03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕਾਕਰੋਚ ਜਨਤਾ ਪਾਰਟੀ ਵਲੋਂ ਪ੍ਰਦਰਸ਼ਨ-ਸੰਸਦ ਭਵਨ ਪੁੱਜੇ ਪ੍ਰਦਰਸ਼ਨਕਾਰੀ

Ad Position 21
No active advertisement
ਅਜੀਤ ਡੈਸਕ 21-07-2026

ਜਗਤਾਰ ਸਿੰਘ
ਨਵੀਂ ਦਿੱਲੀ, 20 ਜੁਲਾਈ-ਰਾਜਧਾਨੀ ਦਿੱਲੀ ਵਿਚ ਸੋਮਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਸੜਕ ਤੋਂ ਲੈ ਕੇ ਸੰਸਦ ਤੱਕ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ, ਜਿੱਥੇ ਸੰਸਦ ਦੇ ਅੰਦਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਕਈ ਵਾਰੀ ਮੁਲਤਵੀ ਹੋਈ, ਉੱਥੇ ਹੀ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਪ੍ਰਸਤਾਵਿਤ ‘ਸੰਸਦ ਮਾਰਚ’ ਦੇ ਮੱਦੇਨਜ਼ਰ ਜੰਤਰ ਮੰਤਰ ਤੋਂ ਲੈ ਕੇ ਸੰਸਦ ਭਵਨ ਤੱਕ ਪ੍ਰਦਰਸ਼ਨਕਾਰੀਆਂ ਦਾ ਭਾਰੀ ਹਜੂਮ ਨਜ਼ਰ ਆਇਆ, ਜਿਸ ਨੂੰ ਰੋਕਣ ਲਈ ਪੁਲਿਸ ਵਲੋਂ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ । ਉੱਧਰ ਸੋਨਮ ਵਾਂਗਚੁਕ ਨੇ ਸਫਦਰਜੰਗ ਹਸਪਤਾਲ ਤੋਂ ਚਿੱਠੀ ਲਿਖ ਕੇ ‘ਸੰਸਦ ਮਾਰਚ’ ਵਿਚ ਜਾਣ ਦੇਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਮੈਂ ਠੀਕ ਹਾਂ ਅਤੇ ਮੈਨੂੰ ਹਿਰਾਸਤ ਵਿਚ ਨਹੀਂ ਰੱਖਿਆ ਗਿਆ ਹੈ ਤਾਂ ‘ਸੰਸਦ ਮਾਰਚ’ ਜਾਣ ਦਿੱਤਾ ਜਾਵੇ। ਇਸ ਦੇ ਨਾਲ ਹੀ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦਿਪਕੇ ਤੋਂ ਇਲਾਵਾ ਤਿੰਨ ਹੋਰ ਵਿਦਿਆਰਥੀਆਂ ਵੱਲੋਂ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ । ਇਹ ਪ੍ਰਦਰਸ਼ਨ ਨੀਟ ਪੇਪਰ ਲੀਕ ਮਾਮਲੇ ਵਿਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ।
ਭਾਰੀ ਨਾਕਾਬੰਦੀ ਦੇ ਬਾਵਜੂਦ ਸੰਸਦ ਪੁੱਜੇ ਪ੍ਰਦਰਸ਼ਨਕਾਰੀ
ਸੀ.ਜੇ.ਪੀ. ਦੇ ‘ਸੰਸਦ ਮਾਰਚ’ ਦੇ ਮੱਦੇਨਜ਼ਰ ਸੋਮਵਾਰ ਨੂੰ ਸੰਸਦ ਵੱਲ ਜਾਣ ਤੋਂ ਪਹਿਲਾਂ ਸਵੇਰੇ ਜੰਤਰ ਮੰਤਰ ’ਤੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ, ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਵਲੋਂ ਭਾਰੀ ਬੰਦੋਬਸਤ ਕੀਤੇ ਗਏ ਸਨ। ਪਰ ਭਾਰੀ ਬੰਦੋਬਸਤ ਨਾਕਾਮ ਸਾਬਤ ਹੋਏ ਅਤੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸੰਸਦ ਦੇ ਬਿਲਕੁਲ ਸਾਹਮਣੇ ਪੁੱਜ ਗਏ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੇ ਨਾਲ ਹੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਹੰਗਾਮੇ ਤੋਂ ਬਾਅਦ ਸੰਸਦ ਭਵਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਤੇ ਸੁਰੱਖਿਆ ਕਾਰਨਾਂ ਕਰਕੇ ਸੰਸਦ ਭਵਨ ਦੇ ਗੇਟ ਵੀ ਬੰਦ ਕਰ ਦਿੱਤੇ ਗਏ । ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਥਾਂ-ਥਾਂ ’ਤੇ ਨਾਕੇਬੰਦੀ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਜੰਤਰ ਮੰਤਰ, ਸੰਸਦ ਮਾਰਗ ਤੇ ਹੋਰ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ਹੋਈਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਾਠੀਚਾਰਜ ਵੀ ਕੀਤਾ ਗਿਆ ।
ਦਿਪਕੇ ਨੇ ਖ਼ਤਮ ਕੀਤੀ ਭੁੱਖ ਹੜਤਾਲ
ਸੀ.ਜੇ.ਪੀ. ਅੰਦੋਲਨ ਦੇ 23ਵੇਂ ਦਿਨ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ 3 ਦਿਨ ਪੁਰਾਣੀ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ । ਉਨ੍ਹਾਂ ਨੂੰ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਪਾਣੀ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਾਈ । ਦੱਸਿਆ ਜਾ ਰਿਹਾ ਹੈ ਕਿ ਨੀਟ ਵਿਦਿਆਰਥਣ ਰੀਆ ਥਾਪਾ ਦੇ ਪਿਤਾ ਦੀ ਭਾਵੁਕ ਅਪੀਲ ਤੋਂ ਬਾਅਦ ਦਿਪਕੇ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ, ਹਾਲਾਂਕਿ ਕੁਝ ਚਰਚਾਵਾਂ ਵਿਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਦਿਪਕੇ ਨੂੰ ਭੁੱਖ ਹੜਤਾਲ ਖ਼ਤਮ ਕਰਨ ਲਈ ਸੋਨਮ ਵਾਂਗਚੁਕ ਨੇ ਸੁਨੇਹਾ ਭੇਜਿਆ ਸੀ । ਇਸ ਦੇ ਨਾਲ ਅਦਾਕਾਰਾ ਸ਼ਬਾਨਾ ਆਜ਼ਮੀ, ਅਦਾਕਾਰ ਪ੍ਰਕਾਸ਼ ਰਾਜ, ਸੰਸਦ ਮੈਂਬਰ ਮਨੋਜ ਝਾਅ ਅਤੇ ਯੋਗੇਂਦਰ ਯਾਦਵ ਨੇ ਜੰਤਰ ਮੰਤਰ ’ਤੇ 23 ਦਿਨਾਂ ਤੋਂ ਬੇਮਿਆਦੀ ਭੁੱਖ ਹੜਤਾਲ ’ਤੇ ਬੈਠੇ ‘ਆਈਸਾ’ ਦੇ ਵਿਦਿਆਰਥੀ ਨੇਹਾ, ਮਨੀਸ਼ ਤੇ ਆਮੀਨ ਨੂੰ ਪਾਣੀ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਹਾਲਾਂਕਿ ਉਨ੍ਹਾਂ ਨੇ ਇਹ ਸਾਫ਼ ਕੀਤਾ ਕਿ ਅੰਦੋਲਨ ਖ਼ਤਮ ਨਹੀਂ ਹੋਇਆ,ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਜੰਤਰ-ਮੰਤਰ ’ਤੇ ਤਿੰਨ-ਪੱਧਰੀ ਸੁਰੱਖਿਆ
ਸੰਸਦ ਮਾਰਚ ਦੇ ਮੱਦੇਨਜ਼ਰ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਗਏ । ਸੁਰੱਖਿਆ ਦੇ ਲਿਹਾਜ਼ ਨਾਲ ਨਵੀਂ ਦਿੱਲੀ ਨੂੰ 15 ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿੱਥੇ ਸੀ.ਆਰ.ਪੀ.ਐਫ. ਦੀਆਂ 25 ਬਟਾਲੀਅਨਾਂ ਸਮੇਤ 5,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ। ਸੰਵੇਦਨਸ਼ੀਲ ਖੇਤਰਾਂ ਅਤੇ ਮੈਟਰੋ ਸਟੇਸ਼ਨਾਂ ’ਤੇ ਸਖ਼ਤ ਨਿਗਰਾਨੀ ਰੱਖੀ ਗਈ। ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਜੰਤਰ-ਮੰਤਰ, ਸੰਸਦ ਮਾਰਗ, ਸੈਂਟਰਲ ਵਿਸਟਾ, ਕਨਾਟ ਪਲੇਸ ਅਤੇ ਸ਼ੰਕਰ ਚੌਕ ਵਰਗੇ ਸਥਾਨਾਂ ’ਤੇ ਤਿੰਨ-ਪੱਧਰੀ ਸੁਰੱਖਿਆ ਗਰਿੱਡ ਸਥਾਪਤ ਕੀਤਾ ਗਿਆ ਹੈ । ਇਸ ਵਿਚ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੀਆਂ ਦੋ ਪਰਤਾਂ ਅਤੇ ਅਰਧ ਸੈਨਿਕ ਬਲਾਂ ਦੀ ਇੱਕ ਪਰਤ ਸ਼ਾਮਿਲ ਹੈ। ਡੀ.ਸੀ.ਪੀ. ਸਚਿਨ ਸ਼ਰਮਾ ਮੁਤਾਬਿਕ ਮੌਨਸੂਨ ਸੈਸ਼ਨ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਨਵੀਂ ਦਿੱਲੀ ਵਿਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀ.ਐਨ.ਐਸ.ਐਸ.) ਦੀ ਧਾਰਾ 163 (ਪਹਿਲਾਂ ਧਾਰਾ 144) ਲਾਗੂ ਕੀਤੀ ਗਈ । ਇਸ ਦੇ ਤਹਿਤ, ਪੰਜ ਜਾਂ ਵੱਧ ਲੋਕਾਂ ਦੇ ਇਕੱਠ, ਵਿਰੋਧ ਪ੍ਰਦਰਸ਼ਨ, ਜਲੂਸ ਜਾਂ ਧਰਨਿਆਂ ’ਤੇ ਸਖ਼ਤੀ ਨਾਲ ਪਾਬੰਦੀ ਹੋਵੇਗੀ । ਇਸ ਦੇ ਬਾਵਜੂਦ ਕਈ ਸਾਲਾਂ ਬਾਅਦ ਅਜਿਹਾ ਹੋਇਆ ਕਿ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਸੰਸਦ ਭਵਨ ਦੇ ਬਿਲਕੁਲ ਨੇੜੇ ਪੁੱਜਣ ’ਚ ਕਾਮਯਾਬ ਹੋ ਗਏ।
ਜੰਤਰ ਮੰਤਰ ਵਿਖੇ ਪੱਥਰਾਂ ਨਾਲ ਭਰੇ ਟਰੱਕ ਨੂੰ ਲੈ ਕੇ ਦਿਪਕੇ ਨੇ ਖੜ੍ਹੇ ਕੀਤੇ ਸਵਾਲ
ਸੰਸਦ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਦਿਪਕੇ ਨਾਲ ਦੋਸ਼ ਲਾਇਆ ਕਿ ਜੰਤਰ ਮੰਤਰ ਦੇ ਕੋਲ ਪੱਥਰਾਂ ਦੇ ਨਾਲ ਭਰਿਆ ਇੱਕ ਟਰੱਕ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੀ ਵਰਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਦੇ ਲਈ ਕੀਤੀ ਜਾ ਸਕਦੀ ਹੈ । ਦਿਪਕੇ ਨੇ ਬਕਾਇਦਾ ਇਸ ਟਰੱਕ ਦੀ ਵੀਡੀਓ ਵੀ ਜਾਰੀ ਕੀਤੀ ਤੇ ਸਵਾਲ ਪੁੱਛਿਆ ਕਿ, ਕੀ ਪੁਲਿਸ ਪ੍ਰਸ਼ਾਸਨ ਸੀ.ਜੇ.ਪੀ. ਦੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ’ਤੇ ਪੱਥਰਬਾਜ਼ੀ ਕਰਵਾਉਣ ਦੀ ਸਾਜਿਸ਼ ਰਚ ਰਹੇ ਹਨ ?
ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ, ਸੰਜਮ ਵਰਤਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਸੋਸ਼ਲ ਮੀਡੀਆ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਸੋਨਮ ਵਾਂਗਚੁਕ ਦੀ ਪਤਨੀ, ਗੀਤਾਂਜਲੀ ਅੰਗਮੋ ’ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਦੁਆਰਾ ਹਮਲਾ ਕੀਤਾ ਗਿਆ । ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪ੍ਰਦਰਸ਼ਨ ਦੌਰਾਨ ਪਹੁੰਚੀਆਂ ਮਹਿਲਾਵਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਅਸੀਂ ਸੀ.ਜੇ.ਪੀ. ਦੇ ਹੱਕ ’ਚ ਖੜ੍ਹ ਫੇਰ ਵੱਡੇ ਪੱੱਧਰ ’ਤੇ ਪ੍ਰਦਰਸ਼ਨ ਕਰਾਂਗੇ ।
ਪ੍ਰਦਰਸ਼ਨ ਦੌਰਾਨ 118 ਪੁਲਿਸ ਕਰਮਚਾਰੀ ਜ਼ਖ਼ਮੀ-70 ਨੂੰ ਹਿਰਾਸਤ ’ਚ ਲਿਆ
ਨਵੀਂ ਦਿੱਲੀ ਖੇਤਰ ਵਿਚ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ 118 ਤੋਂ ਵੱਧ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ ਅਤੇ ਲਗਭਗ 70 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕੀਤਾ, ਸਰਕਾਰੀ ਵਾਹਨਾਂ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ । ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਬੇਕਾਬੂ, ਹਮਲਾਵਰ ਅਤੇ ਹਿੰਸਕ ਵਿਵਹਾਰ ਦਿਖਾਇਆ ਅਤੇ ਵਾਰ-ਵਾਰ ਚੇਤਾਵਨੀਆਂ ਅਤੇ
ਕਾਨੂੰਨੀ ਨਿਰਦੇਸ਼ਾਂ ਦੇ ਬਾਵਜੂਦ ਖਿੰਡਣ ਤੋਂ ਇਨਕਾਰ ਕਰ ਦਿੱਤਾ । ਜ਼ਖਮੀ ਪੁਲਿਸ ਕਰਮਚਾਰੀਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਗਿਆ, ਜਦੋਂਕਿ ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕਾਬੂ ਵਿਚ ਕਰ ਲਿਆ ।
ਕੇਂਦਰੀ ਮੰਤਰੀ ਨੱਢਾ ਵਲੋਂ ਸੀ.ਜੇ.ਪੀ. ਵਫ਼ਦ ਨੂੰ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ

‘ਸੰਸਦ ਮਾਰਚ’ ਨੂੰ ਲੈ ਕੇ ਨਵੀਂ ਦਿੱਲੀ ਇਲਾਕੇ ਵਿਚ ਹੋਏ ਹੰਗਾਮੇ ਦੇ ਦਰਮਿਆਨ ਕਾਕਰੋਚ ਜਨਤਾ ਪਾਰਟੀ ਨੇ ਸਰਕਾਰ ਦੇ ਨਾਲ ਗੱਲਬਾਤ ਕੀਤੀ । ਸੀ.ਜੇ.ਪੀ. ਦੇ ਬੁਲਾਰਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੌਰਵ ਦਾਸ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਅਸੀਂ ਜੇ.ਪੀ. ਨੱਢਾ ਨੂੰ ਆਪਣੀਆਂ ਮੰਗਾਂ ਦੀ ਸੂਚੀ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਨੇ ਅੰਦਰੂਨੀ ਰੂਪ ਵਿਚ ਚਰਚਾ ਦਾ ਭਰੋਸਾ ਦਿਵਾਇਆ ਹੈ । ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਦੋ ਮੈਂਬਰੀ ਸੀ.ਜੇ.ਪੀ. ਵਫ਼ਦ ਨੂੰ ਭਰੋਸਾ ਦਿੱਤਾ ਕਿ ਸਰਕਾਰੀ ਲੀਡਰਸ਼ਿੱਪ ਉਨ੍ਹਾਂ ਦੀਆਂ ਮੰਗਾਂ ’ਤੇ ਅੰਦਰੂਨੀ ਚਰਚਾ ਕਰੇਗੀ ਤੇ ਉਨ੍ਹਾਂ ਨਾਲ ਵਾਪਸ ਗੱਲ ਕਰੇਗੀ। ਸੀ.ਜੇ.ਪੀ. ਦੇ ਅਨੁਸਾਰ, ਇਹ ਭਰੋਸਾ ਉਸ ਸਮੇਂ ਆਇਆ ਜਦੋਂ ਇਸ ਦੇ ਬੁਲਾਰੇ ਆਸ਼ੂਤੋਸ਼ ਰੰਕਾ ਤੇ ਸੌਰਵ ਦਾਸ ਨੇ ਮੰਤਰੀ ਦੇ ਨਿਵਾਸ ’ਤੇ ਦੋ ਘੰਟਿਆਂ ਦੇ ਅੰਦਰ-ਅੰਦਰ ਨੱਢਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸਰਕਾਰੀ ਦੂਤ ਵਜੋਂ ਕੰਮ ਕੀਤਾ ਅਤੇ ਪ੍ਰੀਖਿਆ ਬੇਨਿਯਮੀਆਂ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਉਨ੍ਹਾਂ ਦੀਆਂ ਮੰਗਾਂ ਦਾ ਹਵਾਲਾ ਦਿੰਦੇ ਹੋਏ ਇੱਕ ਮੰਗ ਪੱਤਰ ਸੌਂਪਿਆ।
ਅਰਵਿੰਦ ਕੇਜਰੀਵਾਲ ਵਲੋਂ ਕੇਂਦਰ ਨੂੰ ਅਪੀਲ

ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਦਾ ਹੁਕਮ ਦੇਣ ਦੀ ਬਜਾਏ ਨੌਜਵਾਨਾਂ ਦੀ ਗੱਲ ਸੁਣੇ” ਕਿਉਂਕਿ ਹਜ਼ਾਰਾਂ ਲੋਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਐਕਸ ’ਤੇ ਇੱਕ ਵੀਡੀਓ ਸੰਦੇਸ਼ ਵਿੱਚ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨੇ ਸਰਕਾਰ ਨੂੰ “ਹੰਕਾਰ ਛੱਡ ਕੇ ਨੌਜਵਾਨਾਂ ਦੀ ਗੱਲ ਸੁਣਨ” ਦੀ ਅਪੀਲ ਕੀਤੀ ।
ਸੰਸਦ ਵਿਦਿਆਰਥੀਆਂ ਦੀ ਹੈ, ਕਿਸੇ ਦੀ ਜਾਗੀਰਦਾਰੀ ਨਹੀਂ-ਪ੍ਰਿਅੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਗਏ ਹੰਝੂ ਗੈਸ ਤੇ ਲਾਠੀਚਾਰਜ ਲਈ ਕੇਂਦਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਸਿੱਖਿਆ ਨੀਤੀ ਵਿਚ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਤਿਆਰ ਨਹੀਂ ਹੈ ਤੇ ਇਸ ਦੀ ਬਜਾਏ ਵਿਦਿਆਰਥੀਆਂ ਨੂੰ ਕੁੱਟ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਨੇ ਵਾਂਗਚੁਕ ਦੀਆਂ ਮੈਡੀਕਲ ਰਿਪੋਰਟਾਂ ਮੰਗੀਆਂ ਅਗਲੀ ਖ਼ਬਰ ਹਰਿਆਣਾ ਦੇ ਬੰਦ ਖੂਹ ’ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮੌਤਾਂ
Ad Position 24
No active advertisement