10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੋਫਾੜ

Ad Position 21
No active advertisement
ਅਜੀਤ ਡੈਸਕ 22-07-2026

ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 21 ਜੁਲਾਈ-ਪੰਜਾਬ ਦੀ ਪੰਥਕ ਸਿਆਸਤ ’ਚ ਅੱਜ ਉਸ ਸਮੇਂ ਵੱਡਾ ਉਲਟਫ਼ੇਰ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਜਥੇਦਾਰ ਇਕਬਾਲ ਸਿੰਘ ਝੂੰਦਾਂ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਪਾਰਟੀ ਤੋਂ ਵੱਖ ਹੋ ਕੇ ਨਵਾਂ ਧੜਾ ਬਣਾਉਣ ਤੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ। ਇਸ ਸਿਆਸੀ ਘਟਨਾਕ੍ਰਮ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਸਿਆਸਤ ’ਚ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। ਚੰਡੀਗੜ੍ਹ ਵਿਖੇ ਇਕ ਪ੍ਰਭਾਵਸ਼ਾਲੀ ਪੰਥਕ ਇਕੱਤਰਤਾ ਦੌਰਾਨ ਜਥੇਦਾਰ ਇਕਬਾਲ ਸਿੰਘ ਝੂੰਦਾਂ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਜੁੜੇ ਕਈ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ’ਚ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵੀ ਹਾਜ਼ਰ ਸਨ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਪੰਜਾਬ ਤੇ ਖ਼ਾਲਸਾ ਪੰਥ ਇਸ ਸਮੇਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਅਜਿਹੇ ਸਮੇਂ ਦ੍ਰਿੜ੍ਹ, ਨਿਡਰ ਤੇ ਪੰਥ ਪ੍ਰਤੀ ਸਮਰਪਿਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ’ਚ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਵਿਚਾਰਧਾਰਾਵਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਸਮਰੱਥਾ ਹੈ। ਇਸੇ ਸੋਚ ਤਹਿਤ ਉਨ੍ਹਾਂ ਦੇ ਧੜੇ ਨੇ ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਮਿਲ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਤੋਂ ਬਾਅਦ ਧਾਰਮਿਕ ਖੇਤਰ ’ਚ ਬੀਬੀ ਸਤਵੰਤ ਕੌਰ ਤੇ ਰਾਜਸੀ ਖੇਤਰ ’ਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਵੱਡੇ ਪੱਧਰ ’ਤੇ ਸੰਗਤ ਦੀ ਪ੍ਰਵਾਨਗੀ ਮਿਲੀ ਹੈ। ਸਮੇਂ ਦੀ ਲੋੜ ਹੈ ਕਿ ਮੀਰੀ-ਪੀਰੀ ਦੇ ਸਿਧਾਂਤ ’ਤੇ ਚੱਲਦਿਆਂ ਪੰਥਕ ਤਾਕਤਾਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਜਾਵੇ ਤਾਂ ਜੋ ਪੰਜਾਬ ਤੇ ਪੰਥ ਨਾਲ ਜੁੜੇ ਮੁੱਦਿਆਂ ਦੀ ਮਜ਼ਬੂਤੀ ਨਾਲ ਪੈਰਵੀ ਹੋ ਸਕੇ। ਬਾਪੂ ਤਰਸੇਮ ਸਿੰਘ ਨੇ ਇਕਬਾਲ ਸਿੰਘ ਝੂੰਦਾਂ ਧੜੇ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਤੇ ਪੰਥਕ ਏਕਤਾ ਲਈ ਇਹ ਮਹੱਤਵਪੂਰਨ ਕਦਮ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਦੇ ਹੱਕਾਂ, ਚੰਡੀਗੜ੍ਹ, ਦਰਿਆਈ ਪਾਣੀਆਂ, ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਲੰਬਿਤ ਮਸਲਿਆਂ ਨੂੰ ਹੋਰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਸੰਸਦ ਸਮੇਤ ਹਰ ਮੰਚ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਪਾਰਟੀ ਤੋਂ ਕੱਢੇ ਜਾਣ ਨੂੰ ਝੂੰਦਾਂ ਨੇ ਵਿਚਾਰਧਾਰਕ ਮਤਭੇਦ ਦੱਸਿਆ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚੋਂ 6 ਸਾਲ ਲਈ ਕੱਢੇ ਜਾਣ ਮਗਰੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕਿਸੇ ਅਹੁਦੇ ਜਾਂ ਪਾਰਟੀ ਨਾਲੋਂ ਪੰਥ, ਪੰਜਾਬ ਤੇ ਅਕਾਲੀ ਵਿਚਾਰਧਾਰਾ ਦੀ ਅਹਿਮੀਅਤ ਹਮੇਸ਼ਾ ਵਧ ਰਹੀ ਹੈ। ਝੂੰਦਾਂ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਉਹ ਨਿੱਜੀ ਮਸਲਾ ਨਹੀਂ, ਸਗੋਂ ਵਿਚਾਰਧਾਰਕ ਮਤਭੇਦ ਵਜੋਂ ਦੇਖਦੇ ਹਨ। ਝੂੰਦਾਂ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਅਪੀਲ ਹੈ ਕਿ ਨਿੱਜੀ ਇਲਜ਼ਾਮਾਂ ਤੇ ਵੰਡ ਪੈਦਾ ਕਰਨ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਥ ਤੇ ਪੰਜਾਬ ਦੇ ਵੱਡੇ ਹਿਤਾਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸਹਿਮਤੀ ਨੂੰ ਸਿਆਸੀ ਬਦਲਾਖੋਰੀ ਦਾ ਰੂਪ ਦੇਣਾ ਅਕਾਲੀ ਪਰੰਪਰਾ ਨਹੀਂ ਰਹੀ ਤੇ ਅਜਿਹੇ ਕਦਮ ਪੰਥਕ ਏਕਤਾ ਨੂੰ ਕਮਜ਼ੋਰ ਕਰਦੇ ਹਨ। ਉਹ ਪਹਿਲਾਂ ਵੀ ਪੰਥਕ ਤੇ ਪੰਜਾਬ ਪੱਖੀ ਸੋਚ ’ਤੇ ਕਾਇਮ ਸਨ, ਅੱਜ ਵੀ ਹਨ ਤੇ ਅੱਗੇ ਵੀ ਰਹਿਣਗੇ।
ਝੂੰਦਾਂ ’ਤੇ ਅਨੁਸਾਸ਼ਨੀ ਕਾਰਵਾਈ, ਪੰਥ ਏਕਤਾ ਨੂੰ ਢਾਹ ਲਾਉਣ ਵਾਲਾ ਕਦਮ-ਪੰਥਕ ਆਗੂ
ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਅਗਵਾਈ ’ਚ ਪੰਥਕ ਆਗੂਆਂ ਨੇ ਕਿਹਾ ਕਿ ਅੱਜ ਜਿੱਥੇ ਪੰਥਕ ਸਫਾ ਤੇ ਪੰਜਾਬ ਹਿਤੈਸ਼ੀ ਲੋਕਾਂ ’ਚ ਪੰਥਕ ਗੱਠਜੋੜ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਪੰਥਕ ਏਕਤਾ ’ਤੇ ਖੁਸ਼ੀ ਤੇ ਤਸੱਲੀ ਪ੍ਰਗਟ ਕਰਨ ਦੀ ਬਜਾਏ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪੰਥਕ ਏਕਤਾ ਦੀ ਪਹਿਲਕਦਮੀ ਕਰਨ ਵਾਲੇ ਸੂਤਰਧਾਰ ਸੀਨੀਅਰ ਮੀਤ ਪ੍ਰਧਾਨ ਸ. ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ’ਚੋਂ ਬਾਹਰ ਕੱਢਣ ਦਾ ਜੋ ਫੈਸਲਾ ਲਿਆ ਗਿਆ ਹੈ ਅਸੀਂ ਇਸ ਦੀ ਪੁਰਜ਼ੋਰ ਸ਼ਬਦਾਂ ’ਚ ਨਿੰਦਾ ਕਰਦੇ ਹਾਂ, ਅਸੀਂ ਗਿਆਨੀ ਜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਪਿਛਲੇ ਇਕ ਸਾਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਪਹਿਲਾਂ ਹੀ ਪਾਰਟੀ ਦੇ 15 ਤੋਂ 20 ਸੀਨੀਅਰ ਆਗੂ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ’ਚ ਜਾ ਚੁੱਕੇ ਹਨ। ਅੱਜ ਤੁਸੀਂ ਉਨ੍ਹਾਂ ਪੰਥਕ ਆਗੂਆਂ ’ਤੇ ਐਕਸ਼ਨ ਲੈ ਰਹੇ ਹੋ, ਜਿਨ੍ਹਾਂ 2 ਦਸੰਬਰ ਦੇ ਆਦੇਸ਼ ਦੀ ਪਾਲਣਾ ਕਰਕੇ ਅਪਣੇ ਰਾਜਸੀ ਹਿਤਾਂ ਨੂੰ ਤਿਆਗ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਤੁਹਾਨੂੰ ਪ੍ਰਧਾਨ ਚੁਣਿਆ ਸੀ ਜੋ ਪੰਥਕ ਏਕਤਾ ਲਈ ਕਾਰਜ ਤੁਸੀਂ ਇਕ ਸਾਲ ਵਿਚ ਨਹੀਂ ਕਰ ਸਕੇ ਉਸ ਨੂੰ ਪੰਥਕ ਕੌਂਸਲ ਦੇ ਦਿਸ਼ਾ ਨਿਰਦੇਸ਼ ’ਤੇ 10 ਦਿਨਾਂ ਦੇ ਅੰਦਰ ਅਸੀਂ ਤੇ ਸ. ਇਕਬਾਲ ਸਿੰਘ ਝੂੰਦਾਂ ਨੇ ਨੇਪਰੇ ਚਾੜ੍ਹਿਆ। ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਾਰਟੀ ਵਿਚ ਇਸ ਫ਼ੈਸਲੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੈਂਕੜੇ ਆਗੂ ਤੇ ਵਰਕਰ ਪਾਰਟੀ ਨੂੰ ਅਲਵਿਦਾ ਕਹਿਣ ਲਈ ਤਿਆਰ ਬੈਠੇ ਹਨ, ਜਿਸ ਦੇ ਦੋਸ਼ੀ ਕੇਵਲ ਤੇ ਕੇਵਲ ਪਾਰਟੀ ਪ੍ਰਧਾਨ ਹੀ ਹੋਣਗੇ। ਇਸ ਮੌਕੇ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਅਜੇਪਾਲ ਸਿੰਘ ਬਰਾੜ (ਸਤਲੁਜ ਮਿਸਲ), ਜਸਵੀਰ ਸਿੰਘ ਘੁੰਮਣ ਜਰਨਲ ਸਕੱਤਰ ਤੇ ਵਰਕਿੰਗ ਕਮੇਟੀ ਮੈਂਬਰ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਬਲਜਿੰਦਰ ਸਿੰਘ ਤਾਜਪੁਰ ਸਾਬਕਾ ਚੇਅਰਮੈਨ, ਜਥੇਦਾਰ ਬਲਦੇਵ ਸਿੰਘ ਮਾਣੂਕੇ ਨਿਹਾਲ ਸਿੰਘ ਵਾਲਾ, ਗੁਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਬੱਪੀਆਣਾ, ਤਰਸੇਮ ਸਿੰਘ ਜੱਸੋਵਾਲ ਮੀਤ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ, ਐਡਵੋਕੇਟ ਜ਼ੁਲਫਕਾਰ ਅਲੀ ਸਾਬਕਾ ਸੀ.ਈ.ਓ. ਵਕਫ਼ ਬੋਰਡ, ਐਡਵੋਕੇਟ ਸ਼ਫ਼ੀਕ ਚੌਹਾਨ ਮਾਲੇਰਕੋਟਲਾ, ਸੁਖਵੰਤ ਸਿੰਘ ਪੰਜਲੈਂਡ ਵਰਕਿੰਗ ਕਮੇਟੀ ਮੈਂਬਰ, ਗੁਰਵਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਜ਼ਿਲ੍ਹਾ ਪ੍ਰਧਾਨ ਰੋਪੜ, ਜਗਦੇਵ ਸਿੰਘ ਜੱਗੀ ਚੌਂਦਾ, ਜਥੇਦਾਰ ਜਸਵੀਰ ਸਿੰਘ ਭੁੱਲਰ ਫਿਰੋਜ਼ਪੁਰ, ਡਾ. ਹਰਭਜਨ ਸਿੰਘ ਪਾਤੜਾਂ, ਡਾ. ਗੁਰਮੋਹਣ ਸਿੰਘ ਵਾਲੀਆ ਸਾਬਕਾ ਉਪ ਕੁਲਪਤੀ, ਬਲਜਿੰਦਰ ਸਿੰਘ ਪੰਥਕ ਕੌਂਸਲ ਮੈਂਬਰ, ਡਾ. ਮੋਹਨ ਸਿੰਘ ਲਾਲਕਾ ਫਿਰੋਜ਼ਪੁਰ ਦਿਹਾਤੀ, ਐਡਵੋਕੇਟ ਸੰਦੀਪ ਵਰਮਾ ਮਾਲੇਰਕੋਟਲਾ, ਬਲਜਿੰਦਰ ਸਿੰਘ ਜਮਾਲਪੁਰ ਹਲਕਾ ਸ਼ੁਤਰਾਣਾ ਆਗੂ, ਸੁਖਰਾਜ ਜੌਹਲ, ਅਕਾਲੀ ਦਲ ਵਾਰਿਸ ਪੰਜਾਬ ਤੋਂ ਪਰਗਟ ਸਿੰਘ ਜੌਹਲ, ਬਾਬੂ ਸਿੰਘ ਬਰਾੜ, ਹਰਭਜਨ ਸਿੰਘ ਤੁੜ, ਤਰਲੋਚਨ ਸਿੰਘ ਮਨਚਿੜੀ, ਅਮਰਜੀਤ ਸਿੰਘ ਵਨਚਿੜੀ, ਜਥੇਦਾਰ ਭੁਪਿੰਦਰ ਸਿੰਘ ਕਲਕੱਤਾ ਕਮੇਟੀ ਮੈਂਬਰ, ਮਨਪ੍ਰੀਤ ਸਿੰਘ ਭੋਲੂਵਾਲਾ, ਮਨਜੀਤ ਸਿੰਘ ਭੁੱਲਰ ਫਿਰੋਜ਼ਪੁਰ ਆਦਿ ਆਗੂ ਹਜ਼ਾਰ ਸਨ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਅਗਲੀ ਖ਼ਬਰ – ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਗ੍ਰਨੇਡ ਹਮਲਾ ਮਾਮਲਾ – ਡਿਜੀਟਲ ਟਰਾਂਜ਼ੈਕਸ਼ਨਾਂ ਰਾਹੀਂ ਰਚੀ ਗਈ ਗ੍ਰਨੇਡ ਹਮਲੇ ਦ...
Ad Position 24