ਨਵੀਂ ਦਿੱਲੀ, 7 ਸਤੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਰਾਜ ਵਿਧਾਨ ਸਭਾਵਾਂ ਅਤੇ ਲੋਕ ਸਭਾ ’ਚ ਔਰਤਾਂ ਦੀ 33 ਫ਼ੀਸਦੀ ਤੋਂ ਵੱਧ ਨੁਮਾਇੰਦਗੀ ਬਾਰੇ ਰਾਖਵਾਂਕਰਨ ਲਾਗੂ ਹੋਏਗਾ। ਬਿਰਲਾ ਨੇ ਉਕਤ ਬਿਆਨ ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਵਲੋਂ ਫ਼ਰੀਦਾਬਾਦ ’ਚ ਕਰਵਾਈ ਗਈ ਦੋ ਦਿਨਾ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਦਿੱਤਾ। ਬਿਰਲਾ ਨੇ ਲੋਕ ਸਭਾ ਅਤੇ ਰਾਜ ਸਭਾਵਾਂ ’ਚ ਔਰਤਾਂ ਦੇ 33 ਫ਼ੀਸਦੀ ਰਾਖਵੇਂਕਰਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਦੀ ਸਿਆਸੀ ਲੀਡਰਸ਼ਿਪ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਲੋਕਤੰਤਰਿਕ ਸੰਸਥਾਵਾਂ ’ਚ ਔਰਤਾਂ ਦੀ ਹੋਰ ਨੁਮਾਇੰਦਗੀ ਦੀ ਪੈਰਵੀ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਜਨਤਕ ਸੇਵਾਵਾਂ ’ਚ ਔਰਤਾਂ ਦੀ ਹਿੱਸੇਦਾਰੀ 50 ਫ਼ੀਸਦੀ ਤੋਂ ਵੱਧ ਹੋਏਗੀ। ਲੋਕ ਸਭਾ ਸਪੀਕਰ ਨੇ ਕਿਹਾ ਕਿ ਹੁਣ ਧਿਆਨ ਸਿਰਫ਼ ਮਦਦ ਅਤੇ ਮੌਕੇ ਦੇਣ ਤੋਂ ਹਟ ਕੇ ਔਰਤਾਂ ਨੂੰ ਨੀਤੀਆਂ, ਪ੍ਰੋਗਰਾਮਾਂ ਅਤੇ ਕਾਨੂੰਨਾਂ ਨੂੰ ਸਰਗਰਮ ਰੂਪ ਨਾਲ ਆਕਾਰ ਦੇਣ ਦੇ ਸਮਰੱਥ ਬਣਾਉਣ ’ਤੇ ਹੋਣਾ ਚਾਹੀਦਾ ਹੈ। ਔਰਤਾਂ ਨੂੰ ਖੁਦ ਉਨ੍ਹਾਂ ਕਾਨੂੰਨਾਂ ਨੂੰ ਤੈਅ ਕਰਨ ’ਚ ਹਿੱਸਾ ਲੈਣਾ ਚਾਹੀਦਾ ਹੈ ਜੋ ਉਨ੍ਹਾਂ ਦੀਆਂ ਆਸਾਂ ਅਤੇ ਸਰੋਕਾਰਾਂ ਨੂੰ ਹੱਲ ਕਰ ਸਕਣ। ਬਿਰਲਾ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਤਕਰੀਬਨ ਅੱਧ ਆਬਾਦੀ ਵਾਲੀ ਔਰਤਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਤੋਂ ਬਿਨਾਂ ਭਾਰਤ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਇਸ ਵਰਕਸ਼ਾਪ ’ਚ ਹਿੱਸਾ ਲੈਣ ਵਾਲੇ ਵਿਧਾਇਕ ਆਪੋ-ਆਪਣੇ ਹਲਕੇ ਦੇ ਤਜਰਬੇ ਅਤੇ ਸਫ਼ਲ ਪਹਿਲਾਂ ਨੂੰ ਸਾਂਝਾ ਕਰਨ ਤਾਂ ਜੋ ਸਭ ਤੋਂ ਵਧੀਆ ਅਮਲਾ ਨੂੰ ਦੇਸ਼ ਭਰ ’ਚ ਅਪਣਾਇਆ ਜਾ ਸਕੇ।
33 ਫ਼ੀਸਦੀ ਰਾਖਵਾਂਕਰਨ ਔਰਤਾਂ ਲਈ ਸਿਆਸੀ ਲੀਡਰਸ਼ਿਪ ਦੇ ਨਵੇਂ ਰਾਹ ਖੋਲ੍ਹੇਗਾ-ਬਿਰਲਾ
33 ਫ਼ੀਸਦੀ ਰਾਖਵਾਂਕਰਨ ਔਰਤਾਂ ਲਈ ਸਿਆਸੀ ਲੀਡਰਸ਼ਿਪ ਦੇ ਨਵੇਂ ਰਾਹ ਖੋਲ੍ਹੇਗਾ-ਬਿਰਲਾ
ਅਜੀਤ ਡੈਸਕ
08-09-2026