ਕਾਠਮੰਡੂ, 29 ਅਗਸਤ (ਪੀ.ਟੀ.ਆਈ.)-ਨਿਪਾਲ ਵਿਚ ਆਏ ਤਬਾਹੀ ਮਚਾਉਣ ਵਾਲੇ ਹੜ੍ਹਾਂ ਕਾਰਨ ਸਨਿਚਰਵਾਰ ਨੂੰ ਮੌਤਾਂ ਦਾ ਅੰਕੜਾ 675 ਹੋ ਗਿਆ ਹੈ। ਬਚਾਅ ਟੀਮਾਂ ਤੇਜੀ ਨਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਰੱਖ ਰਹੀਆਂ ਹਨ ਅਤੇ ਲਗਭਗ 2,500 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, 2,400 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਰਾਸ਼ਟਰੀ ਆਫਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.ਏ.) ਦੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਨਿਪਾਲ ਵਿਚ 675 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਤਿੱਬਤ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ ਇਸ ਆਫਤ ਕਾਰਨ ਚੀਨ ਪਾਸੇ ਵੀ ਸੱਤ ਲੋਕ ਮਾਰੇ ਗਏ। ਖੋਜ ਅਤੇ ਬਚਾਅ ਕਾਰਜਾਂ ਲਈ 11,000 ਤੋਂ ਵੱਧ ਸੁਰੱਖਿਆ ਕਰਮਚਾਰੀ, ਜਿਨ੍ਹਾਂ ਵਿੱਚ 5,000 ਤੋਂ ਵੱਧ ਨਿਪਾਲ ਫ਼ੌਜ ਦੇ ਜਵਾਨ ਸ਼ਾਮਿਲ ਹਨ, ਨੂੰ ਤਾਇਨਾਤ ਕੀਤਾ ਗਿਆ ਹੈ। ਮੈਡੀਕਲ ਕਰਮਚਾਰੀਆਂ ਅਤੇ ਸੁਰੰਗ ਬਚਾਅ ਮਾਹਿਰਾਂ ਤੇ 11 ਮੈਂਬਰੀ ਭਾਰਤੀ ਟੀਮ ਵੀ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰਨ ਲਈ ਨਿਪਾਲ ਪਹੁੰਚੀ ਹੈ। ਨਿਪਾਲ ਫ਼ੌਜ ਦੇ ਜਨ ਸੰਪਰਕ ਨਿਰਦੇਸ਼ਾਲਾ ਦੇ ਅਨੁਸਾਰ ਹੁਣ ਤੱਕ 2,465 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚ 163 ਵਿਦੇਸ਼ੀ ਨਾਗਰਿਕ ਸ਼ਾਮਿਲ ਹਨ।
ਵਿਦੇਸ਼ੀਆਂ ਵਿਚ 113 ਭਾਰਤੀ, 26 ਚੀਨੀ, 15 ਦੱਖਣੀ ਕੋਰੀਆਈ, ਚਾਰ ਜਰਮਨ, ਇਟਲੀ ਅਤੇ ਅਮਰੀਕਾ ਤੋਂ ਦੋ-ਦੋ, ਅਤੇ ਇੱਕ ਓਮਾਨੀ ਨਾਗਰਿਕ ਸ਼ਾਮਿਲ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਟ੍ਰਿਸ਼ੁਲੀ ਅਤੇ ਰਸੂਆ ਵਿੱਚ ਵੱਖ-ਵੱਖ ਹਾਈਡ੍ਰੋਪਾਵਰ ਪ੍ਰੋਜੈਕਟਾਂ ਦੀਆਂ ਸੁਰੰਗਾਂ ਵਿੱਚੋਂ 191 ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ, ਜਦਕਿ ਬਾਹਰ ਕੱਢੇ ਗਏ ਲੋਕਾਂ ’ਚੋਂ 2,265 ਨੂੰ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ, 200 ਨੂੰ ਜ਼ਮੀਨੀ ਰਸਤਿਆਂ ਰਾਹੀਂ ਬਾਹਰ ਕੱਢਿਆ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਧੁੰਚੇ ਅਤੇ ਤ੍ਰਿਸ਼ੂਲੀ ਵਿਖੇ ਸਥਾਪਤ ਕੀਤੇ ਗਏ ਐਮਰਜੈਂਸੀ ਸਿਹਤ ਕੇਂਦਰਾਂ ਨੇ ਹੁਣ ਤੱਕ ਵੱਖ-ਵੱਖ ਹੜ੍ਹ-ਗ੍ਰਸਤ ਖੇਤਰਾਂ ਤੋਂ ਬਚਾਏ ਗਏ 1,706 ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਦੌਰਾਨ ਨਿਪਾਲ ਪੁਲਿਸ ਨੇ ਇੱਕ ਨੋਟਿਸ ਵਿੱਚ ਕਿਹਾ ਕਿ ਮੁਗਲਿੰਗ-ਕਾਠਮੰਡੂ ਹਾਈਵੇ, ਜੋ ਰਾਜਧਾਨੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਇੱਕ ਪ੍ਰਮੁੱਖ ਸੜਕੀ ਰਸਤਾ ਹੈ, ਨੇ ਸਨਿਚਰਵਾਰ ਨੂੰ ਆਪਣੀ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਨਿਪਾਲ ਵਿਚ ਹੜ੍ਹ ਅਤੇ ਢਿੱਗਾਂ ਡਿੱਗਣ ਦੇ ਖ਼ਤਰੇ ਕਾਰਨ ਪਿਛਲੇ ਚਾਰ ਦਿਨਾਂ ਤੋਂ ਰਾਸ਼ਟਰੀ ਰਾਜਮਾਰਗਾਂ ਅਤੇ ਕਈ ਪ੍ਰਮੁੱਖ ਸੜਕੀ ਹਿੱਸਿਆਂ ਵਿੱਚ ਰੁਕਾਵਟ ਆਈ ਹੋਈ ਹੈ। ਐੱਨ.ਡੀ.ਆਰ.ਆਰ.ਐੱਮ.ਏ. ਨੇ ਸ਼ੁੱਕਰਵਾਰ ਨੂੰ ਇਸ ਖੇਤਰ ਵਿੱਚ ਇੱਕ ਹੋਰ ਹੜ੍ਹ ਬਾਰੇ ਚਿਤਾਵਨੀ ਜਾਰੀ ਕੀਤੀ, ਕਿਉਂਕਿ ਬੁੱਧਵਾਰ ਦੇ ਅਚਾਨਕ ਹੜ੍ਹ ਵਾਲੀ ਥਾਂ ’ਤੇ ਪਾਣੀ ਦਾ ਪੱਧਰ ਵੱਧ ਗਿਆ ਸੀ। ਹਸਪਤਾਲ ਹੜ੍ਹ ਪੀੜਤਾਂ ਨਾਲ ਭਰੇ ਰਹੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਬਾਹਰ, ਚਿੰਤਤ ਪਰਿਵਾਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਜੋ ਇਸ ਆਫ਼ਤ ਵਿੱਚ ਅਜੇ ਵੀ ਲਾਪਤਾ ਆਪਣੇ ਮੈਂਬਰਾਂ ਬਾਰੇ ਜਾਣਕਾਰੀ ਲੱਭ ਰਹੇ ਸਨ।