17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਖੰਡ 65 ਰੁਪਏ ਕਿੱਲੋ ਹੋਣ ਨਾਲ ਵਿਗੜਿਆ ਰਸੋਈ ਦਾ ਬਜਟ

ਖੰਡ 65 ਰੁਪਏ ਕਿੱਲੋ ਹੋਣ ਨਾਲ ਵਿਗੜਿਆ ਰਸੋਈ ਦਾ ਬਜਟ

Ad Position 21
No active advertisement
ਅਜੀਤ ਡੈਸਕ 18-08-2026

 ਇਕ ਮਹੀਨੇ ’ਚ ਹੀ 18 ਰੁਪਏ ਕਿੱਲੋ ਤੋਂ ਜ਼ਿਆਦਾ ਮਹਿੰਗੀ ਹੋਈ ਖੰਡ

ਜਲੰਧਰ, 17 ਅਗਸਤ (ਸ਼ਿਵ ਸ਼ਰਮਾ)-ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ਵਿਚ ਹੋ ਰਹੇ ਤੇਜ਼ ਵਾਧੇ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਖੰਡ ਦੀ ਕੀਮਤ ਵਿਚ ਹੋਏ ਵੱਡੇ ਵਾਧੇ ਕਾਰਨ ਜਿੱਥੇ ਥੋਕ ਵਪਾਰੀ ਵੀ ਹੈਰਾਨ ਹਨ, ਉੱਥੇ ਹੀ ਪਰਚੂਨ ਬਾਜ਼ਾਰ ਵਿਚ ਖੰਡ 65 ਤੋਂ 67 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਗਈ ਹੈ। ਇਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਰੀਬ ਇਕ ਮਹੀਨਾ ਪਹਿਲਾਂ ਥੋਕ ਬਾਜ਼ਾਰ ਵਿਚ ਖੰਡ ਦੀ ਕੀਮਤ ਲਗਭਗ 4500 ਰੁਪਏ ਪ੍ਰਤੀ ਕੁਇੰਟਲ ਸੀ। ਹੁਣ ਇਸ ਦਾ ਭਾਅ ਵਧ ਕੇ 6200 ਤੋਂ 6300 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਤਿੰਨ ਹਫ਼ਤਿਆਂ ਦੇ ਅੰਦਰ ਹੀ ਖੰਡ ਦੀ ਕੀਮਤ ਵਿਚ ਕਰੀਬ 1800 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋ ਚੁੱਕਾ ਹੈ। ਵਪਾਰਕ ਹਲਕਿਆਂ ਮੁਤਾਬਿਕ ਪਿਛਲੇ ਤਿੰਨ ਹਫ਼ਤਿਆਂ ਤੋਂ ਖੰਡ ਦੀ ਕੀਮਤ ਵਿਚ ਲਗਭਗ 100 ਰੁਪਏ ਪ੍ਰਤੀ ਕੁਇੰਟਲ ਰੋਜ਼ਾਨਾ ਦੇ ਹਿਸਾਬ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਖੰਡ ਦੀਆਂ ਕੀਮਤਾਂ ਵਿਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਹੀ ਦਿਨਾਂ ਬਾਅਦ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ। ਰੱਖੜੀ ਦੇ ਮੌਕੇ ’ਤੇ ਘਰਾਂ ਵਿਚ ਮਠਿਆਈਆਂ, ਬੇਕਰੀ ਦੇ ਉਤਪਾਦ ਬਣਾਉਣ ਲਈ ਖੰਡ ਦੀ ਮੰਗ ਵਧ ਜਾਂਦੀ ਹੈ। ਤਿਉਹਾਰੀ ਸੀਜ਼ਨ ਵਿਚ ਮੰਗ ਵਧਣ ਕਾਰਨ ਆਮ ਲੋਕਾਂ ਨੂੰ ਹੁਣ ਹੋਰ ਮਹਿੰਗੀ ਖੰਡ ਖ਼ਰੀਦਣੀ ਪੈ ਸਕਦੀ ਹੈ। ਕੇਂਦਰ ਸਰਕਾਰ ਵਲੋਂ ਬਾਜ਼ਾਰ ਵਿਚ ਸਪਲਾਈ ਵਧਾਉਣ ਲਈ ਕਰੀਬ 22.50 ਲੱਖ ਮੀਟਰਿਕ ਟਨ ਖੰਡ ਦਾ ਕੋਟਾ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਇਹ ਕੋਟਾ ਕਾਫ਼ੀ ਨਹੀਂ ਹੈ। ਮੰਗ ਦੇ ਮੁਕਾਬਲੇ ਸਪਲਾਈ ਘੱਟ ਰਹਿਣ ਕਾਰਨ ਖੰਡ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ। ਖੰਡ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਵਲੋਂ ਮਈ ਮਹੀਨੇ ਵਿਚ ਹੀ ਇਸ ਦੀ ਬਰਾਮਦ ’ਤੇ ਰੋਕ ਲਗਾਈ ਗਈ ਸੀ। ਇਸ ਤੋਂ ਬਾਅਦ ਖੰਡ ਦੇ ਸਟਾਕ ਦੀ ਹੱਦ ਵੀ ਤੈਅ ਕੀਤੀ ਗਈ, ਪਰ ਇਨ੍ਹਾਂ ਕਦਮਾਂ ਦੇ ਬਾਵਜੂਦ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਪੰਜਾਬ ਵਿਚ ਨਵੀਂ ਖੰਡ ਦੀ ਆਮਦ ਆਮ ਤੌਰ ’ਤੇ ਨਵੰਬਰ ਤੋਂ ਸ਼ੁਰੂ ਹੋਣੀ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਵੀ ਖੰਡ ਦੀ ਸਪਲਾਈ ਆਉਂਦੀ ਰਹੀ ਹੈ, ਪਰ ਇਸ ਸਮੇਂ ਉੱਤਰ ਪ੍ਰਦੇਸ਼ ਵਿਚ ਹੀ ਖੰਡ ਦੀ ਮੰਗ ਵਧਣ ਕਾਰਨ ਪੰਜਾਬ ਵੱਲ ਆਉਣ ਵਾਲੀ ਸਪਲਾਈ ਕਾਫ਼ੀ ਘਟ ਗਈ ਹੈ। ਵਪਾਰੀਆਂ ਮੁਤਾਬਿਕ ਕਈ ਥਾਵਾਂ ’ਤੇ ਇਹ ਆਮਦ ਨਾਂਹ-ਮਾਤਰ ਰਹਿ ਗਈ ਹੈ। ਖੰਡ ਦੀਆਂ ਕੀਮਤਾਂ ਵਿਚ ਅਚਾਨਕ ਹੋਏ ਵਾਧੇ ਕਾਰਨ ਆਮ ਖਪਤਕਾਰਾਂ ਵਿਚ ਰੋਸ ਅਤੇ ਚਿੰਤਾ ਦੋਵੇਂ ਪਾਈ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਕਾਰਨ ਘਰੇਲੂ ਬਜਟ ਵਿਗੜਿਆ ਹੋਇਆ ਹੈ ਅਤੇ ਹੁਣ ਖੰਡ ਵਰਗੀ ਰੋਜ਼ਾਨਾ ਵਰਤੋਂ ਦੀ ਚੀਜ਼ ਮਹਿੰਗੀ ਹੋਣ ਨਾਲ ਮੁਸ਼ਕਿਲ ਹੋਰ ਵਧ ਗਈ ਹੈ। ਲੋਕਾਂ ਨੂੰ ਡਰ ਹੈ ਕਿ ਰੱਖੜੀ ਅਤੇ ਆਉਣ ਵਾਲੇ ਤਿਉਹਾਰਾਂ ਦੌਰਾਨ ਮੰਗ ਵਧਣ ਨਾਲ ਖੰਡ ਦੀਆਂ ਕੀਮਤਾਂ ਵਿਚ ਹੋਰ ਉਛਾਲ ਆ ਸਕਦਾ ਹੈ। ਵਪਾਰੀਆਂ ਦਾ ਮੰਨਣਾ ਹੈ ਕਿ ਜਦੋਂ ਤੱਕ ਬਾਜ਼ਾਰ ਵਿਚ ਖੰਡ ਦੀ ਸਪਲਾਈ ਅਤੇ ਉਪਲਬਧਤਾ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਕੀਮਤਾਂ ਵਿਚ ਤੁਰੰਤ ਕਮੀ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਨਵੀਂ ਫ਼ਸਲ ਦੀ ਖੰਡ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਹੀ ਬਾਜ਼ਾਰ ਵਿਚ ਕੀਮਤਾਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ 20 ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਬ-ਡਵੀਜ਼ਨਾਂ ’ਚ ਸਾੜੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ-ਡੱਲੇਵਾਲ ਅਗਲੀ ਖ਼ਬਰ ਝਾਰਖੰਡ ਸਰਕਾਰ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ-ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ
Ad Position 24