ਸੰਤ ਨਿਰੰਜਨ ਦਾਸ ਪਾਸੋਂ ਲਿਆ ਅਸ਼ੀਰਵਾਦ
ਕਿਸ਼ਨਗੜ੍ਹ 18 ਨਵੰਬਰ (ਹੁਸਨ ਲਾਲ)-ਡੇਰਾ ਬ੍ਰਹਮਲੀਨ ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾਂ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੁੱਚੀ ਸੀਨੀਅਰ ਲੀਡਰਸ਼ਿਪ ਸਮੇਤ ਨਤਮਸਤਕ ਹੋਏ। ਉਨ੍ਹਾਂ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਪਦਮਸ੍ਰੀ ਸੰਤ ਨਿਰੰਜਨ ਦਾਸ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਨਿਰੰਜਨ ਦਾਸ ਨੇ ਨਿਤਿਨ ਨਬੀਨ ਅਤੇ ਉਨ੍ਹਾਂ ਨਾਲ ਆਏ ਆਗੂਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨਿਤਿਨ ਨਬੀਨ, ਕੇਵਲ ਸਿੰਘ ਢਿੱਲੋਂ ਅਤੇ ਆਗੂਆਂ ਵਲੋਂ ਸੰਤ ਨਿਰੰਜਨ ਦਾਸ ਨਾਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਜਾਈ ਜਾ ਰਹੀ ‘ਸਮਰਸਤਾ ਸੰਕਲਪ ਯਾਤਰਾ’ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤਰੁਣ ਚੁੱਘ ਮੈਂਬਰ ਰਾਜ ਸਭਾ, ਅਵਿਨਾਸ਼ ਚੰਦਰ ਕਲੇਰ, ਸ਼ੀਤਲ ਅੰਗੁਰਾਲ ਸਾਬਕਾ ਵਿਧਾਇਕ, ਰਾਜੇਸ਼ ਬਾਘਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਇਕਬਾਲ ਸਿੰਘ ਲਾਲਪੁਰਾ ਮੈਂਬਰ ਭਾਜਪਾ ਸੰਸਦੀ ਬੋਰਡ, ਬੀਬੀ ਕਰਮਜੀਤ ਕੌਰ ਆਦਿ ਤੋਂ ਇਲਾਵਾ ਸੇਵਾਦਾਰ ਹਰਦੇਵ ਦਾਸ, ਮੈਨੇਜਰ ਧਰਮਪਾਲ ਸਿਮਕ, ਵਰਿੰਦਰ ਦਾਸ ਬੱਬੂ, ਗੁਰਮੀਤ ਰਾਮ ਨਰ ਆਦਿ ਹਾਜ਼ਰ ਸਨ।