱਸਣਯੋਗ ਹੈ ਕਿ ਦੁਆਬੇ ’ਚ 23 ਵਿਧਾਨ ਸਭਾ ਸੀਟਾਂ ਹਨ ਤੇ ਇਨ੍ਹਾਂ ਸੀਟਾਂ ’ਤੇ ਦਲਿਤਾਂ ਦੀ ਬਹੁ-ਗਿਣਤੀ ਹੋਣ ਕਾਰਨ ਹਰ ਪਾਰਟੀ ਦੀ ਨਜ਼ਰ ਦਲਿਤ ਵੋਟ ਬੈਂਕ ’ਤੇ ਬਣੀ ਰਹਿੰਦੀ ਹੈ, ਹਾਲਾਂਕਿ ਇਨ੍ਹਾਂ 23 ਸੀਟਾਂ ਵਿਚੋਂ 8 ਸੀਟਾਂ ਹੀ ਰਾਖਵੀਆਂ ਹਨ ਪਰ ਬਾਕੀ ਸੀਟਾਂ ’ਤੇ ਵੀ ਦਲਿਤ ਵੋਟ ਬੈਂਕ ਦੇ ਪ੍ਰਭਾਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਦਲਿਤ ਵੋਟ ਬੈਂਕ ਦੇ ਇਸੇ ਪ੍ਰਭਾਵ ਨੂੰ ਦੇਖਦੇ ਹੋਏ ਭਾਜਪਾ ਵਲੋਂ ਵੀ ਪਿਛਲੇ ਕੁਝ ਸਮੇਂ ਤੋਂ ਦਲਿਤਾਂ ਤੇ ਖਾਸ ਕਰਕੇ ਰਵਿਦਾਸੀਆ ਭਾਈਚਾਰੇ ਨੂੰ ਆਪਣੇ ਪੱਖ ’ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਾ ਤੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਦੇ ਨਾਂਅ ’ਤੇ ਰੱਖਣ ਦਾ ਐਲਾਨ ਕਰਨ ਤੋਂ ਇਲਾਵਾ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕਰਨ ਪਿੱਛੇ ਵੀ ਭਾਜਪਾ ਦੀ ਦਲਿਤ ਵੋਟ ਬੈਂਕ ਦੀ ਰਣਨੀਤੀ ਨੂੰ ਹੀ ਦੱਸਿਆ ਜਾ ਰਿਹਾ ਹੈ । ਹੁਣ ਵੀ ਪ੍ਰਧਾਨ ਮੰਤਰੀ ਜਿੱਥੇ 125 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਨ, ਉਸ ਦੇ ਨਾਲ ਹੀ ਉਹ ਅੰਮ੍ਰਿਤਸਰ ਤੋਂ ਵਾਰਾਣਸੀ ਲਈ ਚੱਲਣ ਵਾਲੀ ਸ੍ਰੀ ਗੁਰੂ ਰਵਿਦਾਸ ਐਕਸਪ੍ਰੈੱਸ ਗੱਡੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨ ਜਾ ਰਹੇ ਹਨ ਤੇ ਇਸ ਨੂੰ ਵੀ ਪਾਰਟੀ ਦੀ ਇਸੇ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ । ਹੁਣ ਇਹ ਦੇਖਣਾ ਹੋਵੇਗਾ ਕਿ ਆਉਂਦੀਆਂ ਚੋਣਾਂ ’ਚ ਭਾਜਪਾ ਨੂੰ ਇਸ ਦਾ ਕਿੰਨਾ ਕੁ ਫਾਇਦਾ ਮਿਲਦਾ ਹੈ ਪਰ ਹਾਲ ਦੀ ਘੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੇ ਸੂਬੇ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਲ ਭਖਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰ ਖੇਤਰ ’ਚ ਨੰਬਰ ਇਕ ਬਣਾਉਣ ਲਈ ਸਫ਼ਰ ਜਾਰੀ ਰਹੇਗਾ-ਭਗਵੰਤ ਮਾਨ ਅਗਲੀ ਖ਼ਬਰ ਯੂਰੀਆ ਦੇ 7 ਹੋਰ ਨਵੇਂ ਪਲਾਂਟ ਲੱਗਣਗੇ, ਘਰੇਲੂ ਉਤਪਾਦਨ ’ਚ 90 ਤੋਂ 100 ਲੱਖ ਟਨ ਵਾਧੇ ਦਾ ਟੀਚਾ
Ad Position 24