ਚੰਡੀਗੜ੍ਹ, 2 ਸਤੰਬਰ (ਅਜੀਤ ਬਿਊਰੋ)-ਪੰਜਾਬ ’ਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਤੇ ਸੂਬੇ ਦੇ ਬਾਗਬਾਨੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੀ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਾਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਕ ਹਾਰਟੀਕਲਚਰ ਨਾਲਿਜ ਸੈਂਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ। ਇਹ ਪਹਿਲਕਦਮੀ 1200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਬਾਗਬਾਨੀ ਦਾ ਵਿਸਥਾਰ ਕਰਨਾ, ਵੈਲਿਊ ਚੇਨ ਨੂੰ ਮਜ਼ਬੂਤ ਕਰਨਾ ਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ 2036 ਤੱਕ ਬਾਗਬਾਨੀ ਹੇਠਲੇ ਰਕਬੇ ਨੂੰ 16 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਬਾਗਬਾਨੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਜੈਕਟ ਦਾ ਮੁੱਖ ਉਦੇਸ਼ ਬਾਗਬਾਨੀ ਹੇਠਲੇ ਰਕਬੇ ਦਾ ਵਿਸਥਾਰ ਤੇ ਮਜ਼ਬੂਤ ਵੈਲਿਊ ਚੇਨ ਬੁਨਿਆਦੀ ਢਾਂਚੇ ਰਾਹੀਂ ਬਾਗਬਾਨੀ ਫ਼ਸਲਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਨਾ ਸਿਰਫ਼ ਫ਼ਸਲੀ ਵਿਭਿੰਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਏਗਾ ਸਗੋਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ’ਚ ਸੁਧਾਰ ਲਿਆਉਣ ਤੇ ਪਾਣੀ ਦੀ ਸੰਭਾਲ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਵੱਲ ਵੀ ਉਤਸ਼ਾਹਿਤ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਇਸ ਸਮੇਂ 41.25 ਲੱਖ ਹੈਕਟੇਅਰ ਰਕਬਾ ਕਾਸ਼ਤ ਅਧੀਨ ਹੈ, ਜਿਸ ’ਚੋਂ 5.07 ਲੱਖ ਹੈਕਟੇਅਰ ਖੇਤਰ ਬਾਗਬਾਨੀ ਹੇਠ ਹੈ, ਜਿਸ ਦਾ ਉਤਪਾਦਨ 105.10 ਲੱਖ ਮੀਟ੍ਰਿਕ ਟਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਗਬਾਨੀ ’ਚ ਫਲ, ਸਬਜ਼ੀਆਂ, ਮਸਾਲੇ ਤੇ ਖੁਸ਼ਬੂਦਾਰ ਪਦਾਰਥ, ਫੁੱਲ ਤੇ ਹੋਰ ਵਸਤਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ’ਚ ਮੁੱਖ ਫਲ ਕਿੰਨੂ ਤੇ ਅਮਰੂਦ ਹਨ ਜਦਕਿ ਮੁੱਖ ਸਬਜ਼ੀਆਂ ਆਲੂ ਤੇ ਮਟਰ ਹਨ। ਇਸ ਤੋਂ ਇਲਾਵਾ ਮਧੂ-ਮੱਖੀ ਪਾਲਣ ਤੇ ਖੁੰਬਾਂ ਦੀ ਕਾਸ਼ਤਕਾਰੀ ਵੀ ਬਾਗਬਾਨੀ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ’ਚ ਵਿਭਿੰਨਤਾ ਲਿਆਉਣ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਜੇ.ਆਈ.ਸੀ.ਏ. ਦੇ ਸਹਿਯੋਗ ਵਾਲੇ ਇਸ 1200 ਕਰੋੜੀ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ’ਚ ਮਸ਼ੀਨਰੀ, ਬੁਨਿਆਦੀ ਢਾਂਚੇ, ਮਾਰਕੀਟਿੰਗ, ਬੀਜ ਤੇ ਖੋਜ ’ਚ ਨਿਵੇਸ਼ ਦੀ ਸੰਭਾਵਨਾ ਹੈ
, ਜਿਸ ਤਹਿਤ 2036 ਤੱਕ ਬਾਗਬਾਨੀ ਅਧੀਨ ਰਕਬਾ 16 ਲੱਖ ਹੈਕਟੇਅਰ ਤੱਕ ਵਧਾਇਆ ਜਾਣਾ ਹੈ, ਜੋ ਮੌਜੂਦਾ ਪੱਧਰ ਤੋਂ ਲਗਭਗ 300 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਮੁੱਖ ਤਰਜੀਹ ਇਕ ਟਿਕਾਊ ਬਾਗਬਾਨੀ ਵੈਲਿਊ ਚੇਨ ਵਿਕਸਿਤ ਕਰਨਾ, ਬਾਗਬਾਨੀ ਹੇਠਲੇ ਖੇਤਰ ਦਾ ਵਿਸਥਾਰ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉੱਚ-ਗੁਣਵੱਤਾ ਤੇ ਲਾਹੇਵੰਦ ਬੂਟਿਆਂ ਨਾਲ ਨਰਸਰੀਆਂ ਦੀ ਵਿਭਿੰਨਤਾ ਤੇ ਸੁਧਾਰ ਨੂੰ ਹੁਲਾਰਾ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਵਾਢੀ ਤੋਂ ਬਾਅਦ ਪ੍ਰਬੰਧਨ, ਬੁਨਿਆਦੀ ਢਾਂਚੇ ਦੇ ਵਿਕਾਸ, ਮਾਰਕੀਟ ਪਹੁੰਚ ’ਚ ਸੁਧਾਰ, ਵਿਸਥਾਰ ਸੇਵਾਵਾਂ ਨੂੰ ਮਜ਼ਬੂਤ ਕਰਨ, ਤਕਨੀਕੀ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਾਰਟੀਕਲਚਰ ਨਾਲਿਜ ਸੈਂਟਰ ਵਿਆਪਕ ਤੇ ਅਹਿਮ ਪਹਿਲਕਦਮੀ ਹੈ, ਜੋ ਖੋਜ, ਤਕਨੀਕੀ ਗਿਆਨ, ਸਮਰੱਥਾ ਨਿਰਮਾਣ ਤੇ ਨਵੀਨਤਮ ਬਾਗਬਾਨੀ ਅਭਿਆਸਾਂ ਨੂੰ ਅਪਣਾਉਣ ਲਈ ਸੰਸਥਾਗਤ ਸਹਾਇਤਾ ਮੁਹੱਈਆ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਵਧੀਆ ਬੂਟੇ ਤੇ ਕਾਸ਼ਤ ਤੋਂ ਲੈ ਕੇ ਵਾਢੀ ਤੋਂ ਬਾਅਦ ਦੇ ਪ੍ਰਬੰਧਨ, ਮਾਰਕੀਟਿੰਗ ਤੇ ਮਾਰਕੀਟ ਪਹੁੰਚ ਤੱਕ ਸਮੁੱਚੇ ਬਾਗਬਾਨੀ ਮਾਹੌਲ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ, ਜਿਸ ਨਾਲ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਦਿਆਂ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਬਿਹਤਰ ਬਣਾਉਣ ਲਈ ਢੁਕਵੇਂ ਮੌਕੇ ਪੈਦਾ ਹੋਣਗੇ। ਮੀਟਿੰਗ ’ਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਖੇਤੀਬਾੜੀ ਵਿਭਾਗ ਦੇ ਸਕੱਤਰ ਅਰਸ਼ਦੀਪ ਸਿੰਘ ਥਿੰਦ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।