ਸੁਰਿੰਦਰ ਕੋਛੜ
ਅੰਮ੍ਰਿਤਸਰ, 22 ਸਤੰਬਰ-ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਵਪਾਰਕ ਸੰਬੰਧਾਂ ਨੂੰ ਨਵੀਂ ਰਫ਼ਤਾਰ ਦਿੰਦਿਆਂ ਸਿੱਧੀ ਏਅਰ ਕਾਰਗੋ ਸੇਵਾ ਸ਼ੁਰੂ ਕੀਤੀ ਗਈ ਹੈ। ਏਰੀਆਨਾ ਅਫ਼ਗਾਨ ਏਅਰਲਾਈਨਜ਼ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਥਿਤ ‘ਏਅਰ ਚਾਰਟਰ ਐਕਸਪ੍ਰੈਸ’ ਨਾਲ ਇਕ ਸਾਲ ਦਾ ਸਮਝੌਤਾ ਕਰਕੇ ਕਾਬੁਲ ਤੇ ਨਵੀਂ ਦਿੱਲੀ ਵਿਚਕਾਰ ਇਹ ਮਾਲਵਾਹਕ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ ਕਾਰਗੋ ਸੇਵਾ ਰਾਹੀਂ ਡ੍ਰਾਈ ਫਰੂਟ, ਕੇਸਰ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ, ਜਿਨ੍ਹਾਂ ਨੂੰ ਆਮ ਯਾਤਰੀ ਜਹਾਜ਼ਾਂ ਰਾਹੀਂ ਲਿਜਾਣਾ ਸੰਭਵ ਨਹੀਂ ਸੀ, ਹੁਣ ਤੇਜ਼ੀ ਨਾਲ ਭਾਰਤ ਪਹੁੰਚ ਸਕਣਗੀਆਂ। ਇਸ ਨਾਲ ਅਫ਼ਗਾਨਿਸਤਾਨ ਦੇ ਵਪਾਰੀਆਂ ਨੂੰ ਭਾਰਤੀ ਬਾਜ਼ਾਰ ਤੱਕ ਪਹੁੰਚਣ ਲਈ ਇਕ ਸੁਰੱਖਿਅਤ, ਤੇਜ਼ ਤੇ ਸਸਤਾ ਆਵਾਜਾਈ ਦਾ ਸਾਧਨ ਮਿਲ ਗਿਆ ਹੈ। ਏਰੀਆਨਾ ਅਫ਼ਗਾਨ ਏਅਰਲਾਈਨਜ਼ ਦੇ ਮੁਖੀ ਬਖ਼ਤ-ਉਰ-ਰਹਿਮਾਨ ਸ਼ਰਾਫ਼ਤ ਅਨੁਸਾਰ ਇਹ ਸੇਵਾ ਕੌਮਾਂਤਰੀ ਬਾਜ਼ਾਰ ’ਚ ਮਾਲ ਦੀ ਢੋਆ-ਢੁਆਈ ਨੂੰ ਸਰਲ ਤੇ ਕਿਫ਼ਾਇਤੀ ਬਣਾਏਗੀ। ਅਫ਼ਗਾਨ ਵਪਾਰੀਆਂ ਤੇ ਤਾਲਿਬਾਨ ਪ੍ਰਸ਼ਾਸਨ ਨੇ ਇਸ ਸੇਵਾ ਦਾ ਸਵਾਗਤ ਕੀਤਾ ਹੈ ਤੇ ਉਮੀਦ ਜਤਾਈ ਹੈ ਕਿ ਇਸ ਨਾਲ ਦੁਵੱਲੇ ਵਪਾਰ ’ਚ ਤੇਜ਼ੀ ਆਵੇਗੀ, ਜਿਸ ਨਾਲ ਅਫ਼ਗਾਨਿਸਤਾਨ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਣ ਕਾਰਨ ਅਫ਼ਗਾਨਿਸਤਾਨ ਲੰਬੇ ਸਮੇਂ ਤੋਂ ਵਿਦੇਸ਼ੀ ਵਪਾਰ ਲਈ ਪਾਕਿਸਤਾਨ ਦੇ ਰਸਤੇ ’ਤੇ ਨਿਰਭਰ ਰਿਹਾ ਹੈ। ਹਾਲਾਂਕਿ ਹਾਲੀਆ ਸਾਲਾਂ ’ਚ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸੰਬੰਧਾਂ ਤੇ ਪਾਕਿਸਤਾਨ ਵਲੋਂ ਦਬਾਅ ਬਣਾਉਣ ਲਈ ਸਰਹੱਦਾਂ ਬੰਦ ਕੀਤੇ ਜਾਣ ਕਾਰਨ ਅਫ਼ਗਾਨਿਸਤਾਨ ਦਾ ਵਪਾਰ ਲਗਭਗ ਠੱਪ ਹੋ ਗਿਆ ਸੀ। ਅਜਿਹੇ ਹਾਲਾਤ ’ਚ ਹਵਾਈ ਰਸਤਾ ਫ਼ਗਾਨਿਸਤਾਨ ਲਈ ਵਰਦਾਨ ਸਾਬਤ ਹੋ ਰਿਹਾ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਭਾਰਤ ਨੇ ਕੁਝ ਸਮਾਂ ਦੂਰੀ ਬਣਾ ਕੇ ਰੱਖੀ ਸੀ, ਪਰ ਬਦਲਦੀਆਂ ਸਥਿਤੀਆਂ ਦੇ ਮੱਦੇਨਜ਼ਰ ਭਾਰਤ ਨੇ ਮੁੜ ਆਪਣੀ ਮੌਜੂਦਗੀ ਵਧਾਈ ਹੈ ਤੇ ਮਾਨਵਤਾਵਾਦੀ ਸਹਾਇਤਾ ਰਾਹੀਂ ਅਫ਼ਗਾਨਿਸਤਾਨ ਦੀ ਮਦਦ ਜਾਰੀ ਰੱਖੀ ਹੈ। ਇਹ ਨਵੀਂ ਏਅਰ ਕਾਰਗੋ ਸੇਵਾ ਦੋਵਾਂ ਦੇਸ਼ਾਂ ਦੇ ਆਰਥਿਕ ਤੇ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
ਹਾਲ ਹੀ ’ਚ ਸ਼ੁਰੂ ਹੋਈ ਅਫ਼ਗਾਨਿਸਤਾਨ-ਦਿੱਲੀ ਏਅਰ ਕਾਰਗੋ ਸੇਵਾ ਕੌਮਾਂਤਰੀ ਨਿਯਮਾਂ ਤਹਿਤ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰ ਰਹੀ ਹੈ। ਇਹ ਉਡਾਣ ਕਾਬੁਲ ਕੌਮਾਂਤਰੀ ਹਵਾਈ ਅੱਡਾ ਅਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਵਿਚਕਾਰ ਸਿੱਧੀ ਚਲਾਈ ਜਾ ਰਹੀ ਹੈ। ਇਹ ਕਾਰਗੋ ਫਲਾਈਟ ਸਿੱਧੀ ਪਾਕਿਸਤਾਨੀ ਹਵਾਈ ਖੇਤਰ ਦੇ ਉੱਪਰੋਂ ਲੰਘਦੀ ਹੈ। ਦੱਸਣਯੋਗ ਹੈ ਕਿ ਪਾਕਿ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਭਾਰਤੀ ਜਹਾਜ਼ਾਂ ਨੂੰ ਲੰਮਾ ਚੱਕਰ ਕੱਟਣਾ ਪੈਂਦਾ ਸੀ। ਹਾਲਾਂਕਿ, ਕੌਮਾਂਤਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ. ਸੀ. ਏ. ਓ.) ਦੇ ‘ਓਵਰਫਲਾਈਟ’ ਨਿਯਮਾਂ ਤਹਿਤ ਪਾਕਿਸਤਾਨ ਕਿਸੇ ਤੀਜੇ ਦੇਸ਼ ਦੇ ਨਾਗਰਿਕ ਜਾਂ ਵਪਾਰਕ ਜਹਾਜ਼ ਨੂੰ ਸਿਰਫ਼ ਭਾਰਤ ਜਾਣ ਦੇ ਆਧਾਰ ’ਤੇ ਆਪਣੇ ਹਵਾਈ ਖੇਤਰ ’ਚੋਂ ਲੰਘਣ ਤੋਂ ਨਹੀਂ ਰੋਕ ਸਕਦਾ। ਇਸ ਕਾਰਨ ਇਹ ਜਹਾਜ਼ ਬਿਨਾਂ ਕਿਸੇ ਲੰਬੇ ਚੱਕਰ ਦੇ ਸਿੱਧਾ ਅਤੇ ਘੱਟ ਸਮੇਂ ’ਚ ਦਿੱਲੀ ਪਹੁੰਚ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੇਵਾ ਅਫ਼ਗਾਨਿਸਤਾਨ ਦੀ ਰਾਸ਼ਟਰੀ ਏਅਰਲਾਈਨ ਅਰਿਆਨਾ ਅਫ਼ਗਾਨ ਏਅਰਲਾਈਨਜ਼ ਵਲੋਂ ਯੂ. ਏ. ਈ. ਸਥਿਤ ਕੰਪਨੀ ਤੋਂ ਲੀਜ਼ ’ਤੇ ਲਏ ਗਏ ਬੋਇੰਗ 737-300 ਕਾਰਗੋ ਜਹਾਜ਼ ਰਾਹੀਂ ਚਲਾਈ ਜਾ ਰਹੀ ਹੈ। ਇਹ ਵਿਸ਼ੇਸ਼ ਮਾਲਵਾਹਕ ਜਹਾਜ਼ ਪ੍ਰਤੀ ਉਡਾਣ ਲਗਭਗ 16.5 ਤੋਂ 17 ਮੀਟ੍ਰਿਕ ਟਨ ਸਾਮਾਨ ਲਿਜਾਣ ਦੇ ਸਮਰੱਥ ਹੈ। ਇਸ ਜਹਾਜ਼ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਡਰਾਈ ਫਰੂਟ, ਤਾਜ਼ੇ ਫਲ, ਕੇਸਰ, ਹਿੰਗ ਅਤੇ ਹੋਰ ਖੇਤੀਬਾੜੀ ਉਤਪਾਦ ਲਿਆਂਦੇ ਜਾ ਰਹੇ ਹਨ, ਜਦਕਿ ਭਾਰਤ ਤੋਂ ਅਫ਼ਗਾਨਿਸਤਾਨ ਜ਼ਰੂਰੀ ਦਵਾਈਆਂ, ਮੈਡੀਕਲ ਯੰਤਰ ਅਤੇ ਮਨੁੱਖੀ ਸਹਾਇਤਾ ਸਮੱਗਰੀ ਭੇਜੀ ਜਾ ਰਹੀ ਹੈ।