11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ 9 ਬਿੱਲ ਪਾਸ

* ਹੁਣ ਨਿੱਜੀ ਸਕੂਲ ਨਵੇਂ ਵਿੱਦਿਅਕ ਸੈਸ਼ਨ ’ਚ 5 ਫ਼ੀਸਦੀ ਤੋਂ ਨਹੀਂ ਵਧਾ ਸਕਣਗੇ ਫ਼ੀਸ-ਮੁੱਖ ਮੰਤਰੀ * ਕਿਹਾ, ਠੇਕੇਦਾਰ ਪ੍ਰਣਾਲੀ ਖ਼ਤਮ ਹੋਣ ਨਾਲ ਮੁਲਾਜ਼ਮਾਂ ਦੀ ਬਲੈਕਮੇਲਿੰਗ ਖ਼ਤਮ ਹੋਵੇਗੀ ਚੰਡੀਗੜ੍ਹ, 10 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਵਿਚ ਅੱਜ ਮੌਨਸੂਨ ਇਜਲਾਸ ਦੇ ਆਖਰੀ ਦਿਨ 9 ਬਿੱਲ ਪ੍ਰਵਾਨ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਸ.

Ad Position 21
No active advertisement
ਅਜੀਤ ਡੈਸਕ 11-08-2026

* ਹੁਣ ਨਿੱਜੀ ਸਕੂਲ ਨਵੇਂ ਵਿੱਦਿਅਕ ਸੈਸ਼ਨ ’ਚ 5 ਫ਼ੀਸਦੀ ਤੋਂ ਨਹੀਂ ਵਧਾ ਸਕਣਗੇ ਫ਼ੀਸ-ਮੁੱਖ ਮੰਤਰੀ
* ਕਿਹਾ, ਠੇਕੇਦਾਰ ਪ੍ਰਣਾਲੀ ਖ਼ਤਮ ਹੋਣ ਨਾਲ ਮੁਲਾਜ਼ਮਾਂ ਦੀ ਬਲੈਕਮੇਲਿੰਗ ਖ਼ਤਮ ਹੋਵੇਗੀ


ਚੰਡੀਗੜ੍ਹ, 10 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਵਿਚ ਅੱਜ ਮੌਨਸੂਨ ਇਜਲਾਸ ਦੇ ਆਖਰੀ ਦਿਨ 9 ਬਿੱਲ ਪ੍ਰਵਾਨ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਇਕੋ ਦਿਨ ਇੰਨੇ ਇਕੱਠੇ ਬਿੱਲ ਪੇਸ਼ ਕਰਨ, ਜਿਨ੍ਹਾਂ ’ਚੋਂ ਤਿੰਨ ਬਿੱਲ ਅੱਜ ਹੀ ਪੇਸ਼ ਕੀਤੇ ਗਏ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਮੈਂਬਰਾਂ ਲਈ ਇੰਨੇ ਬਿੱਲਾਂ ਲਈ ਇਕੱਠੇ ਬਹਿਸ ਕਰਨੀ ਸੰਭਵ ਹੀ ਨਹੀਂ ਹੈ ਅਤੇ ਜੋ ਬਿੱਲ ਅੱਜ ਪੇਸ਼ ਹੋਏ ਹਨ ਉਨ੍ਹਾਂ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਕਾਂਗਰਸ ਦੇ ਵਿਰੋਧ ਕਾਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੂੰ ਸਲਾਹ ਦਿੱਤੀ ਕਿ ਭਵਿੱਖ ਲਈ ਕੋਈ ਵੀ ਬਿੱਲ ਵਿਚਾਰ-ਵਟਾਂਦਰੇ ਤੋਂ 15 ਦਿਨ ਪਹਿਲਾਂ ਸਦਨ ਵਿਚ ਪੇਸ਼ ਕੀਤਾ ਜਾਵੇ ਤਾਂ ਜੋ ਮੈਂਬਰਾਂ ਨੂੰ ਤਿਆਰੀ ਕਰਨ ਸੰਬੰਧੀ ਕੋਈ ਇਤਰਾਜ਼ ਨਾ ਰਹੇ। ਵਿਧਾਨਿਕ ਕੰਮਕਾਜ ਦੌਰਾਨ ਜੋ ਬਿੱਲ ਅੱਜ ਪਾਸ ਕੀਤੇ ਗਏ ਉਨ੍ਹਾਂ ਵਿਚ ਪੰਜਾਬ ਕਾਮਨ ਇਨਫਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੈਨਟੇਨੈਂਸ) ਸੋਧ ਬਿੱਲ 2026, ਪੰਜਾਬ ਰੈਗੂਲੇਸ਼ਨ ਆਫ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨ (ਸੋਧ) ਬਿੱਲ 2026, ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2026, ਐਮ.ਐਸ. ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ (2026), ਫਿਜ਼ਿਕਸਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026, ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2026, ਪੰਜਾਬ ਰਾਜ ਆਊਟਸੋਰਸ ਪ੍ਰਸੋਨਲ ਬਿੱਲ 2026, ਪੰਜਾਬ ਪੰਚਾਇਤੀ ਰਾਜ (ਸੋਧ) ਬਿੱਲ 2026 ਅਤੇ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਬਿੱਲ 2026 ਸ਼ਾਮਿਲ ਸਨ। ਠੇਕਾ ਮੁਲਾਜ਼ਮਾਂ ਨੂੰ ਠੇਕੇਦਾਰਾਂ ਰਾਹੀ ਰੱਖਣ ਦੀ ਥਾਂ ਸਿੱਧੇ ਸਰਕਾਰ ਨਾਲ ਸਮਝੌਤਾ ਕਰਕੇ ਰੱਖਣ ਸੰਬੰਧੀ ਪਾਸ ਕੀਤੇ ਬਿੱਲ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਵਰਕਰ ਦੀ ਹੁੰਦੀ ਲੁੱਟ ਬੰਦ ਹੋਵੇਗੀ ਅਤੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਦੇ ਨਾਲ ਪ੍ਰੋਵੀਡੈਂਟ ਫੰਡ ਅਤੇ ਈ.ਐਸ.ਆਈ. ਵਰਗੀਆਂ ਸਹੂਲਤਾਂ ਵੀ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਕੋਈ 28 ਹਜ਼ਾਰ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਹੁਣ ਤੱਕ ਮਨੁੱਖ ਦੁਆਰਾ ਮਨੁੱਖ ਦਾ ਸ਼ੋਸ਼ਣ ਹੋ ਰਿਹਾ ਸੀ। ਨਿੱਜੀ ਸਕੂਲਾਂ ’ਤੇ 5 ਪ੍ਰਤੀਸ਼ਤ ਤੋਂ ਵੱਧ ਫ਼ੀਸਾਂ ਨਾ ਵਧਾ ਸਕਣ ਸੰਬੰਧੀ ਪਾਸ ਕੀਤੇ ਗਏ ਬਿੱਲ ਸੰਬੰਧੀ ਵੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ 7800 ਨਿੱਜੀ ਖੇਤਰ ਦੇ ਸਕੂਲਾਂ ’ਚ 32 ਲੱਖ ਬੱਚੇ ਪੜ੍ਹਦੇ ਹਨ, ਉਨ੍ਹਾਂ ਨੂੰ ਇਸ ਬਿੱਲ ਦਾ ਲਾਭ ਮਿਲੇਗਾ। ਤਿੰਨ ਨਵੀਆਂ ਡਿਜੀਟਲ ਯੂਨੀਵਰਸਿਟੀਆਂ ਸੰਬੰਧੀ ਪਾਸ ਕੀਤੇ ਗਏ ਬਿੱਲਾਂ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਇਸ ਨਾਲ ਪੰਜਾਬ ਦੇ ਸਿੱਖਿਆ ਖੇਤਰ ਨੂੰ ਇਕ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਪ੍ਰੋਫੈਸ਼ਨਲ ਕੋਰਸਾਂ ਲਈ ਤਜਰਬਾ ਤੇ ਟਰੇਨਿੰਗ ਲਾਜ਼ਮੀ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚੋਂ ਹੈ, ਜਦੋਂਕਿ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਸ਼ਵ ਦੀਆਂ 100 ਬਿਹਤਰੀਨ ਯੂਨੀਵਰਸਿਟੀਆਂ ’ਚ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਦੇਸ਼ਾਂ ਤੋਂ ਵੀ ਕਾਫ਼ੀ ਵਿਦਿਆਰਥੀ ਆ ਰਹੇ ਹਨ।
ਇਜਲਾਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਰਾਜ ਵਿਚ ਗੈਰ ਪੰਜਾਬੀਆਂ ਦੀ ਭਰਤੀ ਦਾ ਮੁੱਦਾ ਉਠਾਇਆ ਗਿਆ ਅਤੇ ਸਿਹਤ ਵਿਭਾਗ ਅਤੇ ਬਿਜਲੀ ਕਾਰਪੋਰੇਸ਼ਨ ਵਿਚ ਹਰਿਆਣਾ ਤੇ ਰਾਜਸਥਾਨ ਦੇ ਵਸਨੀਕਾਂ ਨੂੰ ਵੱਡੀ ਪੱਧਰ ’ਤੇ ਭਰਤੀ ਕਰਨ ਦਾ ਦੋਸ਼ ਲਗਾਇਆ ਪਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਪੰਜਾਬ ਵਿਚ ਭਰਤੀ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਇਹ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਜਦੋਂਕਿ ਪ੍ਰਗਟ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦਾ ਦੋਸ਼ ਸੀ ਕਿ 10ਵੀਂ ਤਕ ਪੰਜਾਬੀ ਪਾਸ ਹੋਣ ਦੀ ਸ਼ਰਤ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਅਰੋੜਾ ਵਲੋਂ ਮੌਜੂਦਾ ਸਰਕਾਰ ਦੌਰਾਨ ਔਰਤਾਂ ਨੂੰ ਸਸ਼ਕਤੀਕਰਨ , ਸੁਰੱਖਿਆ ਤੇ ਸਨਮਾਨ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨ ਲਈ ਮਤਾ ਪਾਸ ਕੀਤਾ ਗਿਆ ਅਤੇ ਸਰਕਾਰ ਵਲੋਂ ਔਰਤਾਂ ਨੂੰ ਦਿੱਤੀ ਗਈ 1000 ਤੇ 1500 ਰੁਪਏ ਮਹੀਨਾ ਰਾਸ਼ੀ ਅਤੇ ਚੁੱਕੇ ਗਏ ਹੋਰ ਕਦਮਾਂ ਦੀ ਸ਼ਲਾਘਾ ਕੀਤੀ ਗਈ। ਆਮ ਆਦਮੀ ਪਾਰਟੀ ਦੇ ਹੀ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਮੌਜੂਦਾ ਸਰਕਾਰ ਵਲੋਂ ਟੇਲਾਂ ਤਕ ਪਾਣੀ ਪਹੁੰਚਾਉਣ ਅਤੇ ਕੱਸੀਆਂ ਤੇ ਖਾਲ਼ਿਆਂ ਨੂੰ ਦੁਬਾਰਾ ਬਹਾਲ ਕਰਨ ਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਸ਼ਲਾਘਾ ਲਈ ਮਤਾ ਲਿਆਂਦਾ ਗਿਆ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਇਸ ਮਤੇ ’ਤੇ ਬੋਲਦਿਆਂ ਕਿਹਾ ਕਿ ਸਰਕਾਰ ਰਾਜ ਦੀਆਂ ਨਹਿਰਾਂ ਦੀ ਪਾਣੀ ਲਿਜਾਉਣ ਦੀ ਸਮਰੱਥਾ 22 ਹਜ਼ਾਰ ਕਿਊਸਿਕ ਤੋਂ ਵਧਾ ਕੇ 39 ਹਜ਼ਾਰ ਕਿਊਸਿਕ ਕਰ ਦਿੱਤੀ ਹੈ ਅਤੇ 19,316 ਕਿਲੋਮੀਟਰ ਖਾਲ ਹੁਣ ਤੱਕ ਚਾਲੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਰਾਜ ਦੇ 48 ਬਲਾਕਾਂ ਵਿਚ ਪਹਿਲੀ ਵਾਰ ਪਾਣੀ ਦਾ ਪੱਧਰ ਸੁਧਰਿਆ ਹੈ। ਨਹਿਰੀ ਪਾਣੀ ਦੀ ਉਪਲਬਧਤਾ ਵਧਣ ਦੀ ਸਦਨ ਦੇ ਬਹੁਤ ਸਾਰੇ ਮੈਂਬਰਾਂ ਨੇ ਸਰਕਾਰ ਦੀ ਸ਼ਲਾਘਾ ਕੀਤੀ। ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਨਹਿਰਾਂ ਦੀ ਸਮਰੱਥਾ ਵਧਣ ਨਾਲ ਹੁਣ ਭਾਖੜਾ ਨਹਿਰ ਜਿੰਨੀ ਵਾਧੂ ਸਮਰੱਥਾ ਸਾਨੂੰ ਮਿਲ ਗਈ ਹੈ। ਸਦਨ ਵਲੋਂ ਔਰਤਾਂ ਦੀ ਸਸ਼ਕਤੀਕਰਨ ਅਤੇ ਟੇਲਾਂ ਤੱਕ ਪਾਣੀ ਪਹੁੰਚਾਉਣ ਸੰਬੰਧੀ ਦੋਵੇਂ ਗੈਰ ਸਰਕਾਰੀ ਮਤਿਆਂ ਨੂੰ ਅੱਜ ਪਾਸ ਕਰ ਦਿੱਤਾ ਗਿਆ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਇਜਲਾਸ ਅਣਮਿੱਥੇ ਸਮੇਂ ਲਈ ਉੱਠਾ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦਾ ਇਜਲਾਸ ਵੇਖਣ ਲਈ ਅੱਜ ਮਲੇਸ਼ੀਆ ਦੇ ਇਕ ਪ੍ਰਾਂਤ ਪੀਨਾਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦੀਉ ਅਤੇ ਉਨ੍ਹਾਂ ਦੇ ਸਪੁੱਤਰ ਅਕਸ਼ੇ ਸਿੰਘ ਦੀਉ ਸਾਥੀਆਂ ਸਮੇਤ ਗਵਰਨਰ ਬਾਕਸ ਵਿਚ ਹਾਜ਼ਰ ਸਨ, ਜਿਨ੍ਹਾਂ ਦਾ ਸਦਨ ਵਿਚ ਥਪਥਪਾ ਕੇ ਸਵਾਗਤ ਕੀਤਾ। ਇੰਗਲੈਂਡ ਦੇ ਸਿੱਖ ਸਾਂਸਦ ਅਤੇ ਬ੍ਰਿਟਿਸ਼ ਪਾਰਲੀਮੈਂਟ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਵੀ ਅੱਜ ਸਦਨ ਦੀ ਕਾਰਵਾਈ ਦੇਖਣ ਆਏ ਜਿਨ੍ਹਾਂ ਦਾ ਸਦਨ ਮੈਂਬਰਾਂ, ਸੀਪਕਰ ਤੇ ਮੁੱਖ ਮੰਤਰੀ ਵਲੋਂ ਸਵਾਗਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਨਸ਼ਿਆਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਘੇਰੀ ਸਰਕਾਰ ਅਗਲੀ ਖ਼ਬਰ ਬਦਤਰ ਬਣੀ ਜਲੰਧਰ ਤੋਂ ਲੰਘਦੇ ਹਾਈਵੇ , ਸਰਵਿਸ ਰੋਡ ਦੀ ਹਾਲਤ
Ad Position 24