ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥੀਂਦਰ ਨਾਥ ਬੋਸ ਵੱਲੋਂ ਟੀ.ਐਮ.ਸੀ. ਦੇ ਬਾਗ਼ੀ ਵਿਧਾਇਕਾਂ ਦੀ ਅਯੋਗਤਾ ਸੰਬੰਧੀ ਪਟੀਸ਼ਨਾਂ ’ਤੇ ਫ਼ੈਸਲਾ ਲੈਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਦਾਲਤ ਕੋਲ ਇਹ ਮੰਨਣ ਦਾ ਪੂਰਾ ਕਾਰਨ ਹੈ ਕਿ ਵਿਧਾਨ ਸਭਾ ਸਪੀਕਰ, ਤੈਅ ਸਮੇਂ ਹੱਦ (3 ਮਹੀਨੇ) ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਹ ਇਸ ਨਿਰਧਾਰਿਤ ਸਮੇਂ ਦੇ ਅੰਦਰ ਹੀ ਯੋਗ ਫ਼ੈਸਲਾ ਲੈਣਗੇ। ਦਰਅਸਲ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੋਹਨਦੇਵ ਚੱਟੋਪਾਧਿਆਏ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਸਪੀਕਰ ਨੂੰ 10 ਬਾਗ਼ੀ ਟੀ.ਐਮ.ਸੀ. ਵਿਧਾਇਕਾਂ (ਰਿਤਬਰਤਾ ਬੈਨਰਜੀ ਧੜੇ) ਦੇ ਖ਼ਿਲਾਫ਼ ਦਲ-ਬਦਲੀ ਕਾਨੂੰਨ ਤਹਿਤ ਦਾਇਰ ਅਯੋਗਤਾ ਪਟੀਸ਼ਨਾਂ ’ਤੇ ਜਲਦ ਫ਼ੈਸਲਾ ਸੁਣਾਉਣ ਦੇ ਨਿਰਦੇਸ਼ ਦਿੱਤੇ ਜਾਣ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖ਼ਾਰਜ (ਨਿਪਟਾਰਾ) ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਸਪੀਕਰ ’ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਇਹ ਅਯੋਗਤਾ ਪਟੀਸ਼ਨਾਂ 8 ਜੁਲਾਈ 2026 ਨੂੰ ਦਾਇਰ ਕੀਤੀਆਂ ਗਈਆਂ ਸਨ। ਇਸ ਲਿਹਾਜ਼ ਨਾਲ 3 ਮਹੀਨਿਆਂ ਦੀ ਇਹ ਮਿਆਦ 8 ਅਕਤੂਬਰ ਤੋਂ 10 ਅਕਤੂਬਰ 2026 ਦੇ ਵਿਚਕਾਰ ਖ਼ਤਮ ਹੋ ਰਹੀ ਹੈ ਅਤੇ ਅਦਾਲਤ ਨੂੰ ਭਰੋਸਾ ਹੈ ਕਿ ਸਪੀਕਰ ਇਸੇ ਹਫ਼ਤੇ ਦੇ ਅੰਦਰ ਆਪਣਾ ਫ਼ੈਸਲਾ ਲੈ ਲੈਣਗੇ।
10 ਬਾਗ਼ੀ ਵਿਧਾਇਕਾਂ ਦੇ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਟਿੱਪਣੀ
10 ਬਾਗ਼ੀ ਵਿਧਾਇਕਾਂ ਦੇ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਟਿੱਪਣੀ
ਅਜੀਤ ਡੈਸਕ
29-09-2026