22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ-28 ਅੱਤਵਾਦੀ ਹਲਾਕ

ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ-28 ਅੱਤਵਾਦੀ ਹਲਾਕ

Ad Position 21
No active advertisement
ਅਜੀਤ ਡੈਸਕ 22-09-2026

ਦੋਵੇਂ ਦੇਸ਼ ਇਕ ਵਾਰ ਫਿਰ ਜੰਗ ਦੇ ਮੁਹਾਣੇ ’ਤੇ

ਸੁਰਿੰਦਰ ਕੋਛੜ

.

ਅੰਮ੍ਰਿਤਸਰ, 21 ਸਤੰਬਰ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਸਿਖ਼ਰਾਂ ’ਤੇ ਪਹੁੰਚ ਗਿਆ ਹੈ ਅਤੇ ਦੋਵੇਂ ਮੁਲਕ ਇਕ ਵਾਰ ਫਿਰ ਜੰਗ ਦੇ ਮੁਹਾਣੇ ’ਤੇ ਆ ਖੜ੍ਹੇ ਹੋਏ ਹਨ। ਪਾਕਿਸਤਾਨੀ ਹਵਾਈ ਫ਼ੌਜ ਨੇ ਅੱਜ ਤੜਕੇ ਪੂਰਬੀ ਅਫ਼ਗਾਨਿਸਤਾਨ ਦੇ ਇਲਾਕਿਆਂ ’ਤੇ ਹਵਾਈ ਹਮਲੇ ਕੀਤੇ। ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਕਾਰਵਾਈ ’ਚ 28 ਅੱਤਵਾਦੀ ਮਾਰੇ ਗਏ ਹਨ। ਰਿਪੋਰਟਾਂ ਮੁਤਾਬਿਕ ਇਹ ਹਮਲੇ ਦੇਰ ਰਾਤ ਕੀਤੇ ਗਏ, ਜਦੋਂ ਲੋਕ ਆਪੋ-ਆਪਣੇ ਘਰਾਂ ’ਚ ਸੌਂ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੁਨਾਰ ਸੂਬੇ ਦੇ ਨੂਰਗਲ ਜ਼ਿਲ੍ਹੇ ਦੇ ਪਤੰਗ ਇਲਾਕੇ ’ਚ ਰਾਤ ਕਰੀਬ 3:30 ਵਜੇ ਕਾਫ਼ੀ ਨੀਵੀਂ ਉਡਾਣ ਭਰ ਰਹੇ ਪਾਕਿਸਤਾਨੀ ਜਹਾਜ਼ਾਂ ਨੇ ਰਿਹਾਇਸ਼ੀ ਇਲਾਕਿਆਂ ’ਤੇ ਬੰਬ ਸੁੱਟੇ। ਇਸ ਅਚਾਨਕ ਹੋਏ ਹਮਲੇ ਮਗਰੋਂ ਸਥਾਨਕ ਲੋਕਾਂ ਅਤੇ ਪਰਿਵਾਰਾਂ ’ਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰਗਲ ਜ਼ਿਲ੍ਹੇ ਦੇ ਵਸਨੀਕ ਨੂਰ ਮੁਹੰਮਦ ਦੇ ਘਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਸ ਦਾ ਪੂਰਾ ਘਰ ਢਹਿ-ਢੇਰੀ ਹੋ ਕੇ ਮਲਬੇ ’ਚ ਤਬਦੀਲ ਹੋ ਗਿਆ। ਹਮਲੇ ਤੋਂ ਬਾਅਦ ਸਥਾਨਕ ਲੋਕ ਮਲਬੇ ’ਚੋਂ ਬੰਬਾਂ ਦੇ ਟੁਕੜੇ ਇਕੱਠੇ ਕਰਦੇ ਵੇਖੇ ਗਏ। ਦੂਜੇ ਪਾਸੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੁਨਾਰ ਸੂਬੇ ’ਚ ਹੋਈ ਬੰਬਾਰੀ ਦੌਰਾਨ ਇੱਕੋ ਪਰਿਵਾਰ ਦੇ ਤਿੰਨ ਨਾਗਰਿਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦੱਸਿਆ ਕਿ ਕੁਨਾਰ ’ਚ ਇਕ ਰਿਹਾਇਸ਼ੀ ਘਰ ’ਤੇ ਹੋਏ ਹਮਲੇ ਦੌਰਾਨ ਇਕ ਔਰਤ ਅਤੇ ਦੋ ਮਰਦਾਂ ਦੀ ਜਾਨ ਗਈ ਹੈ। ਇਸ ਤੋਂ ਇਲਾਵਾ ਪਕਤੀਕਾ ਸੂਬੇ ਦੇ ਬਰਮਲ ਜ਼ਿਲ੍ਹੇ ’ਚ ਵੀ ਦੋ ਥਾਵਾਂ ’ਤੇ ਬੰਬਾਰੀ ਕੀਤੀ ਗਈ, ਜਿੱਥੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਹਮਲਾ ਕਰਨਾ ਬਿਲਕੁਲ ਨਾ-ਬਰਦਾਸ਼ਤਯੋਗ ਹੈ ਅਤੇ ਕਾਬੁਲ ਇਸ ਦਾ ਢੁੱਕਵਾਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪਾਕਿ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਅਫ਼ਗਾਨਿਸਤਾਨ ਕੋਲ ਆਰਟੀਕਲ 51 ਤਹਿਤ ਸਵੈ-ਰੱਖਿਆ ਦਾ ਪੂਰਾ ਅਧਿਕਾਰ ਹੈ। ਮੁਜਾਹਿਦ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿ ਨੇ ਇਸ ਹਵਾਈ ਹਮਲੇ ਵਿਚ ਅਮਰੀਕਾ ਵਲੋਂ ਬਣਾਏ ਗਏ ਐਮ. ਕੇ. 82 ਜਨਰਲ-ਪਰਪਜ਼ ਬੰਬਾਂ ਦੀ ਵਰਤੋਂ ਕੀਤੀ ਹੈ, ਜਿਸ ਦੇ ਸਬੂਤ ਵਜੋਂ ਬੰਬ ਦੇ ਗਾਈਡੈਂਸ ਸਿਸਟਮ ਦਾ ਟੁਕੜਾ ਵੀ ਜਨਤਕ ਕੀਤਾ ਗਿਆ ਹੈ।
ਪਾਕਿ ਵਲੋਂ ਇਹ ਹਵਾਈ ਕਾਰਵਾਈ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਹੋਏ ਦੋ ਵੱਡੇ ਹਮਲਿਆਂ ਦੇ ਜਵਾਬ ਵਜੋਂ ਵੇਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਹਾਟ ਪੁਲਿਸ ਲਾਈਨਜ਼ ਦੀ ਮਸਜਿਦ ਨੇੜੇ ਬਾਰੂਦ ਨਾਲ ਭਰੇ ਵਾਹਨ ਰਾਹੀਂ ਹੋਏ ਆਤਮਘਾਤੀ ਧਮਾਕੇ ਅਤੇ ਅੱਤਵਾਦੀਆਂ ਵਲੋਂ ਪੁਲਿਸ ਟਿਕਾਣਿਆਂ ’ਤੇ ਕੀਤੇ ਹਮਲੇ ’ਚ 5 ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 31 ਲੋਕ ਮਾਰੇ ਗਏ ਸਨ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਇਸ ਤੋਂ ਪਹਿਲਾਂ ਹੰਗੂ-ਟਾਲ ਰੋਡ ’ਤੇ ਸੁਰੱਖਿਆ ਬਲਾਂ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਿਚਾਲੇ ਹੋਈ ਭਿਆਨਕ ਝੜਪ ਵਿੱਚ ਇਕ ਕੈਪਟਨ ਅਤੇ ਲੈਫ਼ਟੀਨੈਂਟ ਸਮੇਤ 6 ਪਾਕਿਸਤਾਨੀ ਫ਼ੌਜੀ ਜਵਾਨ ਮਾਰੇ ਗਏ ਸਨ। 

Ad Position 22
No active advertisement
ਪਿਛਲੀ ਖ਼ਬਰ ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ ਅਗਲੀ ਖ਼ਬਰ ਪਰਿਵਾਰ ਵਲੋਂ ਕਾਲੋਨੀ ਦੇ ਬਾਹਰ ਧਰਨਾ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤੇਜ਼
Ad Position 24