22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੱਤਾ ’ਚ ਆਏ ਤਾਂ 6 ਮਹੀਨਿਆਂ ’ਚ ਨਸ਼ਾ ਖ਼ਤਮ ਕਰਾਂਗੇ-ਸ਼ਿਵਰਾਜ ਚੌਹਾਨ

ਸੱਤਾ ’ਚ ਆਏ ਤਾਂ 6 ਮਹੀਨਿਆਂ ’ਚ ਨਸ਼ਾ ਖ਼ਤਮ ਕਰਾਂਗੇ-ਸ਼ਿਵਰਾਜ ਚੌਹਾਨ

Ad Position 21
No active advertisement
ਅਜੀਤ ਡੈਸਕ 22-09-2026

ਤਲਵੰਡੀ ਸਾਬੋ ਤੋਂ ਰਵਾਨਾ ਹੋਈ ਭਾਜਪਾ ਦੀ ਚੌਥੀ ‘ਨਸ਼ਾ ਮੁਕਤ ਪੰਜਾਬ’ ਯਾਤਰਾ

ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਭਾਜਪਾ ਪੂਰੀ ਤਰ੍ਹਾਂ ਵਚਨਬੱਧ- ਢਿੱਲੋਂ

ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ
ਤਲਵੰਡੀ ਸਾਬੋ, 21 ਸਤੰਬਰ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਸਰਕਾਰ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ’ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਭਾਜਪਾ ਨੂੰ ਸੱਤਾ ’ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਪਾਰਟੀ ਛੇ ਮਹੀਨਿਆਂ ਦੇ ਅੰਦਰ ਪੂਰੇ ਨਸ਼ਾ ਨੈੱਟਵਰਕ ਨੂੰ ਖ਼ਤਮ ਕਰ ਦੇਵੇਗੀ। ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਤਹਿਤ ਆਰੰਭੀਆਂ ਗਈਆਂ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦੀ ਲੜੀ ਤਹਿਤ ਅੱਜ ਭਾਜਪਾ ਲੀਡਰਸ਼ਿਪ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਤਲਵੰਡੀ ਸਾਬੋ ਦੀ ਅਨਾਜ ਮੰਡੀ ਤੋਂ ਝੰਡੀ ਦਿਖਾ ਕੇ ਚੌਥੀ ਯਾਤਰਾ ਨੂੰ ਰਵਾਨਾ ਕੀਤਾ ਜਦੋਂਕਿ ਇਸ ਮੌਕੇ ਕੇਂਦਰੀ ਮੰਤਰੀ ਨੇ ਨਸ਼ਿਆਂ ਤੋਂ ਪੀੜਤ ਕੁਝ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਅਨਾਜ ਮੰਡੀ ਵਿਖੇ ਲੋਕਾਂ ਦੇ ਰੈਲੀ ਰੂਪੀ ਇਕੱਠ ਨੂੰ ਸੰਬੋਧਨ ਕਰਦਿਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਿੱਥੇ ਗੁਰੂਆਂ, ਪੀਰਾਂ/ਪੈਗੰਬਰਾਂ ਤੇ ਯੋਧਿਆਂ ਦੀ ਧਰਤੀ ’ਤੇ ਨਸ਼ਿਆਂ ਦੇ ਵਧਦੇ ਪ੍ਰਕੋਪ ’ਤੇ ਚਿੰਤਾ ਪ੍ਰਗਟਾਈ, ਉੱਥੇ ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਵੀ ਰੱਜ ਕੇ ਹੱਲੇ ਬੋਲੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਲੋਕ ਡਰੱਗ ਮਾਫ਼ੀਆ ਨਾਲ ਜੁੜੇ ਹੋਏ ਹਨ, ਜੇਕਰ ਅਜਿਹਾ ਨਹੀਂ ਤਾਂ ਫਿਰ ਸਰਕਾਰ ਦੱਸੇ ਕਿ ਨਸ਼ਾ ਤਸਕਰਾਂ ਨੂੰ ਸੁਰੱਖਿਆ ਕੌਣ ਦੇ ਰਿਹਾ ਹੈ। ਅਸੀਂ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਯਾਤਰਾ ਕੱਢ ਰਹੇ ਹਾਂ ਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ‘ਆਪ’ ਵਾਲੇ ਉਸੇ ਯਾਤਰਾ ਨੂੰ ਕਾਲੇ ਝੰਡੇ ਦਿਖਾ ਰਹੇ ਹਨ। ਸੂਬੇ ਦੇ ਖ਼ਜ਼ਾਨਾ ਮੰਤਰੀ ਨੂੰ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦਾ ਕੀ ਅੰਜਾਮ ਹੋਇਆ ਸਭ ਦੇ ਸਾਹਮਣੇ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਤੇ ਬੀਬੀਆਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਜਿੰਨਾ ਸਮਾਂ ਸਰਕਾਰ ਦਾ ਬਚਿਆ ਹੈ ਉਨੇ ਵਿਚ ਨਸ਼ਾ ਖ਼ਤਮ ਕਰੇ, ਨਸ਼ਾ ਤਸਕਰਾਂ ਨੂੰ ਪਨਾਹ ਨਾ ਦੇਵੇ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਲੋਕ ਸਹਿਯੋਗ ਸਦਕਾ ਪੰਜਾਬ ’ਚ ਫਿਰ ਸੁਨਹਿਰੀ ਸਵੇਰ ਲੈ ਕੇ ਆਵਾਂਗੇ।
ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣਾ ਤੇ ਜਵਾਨੀ ਨੂੰ ਬਚਾਉਣਾ ਭਾਜਪਾ ਦਾ ਮੁੱਖ ਮਕਸਦ ਹੈ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ’ ਸਿਰਫ਼ ਭਾਜਪਾ ਦਾ ਨਾਅਰਾ ਨਹੀਂ ਸਗੋਂ ਵਾਅਦਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਜੇਕਰ ਹੁਣ ਸਾਢੇ ਚਾਰ ਸਾਲ ਬਾਅਦ ਨਸ਼ਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੱਥ ਖੜ੍ਹੇ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੂਬਾ ਸਰਕਾਰ ਨੂੰ ਹਰ ਫ਼ਰੰਟ ’ਤੇ ਫ਼ੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਸੂਬੇ ਦੀ ਹਾਲਤ ਤਰਸਯੋਗ ਬਣ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਸੂਬੇ ’ਚ ਸਰਕਾਰ ਬਣਦਿਆਂ ਹੀ ਨਸ਼ੇ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਇੱਕ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਪੰਜਾਬ ’ਚ 67 ਲੱਖ ਲੋਕ ਨਸ਼ਾ ਕਰਦੇ ਹਨ ਜੋ ਚਿੰਤਾਜਨਕ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ’ਚ ਭਾਜਪਾ ਸਰਕਾਰ ਬਣਾਓ ਤਾਂ ਜੋ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਰੈਲੀ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਤੇ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਉਕਤ ਰੈਲੀ ਤੋਂ ਬਾਅਦ ਰਸਮੀ ਤੌਰ ’ਤੇ ਹਰੀ ਝੰਡੀ ਦਿਖਾ ਕੇ ਯਾਤਰਾ ਨੂੰ ਰਵਾਨਾ ਕੀਤਾ ਗਿਆ। ਰਵਾਨਗੀ ਮੌਕੇ ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ, ਤਰੁਣ ਚੁੱਘ ਤੇ ਰਾਜਿੰਦਰ ਗੁਪਤਾ ਦੋਵੇਂ ਮੈਂਬਰ ਰਾਜ ਸਭਾ, ਐਡਵੋਕੇਟ ਐੱਚ.ਐਸ.ਫੂਲਕਾ, ਯਾਤਰਾ ਇੰਚਾਰਜ ਰਾਜੇਸ਼ ਬਾਘਾ, ਬੀਬਾ ਪਰਮਪਾਲ ਕੌਰ ਸਿੱਧੂ, ਦਿਆਲ ਸੋਢੀ ਕਨਵੀਨਰ ਮਾਲਵਾ ਜ਼ੋਨ ਨਸ਼ਾ ਮੁਕਤ ਪੰਜਾਬ ਯਾਤਰਾ, ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਰਾਣਾ ਗੁਰਮੀਤ ਸਿੰਘ ਸੋਢੀ ਤੇ ਹਰਮੰਦਰ ਸਿੰਘ ਜੱਸੀ ਦੋਵੇਂ ਸਾਬਕਾ ਮੰਤਰੀ, ਸਰੂਪ ਚੰਦ ਸਿੰਗਲਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਅਨਿਲ ਸਰੀਨ, ਚਰਨਜੀਤ ਸਿੰਘ ਬਰਾੜ, ਜਸਪ੍ਰੀਤ ਸਿੰਘ ਜੱਸਾ, ਰਤਨ ਸ਼ਰਮਾ ਮਲੂਕਾ, ਸੁਖਵਿੰਦਰ ਸਿੰਘ ਗੁਨੀ, ਕੈਪਟਨ ਗੁਰਜਿੰਦਰ ਸਿੰਘ ਸਿੱਧੂ ਹਲਕਾ ਇੰਚਾਰਜ ਭਦੌੜ, ਪ੍ਰੋਫ਼ੈਸਰ ਜਗਦੀਪ ਸਿੰਘ, ਦੇਵੀ ਦਿਆਲ, ਯਸ਼ਪਾਲ ਡਿੰਪੀ, ਅਮਨ ਚੱਠਾ ਆਦਿ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਰੂਸੀ ਸੰਸਦੀ ਚੋਣਾਂ ’ਚ ਪੁਤਿਨ ਦੀ ਪਾਰਟੀ ਜਿੱਤੀ ਅਗਲੀ ਖ਼ਬਰ ਜਿਵੇਂ ਯੂ.ਪੀ. ’ਚੋਂ ਗੈਂਗਸਟਰਵਾਦ ਦਾ ਖ਼ਾਤਮਾ ਕੀਤਾ ਉਵੇਂ ਹੀ ਪੰਜਾਬ ’ਚੋਂ ਕਰਾਂਗੇ ਨਸ਼ਾ ਖ਼ਤਮ- ਫੂਲਕਾ
Ad Position 24