03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਵਿਸ਼ਾਲ ਪ੍ਰਦਰਸ਼ਨ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ

ਜਗਤਾਰ ਸਿੰਘ ਨਵੀਂ ਦਿੱਲੀ, 2 ਅਕਤੂਬਰ-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ...

Ad Position 21
No active advertisement
ਅਜੀਤ ਡੈਸਕ 03-10-2026

ਜਗਤਾਰ ਸਿੰਘ
ਨਵੀਂ ਦਿੱਲੀ, 2 ਅਕਤੂਬਰ-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ। ਹਾਲਾਂਕਿ ਪ੍ਰਦਰਸ਼ਨ ਦੇ ਮੱਦੇਨਜ਼ਰ ਜੰਤਰ ਮੰਤਰ ਰੋਡ ਨੂੰ ਟਰੈਫ਼ਿਕ ਲਈ ਬੰਦ ਕਰ ਦਿੱਤਾ ਗਿਆ ਤੇ ਧਾਰਾ 163 ਲਾਗੂ ਕਰ ਦਿੱਤੀ ਗਈ ਪਰ ਭਾਰੀ ਸੁਰੱਖਿਆ ਵਿਵਸਥਾ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਜੰਤਰ ਮੰਤਰ ਦੇ ਨੇੜੇ ਪੁੱਜਣ ਵਿਚ ਕਾਮਯਾਬ ਹੋ ਗਏ ਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਆਤਿਸ਼ੀ, ਸੌਰਭ ਭਾਰਦਵਾਜ, ਸੰਜੇ ਸਿੰਘ ਤੇ ਸੰਜੀਵ ਝਾਅ ਸਮੇਤ ਕਈ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹਨ। ਦੱਸਣਯੋਗ ਹੈ ਕਿ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਜੰਤਰ ਮੰਤਰ ਵਿਖੇ ਆਮ ਆਦਮੀ ਪਾਰਟੀ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਏ.ਆਈ.ਐਸ.ਏ., ਐਸ.ਐਫ.ਆਈ., ਐਨ. ਐਸ. ਯੂ. ਆਈ., ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪ੍ਰਦਰਸ਼ਨ ਵਾਲੀ ਥਾਂ ਦੇ ਆਲ਼ੇ-ਦੁਆਲੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਕਈ ਪ੍ਰਮੁੱਖ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਐੱਸ.ਆਈ.ਆਰ. ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਗਿਆ ਕਿ ਵੋਟਰ ਸੂਚੀ ਵਿਚ ਗੜਬੜੀਆਂ ਤੇ ਵੱਡੀ ਗਿਣਤੀ ਵਿਚ ਵੋਟਾਂ ਕੱਟੇ ਜਾਣ ਦੇ ਲਈ ਮੁੱਖ ਤੌਰ ’ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੀ ਕਸੂਰਵਾਰ ਹਨ ਤੇ ਕਈ ਵਸੀਲਿਆਂ ਤੋਂ ਇਸ ਬਾਰੇ ਖ਼ੁਲਾਸਾ ਵੀ ਹੋ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤਕ ਗਿਆਨੇਸ਼ ਕੁਮਾਰ ਅਸਤੀਫ਼ਾ  ਨਹੀਂ ਦੇ ਦਿੰਦੇ ਤਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਵੱਲੋਂ ਜੰਤਰ ਮੰਤਰ ਤੇ ਹੋਰਨਾ ਇਲਾਕਿਆਂ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਨਵੀਂ ਦਿੱਲੀ ਇਲਾਕੇ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਦੀ ਧਾਰਾ 163 (ਪਹਿਲਾਂ ਧਾਰਾ 144) ਲਾਗੂ ਕਰ ਦਿੱਤੀ ਗਈ ਹੈ, ਜਿਸ ਤਹਿਤ ਬਿਨਾਂ ਇਜਾਜ਼ਤ ਇਕੱਠੇ ਹੋਣ ਅਤੇ ਰੈਲੀਆਂ ਕਰਨ ’ਤੇ ਰੋਕ ਹੈ। ਪੁਲਿਸ ਕਰਮਚਾਰੀਆਂ ਨੇ ਵਾਰ-ਵਾਰ ਜਨਤਕ ਐਲਾਨ ਕਰਕੇ ਲੋਕਾਂ ਨੂੰ ਜੰਤਰ-ਮੰਤਰ ’ਤੇ ਇਕੱਠੇ ਨਾ ਹੋਣ ਲਈ ਕਿਹਾ ਕਿਉਂਕਿ ਉੱਥੇ ਕਿਸੇ ਵੀ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪ੍ਰਦਰਸ਼ਨ ਦੇ ਮੱਦੇਨਜ਼ਰ ਹੀ ਦਿੱਲੀ ਮੈਟਰੋ ਨੇ ਜੰਤਰ-ਮੰਤਰ ਦੇ ਨੇੜੇ ਪੈਂਦੇ 12 ਪ੍ਰਮੁੱਖ ਸਟੇਸ਼ਨ ਰਾਜੀਵ ਚੌਕ, ਸੈਂਟਰਲ ਸੈਕਟਰੀਏਟ, ਜਨਪਥ, ਪਟੇਲ ਚੌਕ, ਮੰਡੀ ਹਾਊਸ, ਆਰ. ਕੇ. ਆਸ਼ਰਮ ਮਾਰਗ, ਸੇਵਾ ਤੀਰਥ,ਮੰਡੀ ਹਾਊਸ, ਲੋਕ ਕਲਿਆਣ ਮਾਰਗ, ਆਈ.ਐਨ.ਏ, ਚਾਵੜੀ ਬਾਜ਼ਾਰ ਮੈਟਰੋ ਸਟੇਸ਼ਨਾਂ ’ਤੇ ਐਂਟਰੀ ਅਤੇ ਐਗਜ਼ਿਟ ਬੰਦ ਕਰ ਦਿੱਤੀ ਗਈ। ਹਾਲਾਂਕਿ ਰਾਜੀਵ ਚੌਂਕ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ ਸਟੇਸ਼ਨਾਂ ’ਤੇ ਇੰਟਰਚੇਂਜ ਦੀ ਸਹੂਲਤ ਜਾਰੀ ਰਹੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਕਈ ਆਗੂਆਂ ਦੇ ਘਰਾਂ ਦੇ ਬਾਹਰ ਸਵੇਰ ਤੋਂ ਹੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇੰਡੀਅਨ ਯੂਥ ਕਾਂਗਰਸ (ਆਈ.ਵਾਈ.ਸੀ.) ਦੇ ਪ੍ਰਦਰਸ਼ਨਕਾਰੀਆਂ ਨੇ ਰਾਇਸੀਨਾ ਰੋਡ ਸਥਿਤ ਆਈ.ਵਾਈ.ਸੀ. ਦਫ਼ਤਰ ਤੋਂ ਜੰਤਰ-ਮੰਤਰ ਵੱਲ ਮਾਰਚ ਕੀਤਾ। ਮੁੱਖ ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰਿਆਂ ਵਾਲੇ ਮਾਸਕ ਪਹਿਨ ਕੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਪੋਸਟਰ ਤੇ ਬੈਨਰ ਚੁੱਕ ਕੇ ਗਿਆਨੇਸ਼ ਕੁਮਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ। ਆਈ.ਵਾਈ.ਸੀ. ਦੇ ਪ੍ਰਧਾਨ ਉਦੈ ਭਾਨੂ ਚਿਬ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਤੇ ਯੂਥ ਵਿੰਗ ਨੇ ਚੋਣ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਹਿਰਾਸਤ ’ਚ ਲਏ ਗਏ ਲੋਕਾਂ ’ਚ ਆਰ.ਜੇ.ਡੀ. ਆਗੂ ਮਨੋਜ ਝਾਅ, ਸੀ.ਪੀ.ਆਈ. (ਐਮ) ਆਗੂ ਬ੍ਰਿੰਦਾ ਕਰਾਤ, ਸੀ.ਪੀ.ਆਈ. ਦੇ ਕੌਮੀ ਸਕੱਤਰ ਤੇ ਸੰਸਦ ਮੈਂਬਰ ਪੀ. ਸੰਤੋਸ਼ ਕੁਮਾਰ, ਸੀ.ਪੀ.ਆਈ. ਦਿੱਲੀ ਦੇ ਸਕੱਤਰ ਪ੍ਰੋਫੈਸਰ ਦਿਨੇਸ਼ ਵਰਸ਼ਣੇ, ਏ.ਆਈ.ਐਸ.ਐਫ. ਦੇ ਜਨਰਲ ਸਕੱਤਰ ਦਿਨੇਸ਼ ਸੀਰੰਗਾਰਾ ਤੇ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਤੇ ਨਿਖਿਲ ਡੇਅ ਸ਼ਾਮਲ ਸਨ। ਬ੍ਰਿੰਦਾ ਕਰਾਤ ਨੇ ਕਿਹਾ ਕਿ ਦਿੱਲੀ ਦੀ ਹਰ ਗਲੀ ਹੁਣ ‘ਜੰਤਰ-ਮੰਤਰ’ ਬਣ ਗਈ ਹੈ।

ਜੈਪੂਰ ਵਿਚ ਵੀ ਪ੍ਰਦਰਸ਼ਨ
ਜੈਪੁਰ, (ਪੀ.ਟੀ.ਆਈ.)-‘ਆਪ’ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਜੈਪੂਰ ਵਿਚ ਵੀ ਪ੍ਰਦਰਸ਼ਨ ਕੀਤਾ। ਸ਼ਹੀਦ ਸਮਾਰਕ ਵਿਖੇ ਹੋਏ ਇਸ ਪ੍ਰਦਰਸ਼ਨ ’ਚ ‘ਆਪ’ ਰਾਜਸਥਾਨ ਦੀ ਸਹਿ-ਇੰਚਾਰਜ ਨੀਤੂ ਮਾਨ ਤੇ ਮਹੇਸ਼ ਖਿੰਚੀ, ਸਤਿਆਵਾਨ ਰਾਣਾ ਤੇ ਵਿਸ਼ਵੇਂਦਰ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਨੇ 44 ਸਾਲਾਂ ਬਾਅਦ ਜਿੱਤਿਆ ਸੋਨ ਤਗਮਾ ਹਾਕੀ ’ਚ 1, ਮੁੱਕੇਬਾਜ਼ੀ ’ਚ 3, ਕੁਸ਼ਤੀ ’ਚ 1, ਤੀਰਅੰਦ...
Ad Position 24