17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

20 ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਬ-ਡਵੀਜ਼ਨਾਂ ’ਚ ਸਾੜੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ-ਡੱਲੇਵਾਲ

20 ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਬ-ਡਵੀਜ਼ਨਾਂ ’ਚ ਸਾੜੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ-ਡੱਲੇਵਾਲ

Ad Position 21
No active advertisement
ਅਜੀਤ ਡੈਸਕ 18-08-2026

51 ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ

ਖਨੌਰੀ (ਸੰਗਰੂਰ), 17 ਅਗਸਤ (ਬਲਵਿੰਦਰ ਸਿੰਘ ਥਿੰਦ)-ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਕਿਸਾਨ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਸ਼ਾਮ ਖਨੌਰੀ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਵਿਖੇ ਹੋਈ। ਮੀਟਿੰਗ ਦੀ ਅਗਵਾਈ ਮੋਰਚੇ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ। ਮੀਟਿੰਗ ਦੌਰਾਨ ਖਨੌਰੀ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਦੀ ਸ਼ਹਾਦਤ ਵਾਲੀ ਥਾਂ ਦੀ ਮਿੱਟੀ ਜੰਤਰ-ਮੰਤਰ ਤੱਕ ਲੈ ਕੇ ਜਾਣ ਲਈ ਰਵਾਨਾ ਹੋਏ 51 ਕਿਸਾਨਾਂ ਦੇ ਕਾਫ਼ਲੇ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ ਹਰਿਆਣਾ ਪੁਲਿਸ ਵਲੋਂ ਰੋਕੇ ਜਾਣ ਦੇ ਮਾਮਲੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਪੈਦਲ ਜਾਣ ਤੋਂ ਰੋਕਣ ਦੇ ਵਿਰੋਧ ਵਿਚ 20 ਅਗਸਤ ਨੂੰ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ-ਡਵੀਜ਼ਨਾਂ ’ਤੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਿਸਾਨ ਅੰਦੋਲਨ ਨੂੰ ਹੋਰ ਸੂਬਿਆਂ ਤੱਕ ਲਿਜਾਣ ਲਈ ਵੱਡੀਆਂ ਕਿਸਾਨ ਮਹਾ ਪੰਚਾਇਤਾਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਕਰਨਾਟਕ ਵਿਚ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ, ਜਿਸ ਵਿਚ ਕਿਸਾਨ ਆਗੂਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਹੈ। ਖਨੌਰੀ ਬਾਰਡਰ ’ਤੇ ਕਿਸਾਨਾਂ ਦੀ ਗਿਣਤੀ ਵਧਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਡੱਲੇਵਾਲ ਨੇ ਕਿਹਾ ਕਿ ਫ਼ਿਲਹਾਲ ਮੋਰਚੇ ਨੂੰ ਉਸੇ ਸਥਿਤੀ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕਿਸੇ ਵੱਡੇ ਪੱਕੇ ਧਰਨੇ ਜਾਂ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਕਰਨ ਦਾ ਪ੍ਰੋਗਰਾਮ ਨਹੀਂ ਹੈ। ਦਿੱਲੀ ਜਾਣ ਵਾਲੇ 51 ਕਿਸਾਨਾਂ ਅਤੇ ਉਨ੍ਹਾਂ ਦੇ ਸਹਾਇਕਾਂ ਵਲੋਂ ਇੱਥੇ ਰਹਿ ਕੇ ਅਗਲੇ ਫ਼ੈਸਲੇ ਦੀ ਉਡੀਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਨਾਲ ਵੀ ਦੋ ਵਾਰ ਮੀਟਿੰਗ ਹੋ ਚੁੱਕੀ ਹੈ। ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਅਗਲੀ ਰਣਨੀਤੀ ਸੰਬੰਧੀ ਜਾਣਕਾਰੀ ਲਈ ਗੱਲਬਾਤ ਕੀਤੀ ਗਈ ਹੈ।
ਕਿਸਾਨਾਂ ਨੂੰ ਖੁੱਲ੍ਹੇ ’ਚ ਬੈਠਣ ਲਈ ਮਜਬੂਰ ਨਾ ਕੀਤਾ ਜਾਵੇ
ਡੱਲੇਵਾਲ ਨੇ ਕਿਹਾ ਕਿ ਬੀਤੇ ਦਿਨ ਕਿਸਾਨਾਂ ਨੂੰ ਭਾਰੀ ਗਰਮੀ ਵਿਚ ਸਾਰਾ ਦਿਨ ਖੁੱਲ੍ਹੇ ਵਿਚ ਬੈਠਣਾ ਪਿਆ ਅਤੇ ਰਾਤ ਵੀ ਮੁਸ਼ਕਿਲ ਹਾਲਤਾਂ ਵਿਚ ਗੁਜ਼ਾਰਨੀ ਪਈ। ਉਨ੍ਹਾਂ ਕਿਹਾ ਕਿ ਸਰਹੱਦ ਦੇ ਨੇੜੇ ਜਿੱਥੇ ਕਿਸਾਨ ਮੌਜੂਦ ਹਨ, ਉੱਥੇ ਝਾੜੀਆਂ ਅਤੇ ਜੰਗਲੀ ਇਲਾਕਾ ਹੋਣ ਕਾਰਨ ਜ਼ਹਿਰੀਲੇ ਜੀਵ-ਜੰਤੂਆਂ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇੱਥੇ ਪੱਕੇ ਤੌਰ ’ਤੇ ਬੈਠਣ ਦਾ ਕੋਈ ਪ੍ਰੋਗਰਾਮ ਨਹੀਂ ਹੈ, ਪਰ ਜੇਕਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵਾਲੀ ਥਾਂ ’ਤੇ ਵੀ ਬੈਠਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਵੀ ਗੰਭੀਰ ਮਾਮਲਾ ਹੈ। 
ਕੇਂਦਰ ਨਾਲ ਗੱਲਬਾਤ ਪੁਰਾਣੇ ਬਿੰਦੂ ਤੋਂ ਅੱਗੇ ਵਧੇ : ਡੱਲੇਵਾਲ
ਕੇਂਦਰ ਸਰਕਾਰ ਨਾਲ ਮੁੜ ਗੱਲਬਾਤ ਦੇ ਸਵਾਲ ’ਤੇ ਡੱਲੇਵਾਲ ਨੇ ਕਿਹਾ ਕਿ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੜ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਉਸ ਨੂੰ ਮੁੜ ਸ਼ੁਰੂ ਤੋਂ ਸ਼ੁਰੂ ਕਰਨ ਦੀ ਬਜਾਏ ਪਹਿਲਾਂ ਹੋਈ ਗੱਲਬਾਤ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਪਹਿਲਾਂ ਵਿਚਾਰੇ ਜਾ ਚੁੱਕੇ ਹਨ, ਉਨ੍ਹਾਂ ’ਤੇ ਹੋਈ ਪ੍ਰਗਤੀ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਪੜਾਅ ’ਤੇ ਗੱਲਬਾਤ ਹੋਣੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਅਤੇ ਸਰਕਾਰ ਦੋਵਾਂ ਦਾ ਸਮਾਂ ਬਚ ਸਕੇ। ਉਨ੍ਹਾਂ ਦੁਹਰਾਇਆ ਕਿ ਸੰਯੁਕਤ ਕਿਸਾਨ ਮੋਰਚਾ ਆਪਣਾ ਸੰਘਰਸ਼ ਸ਼ਾਂਤਮਈ ਢੰਗ ਨਾਲ ਜਾਰੀ ਰੱਖੇਗਾ ਅਤੇ 20 ਅਗਸਤ ਦੇ ਰੋਸ ਪ੍ਰੋਗਰਾਮ ਤੋਂ ਬਾਅਦ ਅਗਲੇ ਪੜਾਅ ਦੀ ਰਣਨੀਤੀ ਸੰਬੰਧੀ ਫ਼ੈਸਲਾ ਕਿਸਾਨ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਉਪਰੰਤ ਲਿਆ ਜਾਵੇਗਾ।

 

Ad Position 22
No active advertisement
ਪਿਛਲੀ ਖ਼ਬਰ ਯੂ.ਜੀ.ਸੀ. -ਨੈੱਟ ’ਚ ਗੜਬੜੀ ਤੋਂ ਬਾਅਦ ਤਿੰਨ ਵਿਸ਼ਿਆਂ ਦੀ ਦੁਬਾਰਾ ਹੋਵੇਗੀ ਪ੍ਰੀਖਿਆ ਅਗਲੀ ਖ਼ਬਰ ਖੰਡ 65 ਰੁਪਏ ਕਿੱਲੋ ਹੋਣ ਨਾਲ ਵਿਗੜਿਆ ਰਸੋਈ ਦਾ ਬਜਟ
Ad Position 24