ਅੰਮ੍ਰਿਤਸਰ, 21 ਜੁਲਾਈ (ਸੁਰਿੰਦਰ ਕੋਛੜ)-ਅਮਰੀਕਾ ਨਾਲ ਜਾਰੀ ਜੰਗ ਵਿਚਕਾਰ ਬੀਤੀ ਰਾਤ ਈਰਾਨ ਦੇ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਸਰਕਾਰੀ ਦੌਰੇ ‘ਤੇ ਇਸਲਾਮਾਬਾਦ ਪਹੁੰਚੇ। ਪਾਕਿ ਦੇ ਸੰਘੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਵਾਈ ਅੱਡੇ ‘ਤੇ ਆਪਣੇ ਈਰਾਨੀ ਹਮਰੁਤਬਾ ਦਾ ਸਵਾਗਤ ਕੀਤਾ। ਈਰਾਨੀ ਵਫ਼ਦ ‘ਚ ਸਿਸਤਾਨ-ਬਲੋਚਿਸਤਾਨ ਪ੍ਰਾਂਤ ਦੇ ਗਵਰਨਰ-ਜਨਰਲ, ਈਰਾਨ ਦੇ ਉਪ ਗ੍ਰਹਿ ਮੰਤਰੀ, ਸ਼ਹਿਰੀ ਵਿਕਾਸ ਤੇ ਆਵਾਜਾਈ ਦੇ ਉਪ ਮੰਤਰੀ, ਰਾਸ਼ਟਰੀ ਈਰਾਨੀ ਤੇਲ ਕੰਪਨੀ (ਐੱਨ. ਆਈ. ਓ. ਸੀ.) ਦੇ ਮੁਖੀ, ਈਰਾਨ ਦੇ ਖੇਤੀਬਾੜੀ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧੀ ਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਪਾਕਿ ‘ਚ ਈਰਾਨ ਦੇ ਰਾਜਦੂਤ ਰੇਜ਼ਾ ਅਮੀਰੀ ਮੋਘਦਮ ਵੀ ਸ਼ਾਮਿਲ ਸਨ। ਮੋਮੇਨੀ ਦੀ ਇਹ ਯਾਤਰਾ ਵਧੇ ਹੋਏ ਖੇਤਰੀ ਤਣਾਅ ਵਿਚਕਾਰ ਆਈ ਹੈ, ਜਿਸ ‘ਚ ਈਰਾਨ ਤੇ ਸੰਯੁਕਤ ਰਾਜ ਅਮਰੀਕਾ ਹੋਰਮੁਜ਼ ਜਲਡਮਰੂ ‘ਤੇ ਨਵੇਂ ਸਿਰੇ ਤੋਂ ਟਕਰਾਅ ‘ਚ ਰੁੱਝੇ ਹੋਏ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਇਕ ਨਾਜ਼ੁਕ ਅੰਤਰਿਮ ਸਮਝੌਤੇ ਦੀ ਸਥਿਰਤਾ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਈਰਾਨੀ ਗ੍ਰਹਿ ਮੰਤਰੀ ਮੋਮੇਨੀ ਨੇ ਕਿਹਾ ਕਿ ਉਨ੍ਹਾਂ ਦੀ ਪਾਕਿ ਫੇਰੀ ਦਾ ਮੁੱਖ ਉਦੇਸ਼ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਮੁੱਖ ਖੇਤਰਾਂ ‘ਚ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਪਹਿਲਾਂ ਹੀ ਦੁਵੱਲੇ ਵਪਾਰ ਨੂੰ 10 ਅਰਬ ਡਾਲਰ ਦੇ ਸ਼ੁਰੂਆਤੀ ਟੀਚੇ ਤੱਕ ਵਧਾਉਣ ਲਈ ਸਹਿਮਤ ਹੋ ਚੁੱਕੀਆਂ ਸਨ।
ਜੰਗ ਵਿਚਕਾਰ ਪਾਕਿ ਪੁੱਜੇ ਈਰਾਨ ਦੇ ਗ੍ਰਹਿ ਮੰਤਰੀ ਮੋਮੇਨੀ
ਅਜੀਤ ਡੈਸਕ
22-07-2026