– ਫਿਰ ਸਵਾਲੀਆ ਘੇਰੇ ਹੇਠ ਐਨ.ਟੀ.ਏ. –
ਸੋਸ਼ਲ ਮੀਡੀਆ ਤੋਂ ਸੜਕਾਂ ਤੱਕ ਵਿਦਿਆਰਥੀਆਂ ਦਾ ਰੋਹ ਪ੍ਰਦਰਸ਼ਨ
ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)- ਪੇਪਰ ਲੀਕ ਦੇ ਇਲਜ਼ਾਮਾਂ ਦੇ ਵਿਵਾਦਿਤ ਸੇਕ ਦਰਮਿਆਨ ਰਾਸ਼ਟਰੀ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਯੂ.ਜੀ.ਸੀ. - ਐਨ.ਈ.ਟੀ. ਦੀ ਅੰਗਰੇਜ਼ੀ, ਕਾਮਰਸ ਅਤੇ ਸ਼ੋਸਿਆਲੋਜੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਐਨ.ਟੀ.ਏ. ਦਾਖ਼ਲਾ ਪ੍ਰੀਖਿਆਵਾਂ ਕਰਵਾਉਣ ਵਾਲੀ ਨੇਮਬੱਧ ਸੰਸਥਾ ਨੇ ਤਿੰਨੋਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਸ਼ਨ-ਪੱਤਰ ’ਚ ਸਪੈਲਿੰਗ ਦੀਆਂ ਕਾਫੀ ਗ਼ਲਤੀਆਂ ਸਨ। ਨਾਲ ਹੀ ਕਿਹਾ ਕਿ ਪ੍ਰੀਖਿਆਵਾਂ ’ਚ ਪਹਿਲੇ ਪੁੱਛੇ ਜਾ ਚੁੱਕੇ ਸਵਾਲ ਦੁਹਰਾਏ ਗਏ ਸੀ। ਐਨ.ਟੀ.ਏ. ਦੇ ਦੁਬਾਰਾ ਪ੍ਰੀਖਿਆ ਕਰਵਾਉਣ ਤੋਂ ਬਾਅਦ ਜਿਥੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਰੋਹ ਪ੍ਰਦਰਸ਼ਨ ਕਰਦਿਆਂ ਐਨ.ਟੀ.ਏ. ਨੂੰ ਭੰਗ ਕਰਨ ਦੀ ਮੰਗ ਕੀਤੀ, ਉਥੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮੋਦੀ ਜੀ! ਵੇਖੋ ਤੁਹਾਡੀ ਐਨ.ਟੀ.ਏ. ਨੇ ਕੀ ਕੀਤਾ।
3 ਵਿਸ਼ਿਆਂ ਦੀ ਪ੍ਰੀਖਿਆ ਹੋਈ ਰੱਦ
ਐਨ.ਟੀ.ਏ. ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅੰਗਰੇਜ਼ੀ, ਕਾਮਰਸ ਅਤੇ ਸੋਸ਼ੋਲੋਜੀ (ਸਮਾਜ ਸ਼ਾਸਤਰ) ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਇਸ ਪੂਰੇ ਮਾਮਲੇ ’ਚ 3 ਵਿਸ਼ਿਆਂ ਦੇ ਪੇਪਰ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਐਨ.ਟੀ.ਏ. ਨੇ ਇਕ ਕਮੇਟੀ ਬਣਾਈ ਸੀ। ਕਮੇਟੀ ਦੀ ਜਾਂਚ ਤੋਂ ਬਾਅਦ ਐਨ.ਟੀ.ਏ. ਨੇ ਮੁੜ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਅੰਗਰੇਜ਼ੀ ਦੀ ਪ੍ਰੀਖਿਆ 9 ਸਤੰਬਰ ਨੂੰ, ਕਾਮਰਸ ਦੀ 9 ਸਤੰਬਰ ਨੂੰ ਅਤੇ 10 ਸਤੰਬਰ ਨੂੰ ਸੋਸ਼ੋਲੋਜੀ ਦੀ ਪ੍ਰੀਖਿਆ ਹੋਏਗੀ। ਐਨ.ਟੀ.ਏ. ਨੇ ਸਪੱਸ਼ਟ ਕੀਤਾ ਕਿ ਤਿੰਨੋਂ ਵਿਸ਼ਿਆਂ ਦੇ ਉਮੀਦਵਾਰਾਂ ਤੋਂ ਦੁਬਾਰਾ ਪ੍ਰੀਖਿਆ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ। 84 ਹੋਰ ਵਿਸ਼ਿਆਂ ਦੇ ਨਤੀਜੇ ਤੈਅ ਪ੍ਰੋਗਰਾਮ ਮੁਤਾਬਿਕ ਹੀ ਜਾਰੀ ਕੀਤੇ ਜਾਣਗੇ। ਦੁਬਾਰਾ ਪ੍ਰੀਖਿਆ ਦੇ ਕਾਰਨ ਨਤੀਜਿਆਂ ’ਚ ਦੇਰੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਐਨ.ਟੀ.ਏ. ਨੇ ਐਤਵਾਰ ਸਵੇਰੇ ਹੀ ਯੂ.ਜੀ.ਸੀ. - ਐਨ.ਈ.ਟੀ. ਦੇ 87 ’ਚੋਂ 84 ਵਿਸ਼ਿਆਂ ਦੀ ਪ੍ਰੋਵੀਜ਼ਿਨਲ ਆਂਸਰ - ਕੀ (ਉੱਤਰ ਪੱਤਰੀ) ਜਾਰੀ ਕੀਤੀ ਸੀ। ਪਰ ਇਨ੍ਹਾਂ ਤਿੰਨਾਂ ਵਿਸ਼ਿਆਂ ਦੀ ਉੱਤਰ-ਪੱਤਰੀ ਜਾਰੀ ਨਹੀਂ ਕੀਤੀ ਸੀ।
ਵਿਦਿਆਰਥੀਆਂ ’ਚ ਭਾਰੀ ਰੋਸ
ਐਨ.ਟੀ.ਏ. ਵਲੋਂ ਤਿੰਨ ਵਿਸ਼ਿਆਂ ’ਚ ਪ੍ਰੀਖਿਆਵਾਂ ਦੁਬਾਰਾ ਕਰਵਾਉਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਜੰਮ ਕੇ ਪ੍ਰਦਰਸ਼ਨ ਕੀਤਾ। ਉਮੀਦਵਾਰਾਂ ਨੇ ਪ੍ਰੀਖਿਆ ਰੱਦ ਕਰਨ ਦੀ ਜਾਣਕਾਰੀ ਦੇਣ ਦੇ ਸਮੇਂ ਨੂੰ ਲੈ ਕੇ ਵੀ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਐਨ.ਟੀ.ਏ. ਨੇ ਇਸ ਮਾਮਲੇ ’ਚ ਤਕਰੀਬਨ 50 ਦਿਨਾਂ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। ਹੁਣ ਜਦੋਂ ਉੱਤਰ-ਪੱਤਰੀ ਜਾਰੀ ਕੀਤੀ ਗਈ ਤਾਂ ਪ੍ਰੀਖਿਆ ਰੱਦ ਕਰਨ ਦੀ ਗੱਲ ਸਾਹਮਣੇ ਆਈ। ਕਾਂਗਰਸ ਦੀ ਅਗਵਾਈ ਵਾਲੀ ਐਨ.ਐਸ.ਯੂ.ਆਈ. ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਐਨ.ਟੀ.ਏ. ਭੰਗ ਕਰਨ ਦੇ ਬੈਨਰ ਲੈ ਕੇ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਦੁਬਾਰਾ ਪ੍ਰੀਖਿਆ ਲਈ ਦਿੱਤੇ ਗਏ 20 ਦਿਨਾਂ ਦੇ ਸਮੇਂ ਨੂੰ ਵੀ ਨਾਕਾਫ਼ੀ ਦੱਸਦਿਆਂ ਕਿਹਾ ਕਿ ਇੰਨੇ ਘੱਟ ਸਮੇਂ ’ਚ ਦੁਬਾਰਾ ਪ੍ਰੀਖਿਆ ਦੇਣਾ ਮੁਸ਼ਕਿਲ ਹੈ, ਜੋ ਪਹਿਲਾਂ ਪ੍ਰੀਖਿਆ ਦੇ ਚੁੱਕੇ ਹਨ ਅਤੇ ਹੁਣ ਅੱਗੇ ਦੇ ਅਮਲ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਇਹ ਨਾਅਰੇ ਵੀ ਲਾਏ ਕਿ ਨੇਤਾ (ਧਰਮਿੰਦਰ ਪ੍ਰਧਾਨ) ਬਦਲਿਆ, ਪਰ ਮੰਸ਼ਾ ਨਹੀਂ। ਵਿਦਿਆਰਥੀਆਂ ਨੇ ਐਨ.ਟੀ.ਏ. ਨੂੰ ਉਨ੍ਹਾਂ ਦੇ ਸਫ਼ਰ ਦਾ ਖ਼ਰਚ ਉਠਾਉਣ ਅਤੇ ਗ੍ਰਹਿ ਨਗਰ ਦੇ ਕੋਲ ਪ੍ਰੀਖਿਆ ਕੇਂਦਰ ਦਾ ਬਦਲ ਦੇਣ ਦੀ ਵੀ ਮੰਗ ਕੀਤੀ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਬਣਾਇਆ ਨਿਸ਼ਾਨਾ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਐਨ.ਟੀ.ਏ. ਵਲੋਂ ਕੀਤੀ ‘ਕੁਤਾਹੀ’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਜੀ ! ਵੇਖੋ ਤੁਹਾਡੀ ਐਨ.ਟੀ.ਏ. ਨੇ ਫਿਰ ਕੀ ਕੀਤਾ। ਉਨ੍ਹਾਂ ਕਿਹਾ ਕਿ 22 ਤੋਂ 30 ਜੂਨ ਦਰਮਿਆਨ ਅੰਗਰੇਜ਼ੀ, ਕਾਮਰਸ ਅਤੇ ਸ਼ੋਸਿਆਲੋਜੀ ਵਿਸ਼ੇ ਦੀਆਂ ਯੂ.ਜੀ.ਸੀ. - ਐਨ.ਈ.ਟੀ. ਪ੍ਰੀਖਿਆਵਾਂ ਕਰਵਾਈਆਂ ਗਈਆਂ। ਤਕਰੀਬਨ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਐਨ.ਟੀ.ਏ. ਨੇ ਇਨ੍ਹਾਂ ਤਿੰਨੋਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਗ਼ਲਤ ਪ੍ਰਸ਼ਨ-ਪੱਤਰ ਤਿਆਰ ਕੀਤੇ ਅਤੇ ਪੁਰਾਣੇ ਸਵਾਲ ਦੁਬਾਰਾ ਪੁੱਛ ਲਏ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਹਜ਼ਾਰਾਂ ਉਮੀਦਵਾਰ ਜਿਨ੍ਹਾਂ ਨੇ ਸਾਲਾਂ ਤੱਕ ਮਿਹਨਤ ਨਾਲ ਤਿਆਰੀ ਕੀਤੀ, ਫਾਰਮ ਭਰੇ, ਫ਼ੀਸਾਂ ਦਿੱਤੀਆਂ ਅਤੇ ਦੂਰ-ਦਰਾਜ ਦੇ ਪ੍ਰੀਖਿਆ ਕੇਂਦਰਾਂ ਦਾ ਸਫ਼ਰ ਕੀਤਾ। ਹੁਣ ਉਨ੍ਹਾਂ ਨੂੰ ਸਤੰਬਰ ’ਚ ਇਹ ਸਭ ਫਿਰ ਤੋਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗ਼ਲਤੀ ਐਨ.ਟੀ.ਏ. ਕਰਦਾ ਹੈ ਪਰ ਉਸ ਦੀ ਸਜ਼ਾ ਦੇਸ਼ ਦੇ ਵਿਦਿਆਰਥੀਆਂ ਨੂੰ ਭੁਗਤਣੀ ਪੈਂਦੀ ਹੈ। ਰਾਹੁਲ ਗਾਂਧੀ ਨੇ ਸਿੱਖਿਆ ਵਿਵਸਥਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ’ਚ ਸਿੱਖਿਆ ਵਿਵਸਥਾ ਬਣੀ ਹੀ ਨਹੀਂ ਹੈ, ਇਹ ਸਿਰਫ਼ ਪੈਸੇ ਅਤੇ ਮਿਹਨਤ ਨਿਚੋੜਣ ਵਾਲੀ ਮਸ਼ੀਨ ਬਣ ਚੁੱਕੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਐਨ.ਟੀ.ਏ. ਅਜੇ ਵੀ ਅਸਲੀ ਸਵਾਲ ਦਾ ਜਵਾਬ ਨਹੀਂ ਦੇ ਰਹੀ। ਕੀ ਪ੍ਰੀਖਿਆ ਤੋਂ ਪਹਿਲਾਂ ਹੀ ਇਹ ਪੇਪਰ ਲੀਕ ਹੋ ਚੁੱਕੇ ਸਨ। ਕਾਂਗਰਸੀ ਨੇਤਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਹਰ ਏਜੰਸੀ ਵਾਂਗ ਐਨ.ਟੀ.ਏ. ਵੀ ਕਦੇ ਆਪਣੀ ਗ਼ਲਤੀ ਨਹੀਂ ਮੰਨਦੀ। ਉਨ੍ਹਾਂ ਕਿਹਾ ਕਿ ਬਾਕੀ ਲੀਕ ਹੋਏ ਪੇਪਰਾਂ ਵਾਂਗ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਮਾਮਲੇ ’ਚ ਵੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਇਸ ਦਿਸ਼ਾ ’ਚ ਪਹਿਲਾ ਕਦਮ ਹੋਣਾ ਚਾਹੀਦਾ ਸੀ, ਆਖਰੀ ਨਹੀਂ। ਐਨ.ਟੀ.ਏ. ਦੀ ਸਿਖਰਲੀ ਲੀਡਰਸ਼ਿਪ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਸਤੰਬਰ ’ਚ ਦੁਬਾਰਾ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਲਤੀ ਉਨ੍ਹਾਂ ਦੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਕ ਅਜਿਹਾ ਸਿਸਟਮ ਬਣਾਇਆ ਹੈ, ਜੋ ਇਕ ਪ੍ਰੀਖਿਆ ਤੱਕ ਠੀਕ ਤਰ੍ਹਾਂ ਨਾਲ ਨਹੀਂ ਕਰਵਾ ਸਕਦਾ ਹੈ ਅਤੇ ਫਿਰ ਦੋਸ਼ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ’ਤੇ ਪਾ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੇ ਕੀਮਤੀ ਸਾਲ ਖੋਹੇ ਜਾ ਰਹੇ ਹਨ ਅਤੇ ਜਦੋਂ ਤੱਕ ਪ੍ਰਧਾਨ ਮੰਤਰੀ ਇਸ ਦਾ ਜਵਾਬ ਨਹੀਂ ਦਿੰਦੇ ਅਸੀਂ ਚੁੱਪ ਨਹੀਂ ਬੈਠਾਂਗੇ।