ਨਵੀਂ ਦਿੱਲੀ, 17 ਅਗਸਤ (ਪੀ.ਟੀ.ਆਈ.)-ਏਅਰ ਇੰਡੀਆ ਗਰੁੱਪ ਦੇ ਦੋ ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਦਾ ਨਤੀਜੇ ਪਾਜ਼ੀਟਿਵ ਆਉਣ ਨਾਲ ਏਵੀਏਸ਼ਨ ਖੇਤਰ ’ਚ ਹੜਕੰਪ ਮਚ ਗਿਆ ਹੈ। ਪਾਇਲਟਾਂ ਦੇ ਨਮੂਨਿਆਂ ਨੂੰ ਅੰਤਿਮ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ ਹੈ। 4 ਅਗਸਤ ਨੂੰ ਫੁਕੇਟ ਤੋਂ ਦਿੱਲੀ ਆ ਰਹੀ ਫਲਾਈਟ ਦਾ ਪਾਇਲਟ-ਇਨ-ਕਮਾਂਡ ਮੈਰੀਜੁਆਨਾ (ਗਾਂਜਾ) ਦੇ ਟੈਸਟ ਵਿਚ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ 13 ਅਗਸਤ ਤੋਂ ਆਪਣੇ ਸਾਰੇ ਪਾਇਲਟਾਂ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ, ਇਸ ਸਕ੍ਰੀਨਿੰਗ ਮੁਹਿੰਮ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ ਦੋ ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਹਾਲਾਂਕਿ ਏਅਰ ਇੰਡੀਆ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ ਏ.ਵਨ 2379 ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਵਿਚ 137 ਯਾਤਰੀਆਂ ਅਤੇ 8 ਕਰੂ ਮੈਂਬਰਾਂ ਸਮੇਤ 145 ਲੋਕ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਅਚਾਨਕ ਲਗਭਗ 300 ਫੁੱਟ (91 ਮੀਟਰ) ਹੇਠਾਂ ਡਿੱਗ ਗਿਆ ਸੀ, ਜਿਸ ਕਾਰਨ 24 ਯਾਤਰੀ ਅਤੇ ਕਰੂ ਮੈਂਬਰ ਜ਼ਖ਼ਮੀ ਹੋ ਗਏ ਸਨ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਾਇਲਟ-ਇਨ-ਕਮਾਂਡ ਡਰੱਗਜ਼ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫ਼ੌਜ ਅਤੇ ਉਡਾਣ ਸੁਰੱਖਿਆ ਨਿਯਮਾਂ ਨੂੰ ਧਿਆਨ ’ਚ ਰੱਖਦਿਆਂ ਸਾਰੇ ਪਾਇਲਟਾਂ ਦੀ ਜਾਂਚ ਦਾ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚੋਂ ਫੇਲ੍ਹ
ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ’ਚੋਂ ਫੇਲ੍ਹ
ਅਜੀਤ ਡੈਸਕ
18-08-2026