ਹਰਕਵਲਜੀਤ ਸਿੰਘ ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 12 ਅਗਸਤ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪਾਲ ਪੰਜਾਬ ਤੇ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਦਿੱਲੀ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨਾਲ ਕੁਝ ਸਮਾਂ ਗੁਜ਼ਾਰਨ ਲਈ 10 ਦਿਨਾਂ ਦੀ ਪੈਰੋਲ ਲਈ ਪੱਤਰ ਲਿਖਣ ਅਤੇ ਅੱਜ ਸਵੇਰੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣੀ ਮੰਗ ਦੁਹਰਾਉਣ ਨਾਲ ਜੋ ਸਿਆਸੀ ਘਟਨਾਕ੍ਰਮ ਸ਼ੁਰੂ ਹੋਇਆ ਸੀ, ਉਹ ਅੱਜ ਰਾਤ ਡੈਡਲਾਕ ’ਚ ਫਸ ਗਿਆ, ਕਿਉਂਕਿ ਕੇਂਦਰੀ ਗ੍ਰਹਿ ਵਿਭਾਗ ਵਲੋਂ ਭਾਈ ਹਵਾਰਾ ਨੂੰ ਕੇਵਲ ਕੁਝ ਘੰਟਿਆਂ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਨੇੜੇ ਉਨ੍ਹਾਂ ਦੇ ਪਿੰਡ ਲਿਆਉਣ ਦੀ ਪ੍ਰਵਾਨਗੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਦਿੱਲੀ ਤੋਂ ਲਿਜਾ ਕੇ ਸ਼ਾਮ ਵਾਪਿਸ ਜੇਲ੍ਹ ਲੈ ਲਿਆਂਦਾ ਜਾਵੇ। ਪੰਜਾਬ ਪੁਲਿਸ ਅਤੇ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਈ ਹਵਾਰਾ ਨੂੰ ਦਿੱਲੀ ਤੋਂ ਆਪਣੀ ਸੁਰੱਖਿਆ ਵਿਚ ਲਿਆਉਣ, ਪਿੰਡ ਰੱਖਣ ਅਤੇ ਵਾਪਸ ਦਿੱਲੀ ਛੱਡਣ ਲਈ ਪ੍ਰਬੰਧ ਕਰ ਲਏ ਗਏ ਸਨ ਅਤੇ ਬੁਲਟਪਰੂਫ ਗੱਡੀਆਂ ਵੀ ਇਸ ਮੰਤਵ ਲਈ ਮੁਹੱਈਆ ਕਰ ਦਿੱਤੀਆਂ ਸਨ। ਲੇਕਿਨ ਅੱਜ ਰਾਤ ਪੰਜਾਬ ਪੁਲਿਸ ਦੇ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਸੀ ਕਿ ਭਾਈ ਹਵਾਰਾ ਵਲੋਂ ਮਾਤਾ ਨੂੰ ਮਿਲਣ ਲਈ 2-3 ਘੰਟੇ ਦਾ ਸਮਾਂ ਦੇਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਕੇਂਦਰ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗੀ ਅਤੇ ਕੀ ਪੈਰੋਲ ਦਾ ਸਮਾਂ ਵਧਾਇਆ ਜਾਵੇਗਾ। ਵਰਨਣਯੋਗ ਹੈ ਕਿ ਕਤਲਾਂ ਤੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਚੰਗੇ ਆਚਰਨ ਤੇ ਵਿਵਹਾਰ ਵਾਲੇ ਦੱਸ ਕੇ ਉਨ੍ਹਾਂ ਨੂੰ 40-40 ਦਿਨ ਦੀਆਂ ਸਾਲ 2 ਤੋਂ 3 ਪੈਰੋਲ ਮਿਲ ਰਹੀਆਂ ਹਨ। ਜਦੋਂਕਿ ਭਾਈ ਹਵਾਰਾ ’ਤੇ ਮੁੱਖ ਤੌਰ ’ਤੇ ਕੇਸ ਕਤਲ ਦੀ ਸਾਜਿਸ ਦਾ ਹੀ ਹੈ। ਵਰਨਣਯੋਗ ਹੈ ਕਿ ਸਿੱਖ ਜਥੇਬੰਦੀ ਵਲੋਂ ਬੰਦੀ ਸਿੱਖਾਂ ਦੇ ਮੁੱਦੇ ’ਤੇ 15 ਅਗਸਤ ਨੂੰ ਇਕ ਵੱਡੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਅਤੇ ਸਰਕਾਰ ਪੈਰੋਲ ਦੇ ਕੇ ਇਸ ਤੋਂ ਵੀ ਬਚਣਾ ਚਾਹੁੰਦੀ ਸੀ । ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਲੋਂ ਵੀ ਅੱਜ ਸ਼ਾਮ ਰਾਜਪਾਲ ਪੰਜਾਬ ਨਾਲ ਪੰਜਾਬ ਲੋਕ ਭਵਨ ਵਿਖੇ ਮੁਲਾਕਾਤ ਕੀਤੀ ਗਈ ਅਤੇ ਚਰਚਾ ਇਹ ਸੀ ਕਿ ਇਸ ਮੁਲਾਕਾਤ ਦਾ ਏਜੰਡਾ ਵੀ ਭਾਈ ਹਵਾਰਾ ਨਾਲ ਸੰਬੰਧਿਤ ਸੀ। ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਸ ਢੰਗ ਨਾਲ ਖੁੱਲ੍ਹ ਕੇ ਭਾਈ ਹਵਾਰਾ ਦੀ ਪੈਰੋਲ ਲਈ ਵਕਾਲਤ ਕੀਤੀ ਗਈ, ਉਸ ਨਾਲ ਆਮ ਆਦਮੀ ਪਾਰਟੀ ਨੂੰ ਪੰਥਕ ਹਲਕਿਆਂ ਤੇ ਸਿਆਸੀ ਲਾਭ ਮਿਲ ਸਕਦਾ ਹੈ ਜੋ ਕਿ ਦੂਜੀਆਂ ਪਾਰਟੀਆਂ ਲਈ ਚਿੰਤਾ ਦਾ ਵੀ ਵਿਸ਼ਾ ਹੈ। ਸੂਬੇ ਦੀ ਭਾਜਪਾ ਲੀਡਰਸ਼ਿਪ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਅਗਰ ਇਹ ਪੈਰੋਲ ਸਿਰੇ ਨਹੀਂ ਚੜ੍ਹਦੀ ਤਾਂ ਭਾਜਪਾ ਨੂੰ ਇਸ ਦਾ ਸਿਆਸੀ ਨੁਕਸਾਨ ਵੀ ਹੋ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਬਾਦਲ ਦੇ ਆਗੂ ਸ. ਸੁਖਬੀਰ ਸਿੰਘ ਬਾਦਲ ਵੀ ਇਸ ਮਾਮਲੇ ’ਤੇ ਚੁੱਪੀ ਰੱਖ ਰਹੇ ਹਨ। ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਵੀ ਇਸ ਵੇਲੇ ਪੈਰੋਲ ’ਤੇ ਲੱਗੀਆਂ ਹੋਈਆਂ ਹਨ, ਕਿਉਂਕਿ ਸੂਬੇ ਦੇ ਲੋਕਾਂ ਲਈ ਇਹ ਵੱਡਾ ਸੰਵੇਦਨਸ਼ੀਲ ਮੁੱਦਾ ਹੈ। ਇਸ ਤੋਂ ਪਹਿਲਾਂ ਬਿਰਧ ਅਤੇ ਬਿਮਾਰ ਮਾਤਾ ਵਲੋਂ ਆਪਣੇ ਪੁੱਤਰ ਨੂੰ ਮਿਲਣ ਦੀ ਉਮੀਦ ਦੇ ਮੱਦੇਨਜ਼ਰ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦਾ ਮਾਮਲਾ ਮੁੜ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਭਾਈ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਦੀ ਸਿਫ਼ਾਰਸ਼ ਕਰਨ ਦੀ ਅਪੀਲ ਕੀਤੀ ਅਤੇ ਮਾਮਲੇ ਦੇ ਮਨੁੱਖੀ ਪੱਖ ਨੂੰ ਤਰਜੀਹ ਦੇਣ ਦੀ ਗੱਲ ਕਹੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਸੰਬੰਧੀ ਪੱਤਰ ਲਿਖਿਆ ਸੀ। ਹੁਣ ਮੁੱਖ ਮੰਤਰੀ ਨੇ ਖ਼ੁਦ ਰਾਜਪਾਲ ਨਾਲ ਮੁਲਾਕਾਤ ਕਰਕੇ ਮਾਮਲਾ ਉਠਾਉਂਦਿਆਂ 10 ਦਿਨਾਂ ਦੀ ਪੈਰੋਲ ਦੇਣ ਦੀ ਅਪੀਲ ਕੀਤੀ ਹੈ। ਰਾਜਪਾਲ ਨਾਲ ਮੁਲਾਕਾਤ ਕਰਨ ਉਪਰੰਤ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਿਰਧ ਅਵਸਥਾ ਵਿਚ ਹਨ ਅਤੇ ਉਮਰ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਤਾ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਦੀ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਨੂੰ ਮਨੁੱਖੀ ਆਧਾਰ ’ਤੇ ਵਿਚਾਰਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਅਰਸੇ ਬਾਅਦ ਮਾਤਾ ਨੂੰ ਆਪਣੇ ਪੁੱਤਰ ਨਾਲ ਮਿਲਣ ਦੀ ਉਮੀਦ ਜਾਗੀ ਹੈ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਮਾਤਾ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਭਾਈ ਹਵਾਰਾ ਨੂੰ ਜਲਦ ਤੋਂ ਜਲਦ 10 ਦਿਨਾਂ ਦੀ ਪੈਰੋਲ ਦੇਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਭਾਈ ਹਵਾਰਾ ਨੂੰ ਪੈਰੋਲ ਮਿਲਦੀ ਹੈ ਤਾਂ ਪੰਜਾਬ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੂਰੇ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਦੇ ਘਰ ਆਉਣ ਦੌਰਾਨ ਸੂਬੇ ’ਚ ਅਮਨ-ਸ਼ਾਂਤੀ ਦੀ ਵਿਵਸਥਾ ਪ੍ਰਭਾਵਿਤ ਨਾ ਹੋਵੇ, ਇਸ ਲਈ ਸਰਕਾਰ ਵਲੋਂ ਲੋੜੀਂਦੇ ਸਾਰੇ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਈ ਹਵਾਰਾ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵਲੋਂ ਵੀ ਇਸ ਮਾਮਲੇ ’ਚ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿਚ ਵੀ ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।