27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅੱਤਵਾਦ ਵਿਰੁੱਧ ਆਪਣਾ ਬਚਾਅ ਕਰਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ-ਜੈਸ਼ੰਕਰ ਸੰਯੁਕਤ ਰਾਸ਼ਟਰ ’ਚ ਭਾਰਤ ਦੀ ਪਾਕਿਸਤਾਨ ਨੂੰ ਦੋ ਟੁੱਕ

ਸੰਯੁਕਤ ਰਾਸ਼ਟਰ, 26 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ’ਤੇ ਸਖ਼ਤ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਦੋਸਤੀ, ਸਦਭਾਵਨਾ ਅਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ, ਭਾਰਤ ਵਲੋਂ ...

Ad Position 21
No active advertisement
ਅਜੀਤ ਡੈਸਕ 27-09-2026

ਸੰਯੁਕਤ ਰਾਸ਼ਟਰ, 26 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ’ਤੇ ਸਖ਼ਤ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਦੋਸਤੀ, ਸਦਭਾਵਨਾ ਅਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ, ਭਾਰਤ ਵਲੋਂ ਅੱਤਵਾਦ ਵਿਰੁੱਧ ਆਪਣਾ ਬਚਾਅ ਕਰਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਅੱਤਵਾਦ ਨੂੰ ਅੰਜਾਮ ਦੇਣ ਵਾਲੇ ਦੇਸ਼ ਨੂੰ ਹੀ ਆਪਣਾ ਰਵੱਈਆ ਬਦਲਣਾ ਪਵੇਗਾ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਬੀਤੇ ਦਿਨ ਅੱਤਵਾਦ ਨੂੰ ਲਗਾਤਾਰ ਅੰਜਾਮ ਦੇਣ ਵਾਲੇ ਇਕ ਦੇਸ਼ ਨੇ ਇਸ ਸਭਾ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਦਾ ਸਿੱਧਾ ਜ਼ਿਕਰ ਕੀਤੇ ਬਿਨ੍ਹਾਂ, ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਆਮ ਦੱਸਣਾ ਤੇ ਇਸ ਦੇ ਨਤੀਜਿਆਂ ਤੋਂ ਛੋਟ ਦਾ ਦਾਅਵਾ ਕਰਨ ਲਈ ਦਲੀਲਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਅਜਿਹੀਆਂ ਦਲੀਲਾਂ ਟਿਕ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਅੱਤਵਾਦ ਨੂੰ ਕਿਸੇ ਦੇਸ਼ ਦਾ ਸਮਰਥਨ ਪ੍ਰਾਪਤ ਹੋਵੇ ਤਾਂ ਉਸ ਦਾ ਉਦੇਸ਼ ਸਰਹੱਦ ਪਾਰ ਗਤੀਵਿਧੀਆਂ ਨਾਲ ਜੁੜਿਆ ਹੋਵੇ ਤਾਂ ਇਹ ਵਿਸ਼ਵ ਵਿਵਸਥਾ ਲਈ ਸਿੱਧੀ ਚੁਣੌਤੀ ਹੈ। ਅਜਿਹੀਆਂ ਕਾਰਵਾਈਆਂ ’ਚ ਸ਼ਾਮਿਲ ਸਰਕਾਰਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਅੱਤਵਾਦ ਖਿਲਾਫ਼ ਭਾਰਤ ਦੀ ‘ਜ਼ੀਰੋ ਸਹਿਣਸ਼ੀਲਤਾ’ ਨੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅੱਤਵਾਦ ਖਿਲਾਫ਼ ਲੜਾਈ ’ਚ ਅੰਤਰਰਾਸ਼ਟਰੀ ਭਾਈਚਾਰੇ ਦੀ ਦ੍ਰਿੜ੍ਹ ਅਤੇ ਸਾਂਝੀ ਕਾਰਵਾਈ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੁਨੀਆ ‘ਹਰ ਚੀਜ਼ ਦੇ ਹਥਿਆਰੀਕਰਨ’ ਨੂੰ ਦੇਖ ਰਹੀ ਹੈ, ਜਿੱਥੇ ‘ਸਖ਼ਤ ਮੁਕਾਬਲੇਬਾਜ਼ੀ’ ਦੀ ਮਾਨਸਿਕਤਾ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ ਤੇ ਰੁਕਾਵਟਾਂ ਪੈਦਾ ਕਰ ਰਹੀ ਹੈ। ਵਿਸ਼ਵ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਸਿਰਫ਼ ਜੰਗ ਦੀ ਅਣਹੋਂਦ ਨਹੀਂ। ਉਨ੍ਹਾਂ ਨੇ ਖਾੜੀ ਖੇਤਰ ਵਿਚ ਜਾਰੀ ਟਕਰਾਅ, ਵਧਦੀ ਹਥਿਆਰਬੰਦੀ ਅਤੇ ਵਪਾਰਕ ਜਹਾਜ਼ਾਂ ਤੇ ਸਮੁੰਦਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ’ਚ ਕਿਸੇ ਵੀ ਜਗ੍ਹਾ ’ਤੇ ਹੋਣ ਵਾਲੇ ਯੁੱਧ ਦਾ ਅਸਰ ਪੂਰੀ ਦੁਨੀਆ ’ਤੇ ਪੈਂਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅੰਤਹੀਣ ਯੁੱਧ ਹੁਣ ਖਤਮ ਹੋਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਯੁੱਧ ਦੇ ਅੰਤ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ।

‘ਸੰਯੁਕਤ ਰਾਸ਼ਟਰ ਜਾਂ ਬ੍ਰਿਕਸ ’ਚੋਂ ਕਿਸੇ ਇਕ ਦੀ ਚੋਣ ਕਰਨਾ ਗਲਤ’
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਤੇ ਬ੍ਰਿਕਸ ਵਰਗੇ ਬਹੁਪੱਖੀ ਮੰਚਾਂ ਵਿਚੋਂ ਕਿਸੇ ਇਕ ਦੀ ਚੋਣ ਕਰਨਾ ‘ਗਲਤ ਚੋਣ’ ਹੋਵੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਛੋਟੇ ਸਮੂਹ ਇਸ ਵਿਸ਼ਵਵਿਆਪੀ ਸੰਸਥਾ ਦੇ ਸਮਰਥਕ ਹਨ ਤੇ ਚਾਹੁੰਦੇ ਹਨ ਕਿ ਇਸ ਵਿਚ ਸੁਧਾਰ ਕੀਤਾ ਜਾਵੇ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਕ ਗਲਤ ਚੋਣ ਹੈ। ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਹੀ ਹੈ। ਇਸ ’ਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਹਨ ਪਰ ਇਸ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਹਨ ਤੇ ਸਪੱਸ਼ਟ ਤੌਰ ’ਤੇ ਜਦੋਂ ਤੁਸੀਂ ਇਸ ’ਚ ਸੁਧਾਰ ਕਰਨਾ ਚਾਹੁੰਦੇ ਹੋ ਜਾਂ ਇਸਨੂੰ ਬਦਲਣਾ ਚਾਹੁੰਦੇ ਹੋ, ਤਾਂ ਕਮੀਆਂ ’ਤੇ ਧਿਆਨ ਕੇਂਦਰਿਤ ਕਰਨਾ ਸੁਭਾਵਿਕ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਕਾਰਨ ਸੰਯੁਕਤ ਰਾਸ਼ਟਰ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਜੈਸ਼ੰਕਰ ਇਥੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਨਾਲ-ਨਾਲ ਕਰਵਾਏ ‘ਰਪਚਰਜ਼ ਐਂਡ ਰੈਂਪਾਰਟਸ: ਬਿਲਡਿੰਗ ਬ੍ਰਿਜਿਜ਼ ਫਾਰ ਏ ਚੇਂਜਿੰਗ ਵਰਲਡ’ ਸਿਰਲੇਖ ਵਾਲੇ ਇਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਆਬਜ਼ਰਵਰ ਰਿਸਰਚ ਫਾਊਂਡੇਸ਼ਨ, ਰਿਲਾਇੰਸ ਫਾਊਂਡੇਸ਼ਨ, ਭਾਰਤ ਵਿਚ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਲੋਂ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਬਾਰੇ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ-ਚੋਣ ਕਮਿਸ਼ਨ ਕਿਹਾ, ਕੈਬਨਿਟ ਸਕੱਤਰ ਨੂੰ ਲਿਖਿਆ ਪੱਤਰ ਨੀਤੀ ਮਾਮਲਿਆਂ ਨ... ਅਗਲੀ ਖ਼ਬਰ ਪੰਜਾਬ ਗੈਰ-ਸਿਆਸੀ ਲੋਕਾਂ ਦੇ ਹੱਥਾਂ ’ਚ ਜਾਣ ਕਰਕੇ ਕਰਜ਼ੇ ਦੀ ਚਰਮ ਸੀਮਾ ’ਤੇ ਪੁੱਜਾ-ਸੁਖਬੀਰ ਸ਼੍ਰੋਮਣੀ ਅਕਾਲੀ ਦਲ (ਬ) ਵਲ...
Ad Position 24