12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਰਤ-ਰੂਸ ਵਲੋਂ 2030 ਤੱਕ ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਸ਼ੁੱਕਰਵਾਰ ਨੂੰ ਤਕਰੀਬਨ ਇਕ ਘੰਟਾ ਹੋਈ ਦੁਵੱਲੀ ਮੀਟਿੰਗ ’ਚ ਦੋਹਾਂ ਨੇਤਾਵਾਂ ਨੇ ਸਿਆਸੀ, ਆਰਥਿਕ, ਰੱਖਿਆ, ਊਰਜਾ,...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਸ਼ੁੱਕਰਵਾਰ ਨੂੰ ਤਕਰੀਬਨ ਇਕ ਘੰਟਾ ਹੋਈ ਦੁਵੱਲੀ ਮੀਟਿੰਗ ’ਚ ਦੋਹਾਂ ਨੇਤਾਵਾਂ ਨੇ ਸਿਆਸੀ, ਆਰਥਿਕ, ਰੱਖਿਆ, ਊਰਜਾ, ਪੁਲਾੜ, ਹੁਨਰ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਬੰਧਾਂ ਨੂੰ ਲੈ ਕੇ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ ’ਚ ਚੱਲ ਰਹੀ ਜੰਗ ਖ਼ਤਮ ਕਰਨ ਲਈ ‘ਗੱਲਬਾਤ ਅਤੇ ਕੂਟਨੀਤੀ’ ਦਾ ਰਾਹ ਅਖ਼ਤਿਆਰ ਕਰਨ ਲਈ ਕਿਹਾ। ਨਾਲ ਹੀ ਕਾਲਾ ਸਾਗਰ ’ਚ ਭਾਰਤੀ ਮਲਾਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਲਾਮਤੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਦੁਵੱਲੀ ਮੁਲਾਕਾਤ ਤੋਂ ਬਾਅਦ ਜਿਥੇ ਕਾਰ ਡਿਪਲੋਮੈਸੀ ਦਾ ਸਹਾਰਾ ਲੈਂਦਿਆਂ ਇਕੱਠੇ ਕਾਰ ’ਚ ਬੈਠ ਕੇ ਭਾਰਤ ਮੰਡਪਮ ’ਚ ਪ੍ਰਦਰਸ਼ਨੀ ਵੇਖੀ, ਉਥੇ ਬ੍ਰਿਕਸ ਬਿਜ਼ਨੈੱਸ ਫੋਰਮ ਨੂੰ ਵੀ ਸੰਬੋਧਨ ਕੀਤਾ। ਇਨ੍ਹਾਂ ਸਾਰੀਆਂ ਸਰਗਰਮੀਆਂ ਦੌਰਾਨ ਹੱਥ ਮਿਲਾਉਣ, ਗਲੇ ਮਿਲਣ ਅਤੇ ਇਕੋ ਕਾਰ ’ਚ ਸਫ਼ਰ ਕਰਨ ਨੇ ਦੋਹਾਂ ਨੇਤਾਵਾਂ ਦੀ ਨੇੜਤਾ ਉਚੇਚੇ ਤੌਰ ’ਤੇ ਫੋਕਸ ’ਚ ਰਹੀ। ਹਲਕਿਆਂ ਮੁਤਾਬਿਕ ਦੋਵਾਂ ਨੇਤਾਵਾਂ ਦਰਮਿਆਨ ਮੁੱਖ ਤੌਰ ’ਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ 2030 ਤੱਕ ਦੋਹਾਂ ਦੇਸ਼ਾਂ ਦਰਮਿਆਨ 100 ਅਰਬ ਡਾਲਰ ਦੇ ਵਪਾਰ ਦਾ ਟੀਚਾ ਹਾਸਿਲ ਕਰਨ ’ਤੇ ਗੱਲ ਹੋਈ। ਜ਼ਿਕਰਯੋਗ ਹੈ ਕਿ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਵਪਾਰ ’ਚ ਵਾਧਾ ਹੋਇਆ ਹੈ। ਪਿਛਲੇ ਵਿੱਤੀ ਸਾਲ ’ਚ ਭਾਰਤ ਨੇ ਰੂਸ ਤੋਂ 50 ਅਰਬ ਡਾਲਰ ਤੋਂ ਵੱਧ ਦਾ ਕੱਚਾ ਤੇਲ ਦਰਾਮਦ ਕੀਤਾ, ਜਦਕਿ ਭਾਰਤ ਦਾ ਰੂਸ ਤੋਂ ਨਿਰਯਾਤ ਤਕਰੀਬਨ ਸਥਿਰ ਰਿਹਾ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਿਕ ਦੋਹਾਂ ਨੇਤਾਵਾਂ ਨੇ ਸਿਆਸਤ, ਅਰਥਵਿਵਸਥਾ, ਰੱਖਿਆ, ਊਰਜਾ, ਪੁਲਾੜ, ਹੁਨਰ ਲਈ ਲੋਕਾਂ ਦੀ ਆਵਾਜਾਈ ਅਤੇ ਲੋਕਾਂ ਦਰਮਿਆਨ ਸੰਪਰਕ ਸਮੇਤ ਕਈ ਖੇਤਰਾਂ ’ਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਦੇ ਏਜੰਡੇ ’ਚ ਖਾਸ ਤੌਰ ’ਤੇ ਫ਼ੌਜੀ ਖੇਤਰ ਅਤੇ ਪ੍ਰਮਾਣੂ ਊਰਜਾ ’ਚ ਰਣਨੀਤਕ ਸਹਿਯੋਗ ਨੂੰ ਵਧਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਸੁਰੰਗ ਸੰਪਰਕ ਨਾਲ ਜੁੜੇ ਬੁਨਿਆਦੀ ਢਾਂਚੇ ਜਿਹੇ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ ਗਈ।
ਤਮਿਲ ਗ੍ਰੰਥ ਦਾ ਰੂਸੀ ਅਨੁਵਾਦ ਪੁਤਿਨ ਨੂੰ ਕੀਤਾ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 2000 ਸਾਲ ਪੁਰਾਣੇ ਤਮਿਲ ਗ੍ਰੰਥ ਦਾ ਰੂਸੀ ਅਨੁਵਾਦ ਭੇਟ ਕੀਤਾ। ਮੋਦੀ ਨੇ ਤਿਰੁੱਕੁਰਲ ਨਾਂਅ ਦੇ ਇਸ ਗ੍ਰੰਥ ਨੂੰ ਭੇਟ ਕਰਨ ਦੇ ਨਾਲ ਇਸ ਦੀ ਖ਼ਾਸੀਅਤ ਵੀ ਦੱਸੀ। ਇਸ ਗ੍ਰੰਥ ਨੂੰ ਜੀਵਨ ਜਾਚ ਜਾਂ ਤਮਿਲ ਵੇਦ ਮੰਨਿਆ ਜਾਂਦਾ ਹੈ, ਜਿਸ ਦੀ ਰਚਨਾ ਮਹਾਨ ਤਮਿਲ ਕਵੀ ਅਤੇ ਦਾਰਸ਼ਨਿਕ ਸੰਤ ਤਿਰੁਵਲੁੱਵਰ ਨੇ ਕੀਤੀ ਸੀ। ਇਸ ਗ੍ਰੰਥ ’ਚ ਕੁੱਲ 133 ਅਧਿਆਏ ਅਤੇ 1380 ਦੋਹੇ ਹਨ। ਹਰ ਦੋਹੇ ’ਚ ਸਿਰਫ਼ 7 ਸ਼ਬਦ ਹਨ, ਪਰ ਉਨ੍ਹਾਂ ’ਚ ਸੱਚਾਈ, ਰਹਿਮ, ਅਹਿੰਸਾ, ਪਰਿਵਾਰਕ ਫਰਜ਼, ਕੂਟਨੀਤੀ, ਨਿਆਂ, ਦੋਸਤੀ, ਰਾਜ ਸੰਚਾਲਨ, ਪਿਆਰ, ਵਿਛੋਹ ਅਤੇ ਮਿਲਣ ਆਦਿ ਦੇ ਭਾਵਾਂ ਨਾਲ ਭਰਪੂਰ ਡੂੰਘੇ ਅਰਥ ਸਮੇਟੇ ਹੋਏ ਹਨ। ਮੋਦੀ ਨੇ ਕਿਤਾਬ ਭੇਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕਰਦਿਆਂ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਤਿਰੁਕੁੱਰਲ ਦਾ ਰੂਸੀ ਅਨੁਵਾਦ ਭੇਟ ਕੀਤਾ ਜਿਸ ’ਚ ਮਹਾਨ ਤਿਰੂਵਲੁੱਵਰ ਦਾ ਗਿਆਨ ਸਿਮਟਿਆ ਹੋਇਆ ਹੈ ਜੋ ਭਾਸ਼ਾਵਾਂ ਅਤੇ ਸਰਹੱਦਾਂ ਤੋਂ ਪੂਰੀ ਤਰ੍ਹਾਂ ਪਰ੍ਹਾਂ ਹੈ।
ਇੱਕੋ ਕਾਰ ’ਚ ਪਹੁੰਚੇ ਭਾਰਤ ਮੰਡਪਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਦੁਵੱਲੀ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਦੋਵੇਂ ਨੇਤਾ ਇਕੋ ਕਾਰ ’ਚ ਭਾਰਤ ਮੰਡਪਮ ’ਚ ਪ੍ਰਦਰਸ਼ਨੀ ਵੇਖਣ ਲਈ ਰਵਾਨਾ ਹੋਏ। ਦੋਵੇਂ ਨੇਤਾ ਪੁਤਿਨ ਦੀ ਲਿਮੋਜਿਨ, ਜਿਸ ਨੂੰ ‘ਪਹੀਆਂ ’ਤੇ ਬਣਿਆ ਕਿਲਾ’ ਵੀ ਕਿਹਾ ਜਾਂਦਾ ਹੈ, ’ਚ ‘ਇਨੋਪ੍ਰੋਮ’ ਜੋ ਕਿ ਵਿਸ਼ਵ ਭਰ ਦੇ ਉਤਪਾਦਕਾਂ ਅਤੇ ਖਰੀਦਦਾਰਾਂ ਨੂੰ ਇਕੋ ਆਲਮੀ ਮੰਚ ’ਤੇ ਲਿਆਉਣ ਵਾਲੀ ਅੰਤਰਰਾਸ਼ਟਰੀ ਉਦਯੋਗਿਕ ਪ੍ਰਦਰਸ਼ਨੀ ਹੈ, ਵਿਖੇ ਪਹੁੰਚੇ। ਦੱਸਣਯੋਗ ਹੈ ਕਿ ਇਹ ਚੌਥਾ ਮੌਕਾ ਹੈ ਜਦੋਂ ਮੋਦੀ ਅਤੇ ਪੁਤਿਨ ਨੇ ਕਾਰ ’ਚ ਇਕੱਠਿਆਂ ਸਫਰ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਚੀਨ ’ਚ ਹੋਏ ਸ਼ੰਘਾਈ ਸਹਿਯੋਗ ਸੰਸਥਾ (ਐਸ.ਸੀ.ਓ.) ਸ਼ਿਖਰ ਸੰਮੇਲਨ ’ਚ ਵੀ ਪੁਤਿਨ ਅਤੇ ਮੋਦੀ ਨੇ ਇਸੇ ਕਾਰ ’ਚ ਇਕੱਠੇ ਸਫਰ ਕੀਤਾ ਸੀ। ਉਸ ਤੋਂ ਪਹਿਲਾਂ ਵੀ ਦੋ ਹੋਰ ਮੌਕਿਆਂ ’ਤੇ ਦੋਵੇਂ ਨੇਤਾ ਇਕੱਠੇ ਕਾਰ ’ਚ ਬੈਠੇ ਸਨ।
ਮੋਦੀ ਨੇ ਮੁੜ ਗੱਲਬਾਤ ਦਾ ਰਾਹ ਅਪਣਾਉਣ ਦਾ ਕੀਤਾ ਸਮਰਥਨ
18ਵੇਂ ਬ੍ਰਿਕਸ ਸਿਖਰ ਸੰਮੇਲਨ ਤੋਂ ਅਲਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਦਰਮਿਆਨ ਹੋਈ ਦੁਵੱਲੀ ਗੱਲਬਾਤ ’ਚ ਇਕ ਵਾਰ ਫਿਰ ਗੱਲਬਾਤ ਦਾ ਰਾਹ ਅਪਣਾਉਣ ਦੀ ਹਮਾਇਤ ਕੀਤੀ। ਮੀਟਿੰਗ ਦੌਰਾਨ ਮੋਦੀ ਅਤੇ ਪੁਤਿਨ ਦਰਮਿਆਨ ਮੱਧ ਪੂਰਬੀ ਜੰਗ ਅਤੇ ਕਾਲਾ ਸਾਗਰ ਖਿੱਤੇ ’ਚ ਚੱਲ ਰਹੇ ਸੰਘਰਸ਼ ਜਿਸ ਨੇ ਭਾਰਤੀ ਮਲਾਹਾਂ ਦੇ ਸਾਹਿਲੀ ਵਪਾਰ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕੀਤਾ ਹੈ, ਬਾਰੇ ਵੀ ਚਰਚਾ ਕੀਤੀ। ਮੋਦੀ ਨੇ ਦੁਹਰਾਉਂਦਿਆਂ ਕਿਹਾ ਕਿ ਅਜਿਹੇ ਵਿਵਾਦਾਂ ਨੂੰ (ਰੂਸ ਯੂਕਰੇਨ ਜੰਗ) ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਹੀ ਇਕਲੌਤਾ ਰਾਹ ਹੈ। ਜ਼ਿਕਰਯੋਗ ਹੈ ਇਸ ਤੋਂ ਦੋ ਹਫ਼ਤੇ ਪਹਿਲਾਂ 31 ਅਗਸਤ ਨੂੰ ਬਿਸ਼ਨੇਨ ’ਚ ਹੋਏ 26ਵੇਂ ਐਸ.ਸੀ.ਓ. ਸਿਖਰ ਸੰਮੇਲਨ ਤੋਂ ਅਲਗ ਵੀ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਈ ਸੀ। ਉਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 5 ਸਾਲ ਤੋਂ ਚੱਲ ਰਹੇ ਰੂਸ ਯੂਕਰੇਨ ਸੰਘਰਸ਼ ਦਾ ਜ਼ਿਕਰ ਕਰਦਿਆਂ ਬਿਨਾਂ ਅੰਤ ਦੀ ਜੋਤ ਤੋਂ ਜੰਗ ਦੇ ਅੰਤ ਵੱਲ ਜਾਣ ਦੀ ਅਪੀਲ ਕੀਤੀ ਸੀ।
ਮੋਦੀ ਨੂੰ ਰੂਸ ਆਉਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਦੁਵੱਲੀ ਮੀਟਿੰਗ ਤੋਂ ਬਾਅਦ ਪੁਤਿਨ ਨੇ ਮੋਦੀ ਨੂੰ 24ਵੇਂ ਭਾਰਤ ਰੂਸ ਸ਼ਿਖਰ ਸੰਮੇਲਨ ਲਈ ਰੂਸ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਮੋਦੀ ਨੇ ਸਵੀਕਾਰ ਕਰ ਲਿਆ। ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਿਖਰ ਸੰਮੇਲਨ ਦੀ ਤਾਰੀਖ ਦੋਵਾਂ ਦੇਸ਼ਾਂ ਦੀ ਆਪਸੀ ਰਜ਼ਾਮੰਦੀ ਨਾਲ ਸਫਾਰਤੀ ਗੱਲਬਾਤ ਦੇ ਰਾਹੀਂ ਤੈਅ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਆਪਸੀ ਵਪਾਰ ’ਚ ਆਉਣ ਵਾਲੀਆਂ ਰੁਕਾਵਟਾਂ ਦੀ ਘੋਖ ਕਰਨ ਬ੍ਰਿਕਸ ਦੇਸ਼-ਮੋਦੀ ਅਗਲੀ ਖ਼ਬਰ ਸਰਕਾਰ ਮੁਲਾਜ਼ਮਾਂ ਦਾ ਡੀ.ਏ. ਦੇਣ ਲਈ ਵਚਨਬੱਧ ਤੇ 4500 ਕਰੋੜ ਦੀ ਅਦਾਇਗੀ ਕਰ ਵੀ ਚੁੱਕੀ ਹੈ-ਹਰਪਾਲ ਸਿੰਘ ਚੀਮਾ
Ad Position 24