ਨਵੀਂ ਦਿੱਲੀ, 17 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ਦੇਸ਼ ਭਰ ’ਚ ਵੱਡੇ ਪੱਧਰ ’ਤੇ ਜਸ਼ਨ ਮਨਾਏ ਗਏ ਅਤੇ ਘਰਾਂ ਤੇ ਜਨਤਕ ਸਥਾਨਾਂ ਨੂੰ ਦੀਵਿਆਂ ਨਾਲ ਰੌਸ਼ਨ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਉਜੈਨ ’ਚ ‘ਆਸ਼ੀਰਵਾਦ ਕਾ ਦੀਆ’ ਸਮਾਰੋਹ ਤਹਿਤ 33.2 ਲੱਖ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਜਦਕਿ ਭਾਜਪਾ ਨੇ ਮੋਦੀ ਦੀ ਜਨਤਕ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਦੇਸ਼ ਭਰ ’ਚ ਖੂਨਦਾਨ ਕੈਂਪਾਂ ਤੋਂ ਲੈ ਕੇ ਮੰਦਰਾਂ ’ਚ ਦੀਵੇ ਜਗਾਉਣ ਤੇ ਪ੍ਰਾਰਥਨਾਵਾਂ ਕਰਨ ਸਮੇਤ ਕਈ ਸਮਾਗਮ ਕਰਵਾਏ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਕਈ ਵਿਸ਼ਵ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ। ਜਿੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੇ ਸ਼ਾਸਨ-ਪ੍ਰਬੰਧ (ਗਵਰਨੈਂਸ) ਦੇ ਰਿਕਾਰਡ ਦੀ ਸ਼ਲਾਘਾ ਕੀਤੀ, ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਦੀ ਦੇ ਇਕ ਆਮ ਭਾਜਪਾ ਵਲੰਟੀਅਰ ਤੋਂ ਦੇਸ਼ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ਤੱਕ ਪਹੁੰਚਣ ਦੇ ਸਫ਼ਰ ਨੂੰ ਯਾਦ ਕੀਤਾ। ਇਸ ਦੌਰਾਨ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਭਾਰਤ ਦੇ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚੋਂ ਇਕ ਵਜੋਂ ਉਭਰਨ ਦਾ ਸਿਹਰਾ ਮੋਦੀ ਨੂੰ ਦਿੱਤਾ। 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ’ਚ ਜਨਮੇ ਮੋਦੀ ਵੀਰਵਾਰ ਨੂੰ 76 ਸਾਲਾਂ ਦੇ ਹੋ ਗਏ। ਉਹ 7 ਅਕਤੂਬਰ ਨੂੰ ਜਨਤਕ ਅਹੁਦੇ ’ਤੇ ਲਗਾਤਾਰ 25 ਸਾਲ ਪੂਰੇ ਕਰ ਲੈਣਗੇ। ਉਨ੍ਹਾਂ ਨੇ 2014 ’ਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 2001 ’ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਤੇ ਜੇਡੀ(ਐਸ) ਦੇ ਮੁਖੀ ਐਚ. ਡੀ. ਦੇਵਗੌੜਾ ਸਮੇਤ ਲੋਕ ਸਭਾ ਸਪੀਕਰ ਓਮ ਬਿਰਲਾ, ਟੀ.ਡੀ.ਪੀ. ਮੁਖੀ ਤੇ ਭਾਜਪਾ ਦੇ ਮੁੱਖ ਸਹਿਯੋਗੀ ਐਨ. ਚੰਦਰਬਾਬੂ ਨਾਇਡੂ, ਭਾਜਪਾ ਆਗੂ ਨਿਤਿਨ ਨਬਿਨ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਨੇ ਵੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀ ਅਗਵਾਈ ਹੇਠ ਭਾਰਤ ਵਿਕਾਸ ਤੇ ਆਤਮ-ਨਿਰਭਰਤਾ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ।
ਉਜੈਨ (ਮੱਧ ਪ੍ਰਦੇਸ਼)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ਉਜੈਨ ’ਚ ਪਵਿੱਤਰ ਕਸ਼ਿਪਰਾ ਨਦੀ ਦੇ ਕੰਢੇ 33.2 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਬਾਲ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਰਾਮਘਾਟ ਪਹੁੰਚ ਕੇ ਕਸ਼ਿਪਰਾ ਨਦੀ ’ਚ ਦੀਵੇ ਜਗਾਏ। ਦੋਵਾਂ ਨੇ ਭਾਜਪਾ ਵੱਲੋਂ ‘ਸੇਵਾ ਸੰਕਲਪ ਅਭਿਆਨ’ ਤਹਿਤ ਕਰਵਾਏ ਗਏ ‘ਆਸ਼ੀਰਵਾਦ ਕਾ ਦੀਆ’ ਰੋਸ਼ਨੀ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਕ ਰਾਜ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ’ਚ ਕੁੱਲ 3.55 ਕਰੋੜ ਦੀਵੇ ਇੱਕੋ ਸਮੇਂ ਜਗਾਏ ਗਏ।
ਨਵੀਂ ਦਿੱਲੀ- ਕੇਂਦਰੀ ਮੰਤਰੀਆਂ ਤੇ ਸੀਨੀਅਰ ਭਾਜਪਾ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਕੇਂਦਰੀ ਮੰਤਰੀ ਸੀ.ਆਰ. ਪਾਟਿਲ, ਭਾਜਪਾ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਅਨਿਲ ਬਲੂਨੀ, ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ, ਭਾਜਪਾ ਰਾਜ ਸਭਾ ਸੰਸਦ ਮੈਂਬਰ ਤਰੁਣ ਚੁੱਘ ਨੇ ਉਨ੍ਹਾਂ ਦੇ 25 ਸਾਲਾਂ ਦੇ ਜਨਤਕ ਜੀਵਨ ਤੇ ਵਿਕਾਸ, ਭਲਾਈ ਤੇ ਸ਼ਾਸਨ ’ਚ ਉਨ੍ਹਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਨਵੀਂ ਦਿੱਲੀ, ਭਾਰਤ ’ਚ ਅਮਰੀਕੀ ਦੂਤਾਵਾਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਧਾਈਆਂ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 76ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੂਤਾਵਾਸ ਨੇ ਐਕਸ ’ਤੇ ਇਕ ਪੋਸਟ ’ਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਦੀ ਇਕ ਪੁਰਾਣੀ ਫੋਟੋ ਵੀ ਸਾਂਝੀ ਕੀਤੀ।
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ’ਤੇ ‘ਆਸ਼ੀਰਵਾਦ ਕਾ ਦੀਵਾ’ ਸਮਾਰੋਹ ਦੌਰਾਨ ਕਰਤਵਯ ਪਥ ਨੂੰ ਲਗਭਗ 1.25 ਲੱਖ ਮਿੱਟੀ ਦੇ ਦੀਵਿਆਂ ਨਾਲ ਰੋਸ਼ਨਾਇਆ ਗਿਆ। ਇਸ ਮੌਕੇ ਉਥੇ ਮੁੱਖ ਮੰਤਰੀ ਰੇਖਾ ਗੁਪਤਾ ਵਿਸ਼ੇਸ਼ ਤੌਰ ’ਤੇ ਪੁੱਜੇ। ਲਾਲ ਕਿਲ੍ਹੇ ’ਤੇ ਵੀ ਦੀਵੇ ਜਗਾਏ ਗਏ, ਜਿੱਥੇ ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ
ਤੇ ਭਾਜਪਾ ਨੇਤਾ ਸੁਨੀਲ ਬਾਂਸਲ ਨੇ ਪ੍ਰੋਗਰਾਮ ’ਚ ਹਿੱਸਾ ਲਿਆ।