28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਦੇਸ਼ ਬੈਠੇ ਵਿਅਕਤੀ ਨੇ 2200 ਰੁਪਏ ਦੇ ਕੇ ਸੁਟਵਾਇਆ ਸੀ ਭਾਜਪਾ ਦਫ਼ਤਰ ’ਤੇ ਪੈਟਰੋਲ ਬੰਬ

Ad Position 21
No active advertisement
ਅਜੀਤ ਡੈਸਕ 29-07-2026

ਸੰਗਰੂਰ, 28 ਜੁਲਾਈ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਦਫ਼ਤਰ ’ਤੇ ਪੈਟਰੋਲ ਬੰਬ ਸੁੱਟਣ ਵਾਲੇ ਦੋਵੇਂ ਨੌਜਵਾਨਾਂ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਜੁਲਾਈ ਨੂੰ ਸੰਗਰੂਰ ਸਥਿਤ ਭਾਜਪਾ ਦਫ਼ਤਰ ਉਤੇ ਪੈਟਰੋਲ ਬੰਬ ਨਾਲ ਕੀਤੇ ਹਮਲੇ ਦੇ ਮਾਮਲੇ ’ਚ ਨੌਜਵਾਨਾਂ ਹੈਪੀ ਸਿੰਘ ਵਾਸੀ ਭੰਮਾਬੱਦੀ ਅਤੇ ਜਸਪ੍ਰੀਤ ਸਿੰਘ ਜੱਸੀ ਵਾਸੀ ਸ਼ਹੀਦ ਊਧਮ ਸਿੰਘ ਬਸਤੀ ਲਹਿਰਾ ਨੂੰ ਮੁਕੱਦਮੇ ਵਿਚ ਨਾਮਜਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਪਾਸੋਂ ਵਾਰਦਾਤ ਮੌਕੇ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਦੀ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਦੋਵੇਂ ਸ਼ੋਸਲ ਮੀਡੀਆ ਰਾਹੀਂ ਵਿਦੇਸ਼ ਵਿਚ ਬੈਠੇ ਰਾਣਾ ਭਾਈ ਨਾਮੀ ਵਿਅਕਤੀ ਦੇ ਸੰਪਰਕ ਵਿਚ ਸਨ, ਜਿਸ ਨੇ ਦੋਵਾਂ ਨੌਜਵਾਨਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕੇ ਦੀ ਵੀਡੀਓ ਉਸ ਤੱਕ ਭੇਜਣ ਬਦਲੇ ਵੱਡੀ ਰਕਮ ਦੇਣ ਦੀ ਵਾਅਦਾ ਕੀਤਾ ਸੀ, ਪਰ ਰਾਣਾ ਭਾਈ ਨੇ ਹੁਣ ਤੱਕ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਖਾਤਿਆਂ ਵਿਚ ਮਹਿਜ਼ 2200 ਰੁਪਏ ਹੀ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਰਾਣਾ ਭਾਈ ਦੇ ਕਹਿਣ ਉਤੇ ਦੋਵਾਂ ਵਲੋਂ ਵਾਰਦਾਤ ਦੀ ਵੀਡੀਓ ਵੀ ਬਣਾਈ ਗਈ ਸੀ ਤਾਂ ਜੋ ਉਹ ਵੀਡੀਓ ਰਾਣਾ ਭਾਈ ਨੂੰ ਭੇਜ ਕੇ ਤੈਅ ਹੋਏ ਪੈਸੇ ਹਾਸਿਲ ਕਰ ਸਕਣ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਇਕ ਫਲਿੱਪਕਾਰਟ ਕੰਪਨੀ ਵਿਚ ਡਿਲੀਵਰੀ ਦਾ ਕੰਮ ਕਰਦਾ ਹੈ ਅਤੇ ਦੂਜਾ ਲੱਕੜ ਦਾ ਮਿਸਤਰੀ ਹੈ। ਇਹ ਦੋਵੇਂ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਰਾਣਾ ਭਾਈ ਦੇ ਸੰਪਰਕ ਵਿਚ ਸਨ ਅਤੇ ਰਾਣਾ ਭਾਈ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਦੋਵੇਂ ਨੌਜਵਾਨਾਂ ਨੂੰ ਕੀਤੀਆਂ ਗਈਆਂ ਯੂ.ਪੀ.ਆਈ. ਟਰਾਂਜ਼ੈਕਸ਼ਨ ਤੋਂ ਇਹ ਗੱਲ ਸਾਫ ਹੋਈ ਹੈ ਕਿ ਰਾਣਾ ਭਾਈ ਦੇਸ਼ ਤੋਂ ਬਾਹਰ ਬੈਠ ਕੇ ਇਹ ਕੰਮ ਕਰਵਾ ਰਿਹਾ ਸੀ।ਇਸ ਮੌਕੇ ਐਸ.ਪੀ. (ਡੀ) ਦਵਿੰਦਰ ਅੱਤਰੀ, ਡੀ.ਐਸ.ਪੀ. ਸੰਗਰੂਰ ਦਲਵੀਰ ਸਿੰਘ ਸਿੱਧੂ, ਡੀ.ਐਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ, ਡੀ.ਐਸ.ਪੀ (ਡੀ.) ਸੁਖਦੇਵ ਸਿੰਘ, ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਸਿਟੀ -1 ਮੁਖੀ ਇੰਸਪੈਕਟਰ ਸੁਖਦੀਪ ਸਿੰਘ, ਥਾਣੇਦਾਰ ਜਸਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ। ਇਸੇ ਦੌਰਾਨ ਸੰਗਰੂਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਹੈਪੀ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਬਾਅਦ ਦੁਪਹਿਰ ਸੰਗਰੂਰ ਅਦਾਲਤ ਵਿਚ ਪੇਸ਼ ਕਰ ਕੇ ਦੋਵਾਂ ਦਾ 8 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਅਦਾਲਤ ਵਿਚ ਭਾਜਪਾ ਦੀ ਪੈਰਵਾਈ ਕਰ ਰਹੇ ਐਡਵੋਕੇਟ ਲਲਿਤ ਗਰਗ ਨੇ ਦੱਸਿਆ ਕਿ ਅਦਾਲਤ ਵਲੋਂ ਦੋਹਾਂ ਨੌਜਵਾਨਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿਬੂਬਾ ਮੁਫ਼ਤੀ ਨੇ ਜੰਤਰ-ਮੰਤਰ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਨੀਟ ਯੂ.ਜੀ. 2026 ਪੇਪਰ ਲੀਕ ਮਾਮਲੇ ’ਚ ਦੋਸ਼ਪੱਤਰ ਦਾਇਰ
Ad Position 24