ਨਵੀਂ ਦਿੱਲੀ, 28 ਸਤੰਬਰ (ਪੀ.ਟੀ.ਆਈ.)-ਐਲ ਨੀਨੋ ਕਾਰਨ ਆਉਣ ਵਾਲਾ ਹਾੜ੍ਹੀ ਦਾ ਸੀਜ਼ਨ ਮੀਂਹ ’ਤੇ ਨਿਰਭਰ ਖੇਤਰਾਂ ਲਈ ਚੁਣੌਤੀਪੂਰਨ ਰਹਿ ਸਕਦਾ ਹੈ ਤੇ ਇਸ ਨਾਲ ਅਨਾਜ ਉਤਪਾਦਨ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਹ ਜਾਣਕਾਰੀ ਖੇਤੀਬਾੜੀ ਸਕੱਤਰ ਅਤਿਸ਼ ਚੰਦਰ ਨੇ ਸੋਮਵਾਰ ਨੂੰ ਦਿੱਤੀ। ਹਾੜੀ ਸੀਜ਼ਨ ਦੀ ਤਿਆਰੀ ਸੰਬੰਧੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ’ਚ ਵੱਧ ਮਿੱਟੀ ਦੀ ਨਮੀ ਜਦਕਿ ਘੱਟ ਮੀਂਹ ਵਾਲੇ ਇਲਾਕਿਆਂ ’ਚ ਲੰਬੇ ਸਮੇਂ ਤੱਕ ਪਾਣੀ ਦੀ ਘਾਟ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਸੂਬਿਆਂ ਨੂੰ ਇਸ ਅਨੁਸਾਰ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਹੁਣ ਹਕੀਕਤ ਬਣ ਚੁੱਕੀ ਹੈ ਤੇ ਬੇਮੌਸਮੀ ਭਾਰੀ ਮੀਂਹ ਨਾਲ ਸਿੰਚਾਈ ਵਾਲੇ ਖੇਤਰਾਂ ਦੀਆਂ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਭਾਰਤ ਅਨਾਜ ਉਤਪਾਦਨ ’ਚ ਆਤਮਨਿਰਭਰ ਹੈ, ਪਰ ਦਾਲਾਂ ਤੇ ਤੇਲ ਬੀਜ਼ਾਂ ਦੀ ਦਰਾਮਦ ਅਜੇ ਵੀ ਕੀਤੀ ਜਾਂਦੀ ਹੈ। ਚੰਦਰ ਨੇ ਫ਼ਸਲੀ ਵਿਭਿੰਨਤਾ, ਟਿਕਾਊ ਖੇਤੀ, ਆਧੁਨਿਕ ਬੁਨਿਆਦੀ ਢਾਂਚੇ ਤੇ ਡਿਜੀਟਲ ਖੇਤੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ ਸਰਕਾਰ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ।
ਅਲ ਨੀਨੋ ਕਾਰਨ ਹਾੜੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਅਲ ਨੀਨੋ ਕਾਰਨ ਹਾੜੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਅਜੀਤ ਡੈਸਕ
29-09-2026