02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਟਾਂਡਾ ਥਾਣੇ ਦਾ ਸਾਬਕਾ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 19-07-2026

ਦੀਪਕ ਬਹਿਲ, ਚੰਦਨ ਕੌਸ਼ਲ
ਟਾਂਡਾ ਉੜਮੁੜ/ਦਸੂਹਾ, 18 ਜੁਲਾਈ - ਗੈਂਗਸਟਰਾਂ ਖ਼ਿਲਾਫ਼ ਐਫ.ਬੀ.ਆਈ. ਵਲੋਂ ਚਲਾਏ ਗਏ ਆਪ੍ਰੇਸ਼ਨ ਹਾਰਡ ਬਾਲ ਦੇ ਤਹਿਤ ਸੁਰਖ਼ੀਆਂ ਵਿਚ ਆਏ ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਆਖ਼ਿਰ ਪੰਜਾਬ ਪੁਲਿਸ ਨੇ ਵੀ ਦੋਸ਼ੀ ਮੰਨਦੇ ਹੋਏ ਗ੍ਰਿਫ਼ਤਾਰ ਕਰ ਦਸੂਹਾ ਅਦਾਲਤ ’ਚ ਪੇਸ਼ ਕੀਤਾ, ਜਿਸ ਨੂੰ 3 ਦਿਨਾਂ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ । ਲਾਈਨ ਹਾਜ਼ਰ ਚੱਲ ਰਹੇ ਨਾਗਰਾ ਉੱਪਰ ਗੈਂਗਸਟਰਾਂ ਦੀ ਮਦਦ ਕਰਨ ਤੇ 4 ਲੱਖ ਡਾਲਰ ਦੀ ਫਿਰੌਤੀ ਮੰਗਣ ਦੀ ਚਾਰਜਸ਼ੀਟ ਅਮਰੀਕਾ ਦੀ ਐਫ.ਬੀ.ਆਈ. ਵਲੋਂ ਦਰਜ ਕੀਤੀ ਗਈ, ਜਿਸ ਮਗਰੋਂ ਡੀ.ਆਈ.ਜੀ. ਜਲੰਧਰ ਵਲੋਂ ਇਹ ਜਾਂਚ ਐੱਸ.ਪੀ. ਜਲੰਧਰ ਨੂੰ ਮਾਰਕ ਕੀਤੀ ਗਈ ਸੀ। ਪੜਤਾਲ ਤੋਂ ਬਾਅਦ ਨਾਗਰਾ ਨੂੰ ਦੋਸ਼ੀ ਮੰਨਦੇ ਹੋਏ ਉਸੇ ਥਾਣੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੇ ਕਦੇ ਉਹ ਮੁੱਖ ਥਾਣਾ ਅਫ਼ਸਰ ਲੱਗੇ ਰਹੇ ਸਨ । ਇਸ ਸੰਬੰਧੀ ਨਾਗਰਾ ਦੀ ਗ੍ਰਿਫ਼ਤਾਰੀ ਉਸੇ ਮੁਕੱਦਮੇ ਵਿਚ ਪਾਈ ਗਈ ਜੋ ਮੁਕੱਦਮਾ ਨਾਗਰਾ ਵਲੋਂ ਮਿਆਣੀ ਵਿਚ 15 ਜਨਵਰੀ, 2026 ਨੂੰ ਮਾਰੇ ਗਏ ਬਲਵਿੰਦਰ ਸਿੰਘ ਬਾਰੇ ਥਾਣਾ ਟਾਂਡਾ ’ਚ ਮੁਕੱਦਮਾ ਨੰਬਰ 20/26 ਦਰਜ ਕੀਤਾ ਗਿਆ ਸੀ । ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਭਾਵੇਂ ਇਸ ਹਾਈਪ੍ਰੋਫਾਈਲ ਮਾਮਲੇ ਕਾਰਨ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ, ਪਰੰਤੂ ਐੱਸ.ਪੀ. ਜਲੰਧਰ ਦੀ ਜਾਂਚ ਮੁਤਾਬਿਕ ਇਸ ਪਰਚੇ ਵਿਚ ਨਾਗਰਾ ਖ਼ਿਲਾਫ਼ ਵਾਧਾ ਜੁਰਮ ਦਰਜ ਕਰਕੇ ਜਬਰੀ ਵਸੂਲੀ ਤੇ ਫਿਰੌਤੀ ਆਦਿ ਮੰਗਣ ਦੀਆਂ ਧਾਰਾਵਾਂ ਤਹਿਤ ਅੱਜ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਜਾਂਚ ਵਿਚ ਇਕ ਵੱਡਾ ਇੰਕਸ਼ਾਫ਼ ਵੀ ਹੋਇਆ ਹੈ ਕਿ ਫਿਰੌਤੀ ਦੀ ਰਾਸ਼ੀ ਵਿਚੋਂ ਕਰੀਬ 16 ਲੱਖ ਰੁਪਏ ਦੀ ਮਨੀ ਟਰੇਲ ਵੀ ਨਾਗਰਾ ਦੇ ਕਿਸੇ ਰਿਸ਼ਤੇਦਾਰ ਨਾਲ ਹੋਣੀ ਪਾਈ ਗਈ ਹੈ। ਇਸ ਤੋਂ ਇਲਾਵਾ ਜਾਂਚ ਵਿਚ ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮਾਂ ਤੇ ਗੈਂਗਸਟਰਾਂ ਨਾਲ ਨਾਗਰਾ ਦੀ ਹੋਈ ਚੈਟ, ਗੱਲਬਾਤ ਤੇ ਫ਼ੋਨ ਕਾਲਾਂ ਨੂੰ ਵੀ ਆਧਾਰ ਬਣਾਇਆ ਗਿਆ ਹੈ । ਪੁਲਿਸ ਦੀ ਜਾਂਚ ਤੇ ਅਧਿਕਾਰਤ ਤੌਰ ’ਤੇ ਕੀਤੀ ਜਾਣ ਵਾਲੀ ਪੁਸ਼ਟੀ ਨਾਗਰਾ ਨੂੰ ਅੱਜ ਗ੍ਰਿਫ਼ਤਾਰ ਕਰਕੇ ਦਸੂਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਨਾਗਰਾ ਦੇ ਵਕੀਲ ਸੰਦੀਪ ਸ਼ਰਮਾ ਵਲੋਂ ਉਕਤ ਦੋਸ਼ਾਂ ਨੂੰ ਗਲਤ ਦੱਸਿਆ ਗਿਆ। ਡੀ.ਆਈ.ਜੀ. ਜਲੰਧਰ ਵਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਿਕ ਇੰਸਪੈਕਟਰ ਨਾਗਰਾ ਖ਼ਿਲਾਫ਼ ਧਾਰਾ 308 ਜਬਰੀ ਵਸੂਲੀ, ਭ੍ਰਿਸ਼ਟਾਚਾਰ ਦੀਆਂ ਧਾਰਾਵਾਂ 308 ਬੀ.ਐਨ.ਐੱਸ. ਤੇ 7, 13 ਤਹਿਤ ਥਾਣਾ ਟਾਂਡਾ ਵਿਚ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ । ਵਰਨਣਯੋਗ ਹੈ ਕਿ ਇਸ ਸਾਰੇ ਮਾਮਲੇ ਮਗਰੋਂ ਥਾਣਾ ਟਾਂਡਾ ਵਿਚ ਜਿੱਥੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਹੋਇਆ ਹੈ, ਉੱਥੇ ਹਰ ਛੋਟਾ ਵੱਡਾ ਅਫ਼ਸਰ ਚੁੱਪੀ ਧਾਰਿਆ ਹੋਇਆ ਹੈ, ਜਦਕਿ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਪੁਲਿਸ ’ਤੇ ਸਿਆਸੀ ਨੇਤਾਵਾਂ ਦਾ ਇਕ ਵੱਡਾ ਨੈਕਲਸ ਦੱਸ ਰਹੀ ਹੈ ਕਿ ਕਿਵੇਂ ਹੋ ਸਕਦਾ ਹੈ ਕਿ 4 ਕਰੋੜ ਦੀ ਰੰਗਦਾਰੀ ਆਖ਼ਿਰ ਇਕ ਐੱਸ.ਐੱਚ.ਓ. ਮੰਗ ਸਕੇ । ਫ਼ਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਮਾਮਲੇ ਵਿਚ ਕਿਸ-ਕਿਸ ਦੀ ਸ਼ਮੂਲੀਅਤ ਹੋਰ ਆਉਂਦੀ ਹੈ । ਵਰਨਣਯੋਗ ਹੈ ਕਿ ਅੱਜ ਨਾਗਰਾ ਦੀ ਹੋਈ ਗ੍ਰਿਫ਼ਤਾਰੀ ਮਗਰੋਂ ਪੁਲਿਸ ਅਧਿਕਾਰੀਆਂ ਨੇ ਜਿੱਥੇ ਦਸੂਹਾ ਦੀ ਅਦਾਲਤ ਵਿਚ ਨਾਗਰਾ ਨੂੰ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਉੱਥੇ ਹੀ 4 ਕਰੋੜ ਦੀ ਭਾਰੀ ਭਰਕਮ ਫਿਰੌਤੀ ਮੰਗਣ ਵਾਲਾ ਕੇਵਲ ਇੰਸਪੈਕਟਰ ਨਾਗਰਾ ਖ਼ੁਦ ਸੀ ਜਾਂ ਕਿਸੇ ਵੱਡੇ ਪੁਲਿਸ ਅਧਿਕਾਰੀਆਂ ਤੇ ਸਿਆਸੀ ਨੈਕਲਸ ਦਾ ਵੀ ਇਸ ਵਿਚ ਹੱਥ ਹੈ, ਇਸ ਦੀ ਪੁਲਿਸ ਅਤੇ ਏਜੰਸੀਆਂ ਵਲੋਂ ਜਾਂਚ ਹੋਵੇਗੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਟਾਂਡਾ ਥਾਣੇ ਵਿਚ ਲੰਬੀਆਂ-ਲੰਬੀਆਂ ਤੈਨਾਤੀਆਂ ਵਾਲੇ ਹਰ ਛੋਟੇ-ਵੱਡੇ ਅਧਿਕਾਰੀ ਪੁਲਿਸ ਤੇ ਏਜੰਸੀਆਂ ਦੀ ਰਡਾਰ ’ਤੇ ਹਨ, ਇੱਥੋਂ ਤੱਕ ਕਿ ਇੱਕ ਮੁਲਾਜ਼ਮ ਦੇ ਇਸ ਕੇਸ ਵਿਚ ਗਵਾਹ ਬਣਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਤੋਂ ਬਾਅਦ ਐਨ.ਡੀ.ਪੀ.ਐੱਸ. ਤੇ ਫਿਰੌਤੀਆਂ ਸੰਬੰਧੀ ਕਈ ਅਹਿਮ ਘਟਨਾਵਾਂ ਜੋ ਲੰਘੇ ਦੋ ਸਾਲ ਵਿਚ ਥਾਣਾ ਟਾਂਡਾ ਵਿਚ ਵਾਪਰੀਆਂ ਹਨ, ਉਸ ਬਾਰੇ ਪੁਲਿਸ ਕਾਰਵਾਈ ਦੀ ਪਿਛਲੇ ਦੋ ਸਾਲਾਂ ਦੀ ਡਿਟੇਲ ਖੰਘਾਲੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਟਾਂਡਾ ਪੁਲਿਸ ਅੰਦਰ ਪੂਰੀ ਤਰ੍ਹਾਂ ਹੜਕੰਪ ਮਚਿਆ ਹੋਇਆ ਹੈ ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਜਾਬ ਦੇ 16 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਅਰਜਨਟੀਨਾ ਅਤੇ ਸਪੇਨ ’ਚ ਖ਼ਿਤਾਬੀ ਮੁਕਾਬਲਾ ਅੱਜ
Ad Position 24
No active advertisement