18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਚੀਨ ’ਚ ਇਕੱਠੇ ਹੋਏ ਟਰੰਪ, ਪੁਤਿਨ ਤੇ ਜਿਨਪਿੰਗ

ਚੀਨ ’ਚ ਇਕੱਠੇ ਹੋਏ ਟਰੰਪ, ਪੁਤਿਨ ਤੇ ਜਿਨਪਿੰਗ

Ad Position 21
No active advertisement
ਅਜੀਤ ਡੈਸਕ 19-11-2026

* ਅਹਿਮ ਮੀਟਿੰਗ ਅੱਜ * ਸ਼ੀ ਜਿਨਪਿੰਗ ਨੇ ਖ਼ੁਦ ਹਵਾਈ ਅੱਡੇ ’ਤੇ ਪੁੱਜ ਕੇ ਕੀਤਾ ਟਰੰਪ ਦਾ ਸਵਾਗਤ

ਬੀਜਿੰਗ/ਸ਼ੇਨਜ਼ੇਨ, 18 ਨਵੰਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਚੀਨ ਦੇ ਉੱਚ-ਤਕਨੀਕੀ ਸ਼ਹਿਰ ਸ਼ੇਨਜ਼ੇਨ ਪਹੁੰਚੇ, ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੁਦ ਹਵਾਈ ਅੱਡੇ ’ਤੇ ਪੁੱਜ ਕੇ ਉਨ੍ਹਾਂ ਨੂੰ ਜੱਫੀ ਪਾ ਕੇ ਜੀ ਆਇਆਂ ਕਿਹਾ। ਚੀਨ ਦੇ ਇਸ ਚੋਟੀ ਦੇ ਆਗੂ ਵਲੋਂ ਨਿੱਘ ਪ੍ਰਗਟਾਉਣ ਦਾ ਇਹ ਇਕ ਬਹੁਤ ਹੀ ਵਿਲੱਖਣ ਅੰਦਾਜ਼ ਸੀ। ਸਤੰਬਰ ’ਚ ਵਾਸ਼ਿੰਗਟਨ ਦੌਰੇ ਦੌਰਾਨ ਟਰੰਪ ਵਲੋਂ ਕੀਤੇ ਗਏ ਸਵਾਗਤ ਵਾਂਗ ਹੀ ਸ਼ੀ ਜਿਨਪਿੰਗ ਨੇ ਖੁਦ ਹਵਾਈ ਅੱਡੇ ਦੇ ਰਨਵੇਅ (ਟਾਰਮੈਕ) ’ਤੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਚੀਨੀ ਆਗੂ ਵਲੋਂ ਕੀਤਾ ਗਿਆ ਅਜਿਹਾ ਸਵਾਗਤ ਲਗਭਗ ਸੱਤ ਦਹਾਕੇ ਪਹਿਲਾਂ ਦੇਖਿਆ ਗਿਆ ਸੀ, ਜਦੋਂ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਸੰਸਥਾਪਕ ਮਾਓ ਜ਼ੇ ਤੁੰਗ ਨੇ ਸੋਵੀਅਤ ਆਗੂ ਨਿਕੀਤਾ ਖਰੁਸ਼ਚੇਵ ਦਾ ਸਵਾਗਤ ਕੀਤਾ ਸੀ। ਟਰੰਪ ਮਨੀਲਾ ਤੋਂ ਸ਼ੇਨਜ਼ੇਨ ਪਹੁੰਚੇ ਸਨ। ਉਹ ਇਥੇ ਬੁੱਧਵਾਰ ਤੋਂ ਸ਼ੁਰੂ ਹੋਈ ‘ਏਪੈਕ’  ਆਰਥਿਕ ਨੇਤਾਵਾਂ ਦੀ ਮੀਟਿੰਗ ’ਚ ਹਿੱਸਾ ਲੈਣ ਆਏ ਹਨ। ਇਸ ਤੋਂ ਇਲਾਵਾ, ਵੀਰਵਾਰ ਨੂੰ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਇਕ ਅਹਿਮ ਤਿਕੋਣੀ (ਤਿੰਨ-ਪੱਖੀ) ਮੀਟਿੰਗ ਹੋਣੀ ਹੈ। ਇਸ ਦੇ ਉਲਟ ਰੂਸੀ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਸ਼ੀ ਜਿਨਪਿੰਗ ਦੇ ਕਰੀਬੀ ਸਾਥੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ‘ਸਟੈਂਡਿੰਗ ਕਮੇਟੀ’ ਦੇ ਪ੍ਰਭਾਵਸ਼ਾਲੀ ਮੈਂਬਰ, ਕਾਈ ਕਿ ਨੇ ਕੀਤਾ। ਚੀਨੀ ਅਧਿਕਾਰੀਆਂ ਅਨੁਸਾਰ, ਇਹ ਵੀ ਇਕ ਵਿਲੱਖਣ ਘਟਨਾ ਸੀ, ਕਿਉਂਕਿ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਆਮ ਤੌਰ ’ਤੇ ਹਵਾਈ ਅੱਡੇ ’ਤੇ ਰਾਜ ਮਹਿਮਾਨਾਂ ਦਾ ਸਵਾਗਤ ਨਹੀਂ ਕਰਦੇ। ਸ਼ੀ ਜਿਨਪਿੰਗ ਅਤੇ ਟਰੰਪ ਨੇ ਲਗਭਗ 20 ਮਿੰਟ ਆਪਸੀ ਗੱਲਬਾਤ ’ਚ ਬਿਤਾਏ ਅਤੇ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਲਈ ਚੀਨੀ ‘ਜੇ-10ਸੀ’ ਲੜਾਕੂ ਜਹਾਜ਼ਾਂ ਦੇ ਅਭਿਆਸ (ਫਾਰਮੇਸ਼ਨ) ਨੂੰ ਦੇਖਿਆ। ਬੁੱਧਵਾਰ ਨੂੰ ‘ਏਪੈਕ’ ਸੰਮੇਲਨ ਦੇ ਨੇਤਾਵਾਂ ਲਈ ਦਿੱਤੇ ਵਿਸ਼ੇਸ਼ ਰਾਤ ਦੇ ਖਾਣੇ ’ਚ ਸ਼ਾਮਿਲ ਹੋਣ ਤੋਂ ਇਲਾਵਾ, ਟਰੰਪ, ਸ਼ੀ ਜਿਨਪਿੰਗ ਅਤੇ ਪੁਤਿਨ ਇਕ ਤਿਕੋਣੀ ਮੀਟਿੰਗ ਕਰਨਗੇ। ਦੁਨੀਆ ਦੇ ਇਨ੍ਹਾਂ ਤਿੰਨ ਪ੍ਰਮੁੱਖ ਦੇਸ਼ਾਂ ਦੇ ਨੇਤਾਵਾਂ ਦੀ ਇਹ ਪਹਿਲੀ ਅਜਿਹੀ ਮੁਲਾਕਾਤ ਹੋਵੇਗੀ, ਜਿਸ ’ਚ ਯੂਕਰੇਨ ਸੰਘਰਸ਼, ਈਰਾਨ ਨਾਲ ਜੁੜੇ ਮੁੱਦਿਆਂ, ਬਨਾਉਟੀ ਗਿਆਨ ਅਤੇ ਪ੍ਰਮਾਣੂ ਹਥਿਆਰਾਂ ’ਚ ਕਟੌਤੀ ਸਮੇਤ ਕਈ ਅਹਿਮ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਰਾਤ ਦੇ ਖਾਣੇ ਦੌਰਾਨ ਟਰੰਪ, ਸ਼ੀ ਜਿਨਪਿੰਗ ਅਤੇ ਪੁਤਿਨ ਨੂੰ ਹਾਸਾ ਮਜ਼ਾਕ ਕਰਦੇ ਦੇਖਿਆ ਗਿਆ। ਰੂਸ ਦੀ ਅਧਿਕਾਰਤ ਸਮਾਚਾਰ ਏਜੰਸੀ ਟਾਸ ਅਨੁਸਾਰ ਕ੍ਰੇਮਲਿਨ ਦੇ ਸੀਨੀਆਰ ਸਲਾਹਕਾਰ ਯੂਰੀ ਉਸ਼ਾਕੋਵ ਨੇ ਦੱਸਿਆ ਕਿ ਤਿਕੋਣੀ ਬੈਠਕ ਦੇ ਬਾਅਦ ਜਾਰੀ ਹੋਣ ਵਾਲੇ ਬਿਆਨ ਦੇ ਮਸੌਦੇ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਸ਼ਾਕੋਵ ਨੇ ਕਿਹਾ ਕਿ ਤਿੰਨੋਂ ਆਗੂ ਵਿਸ਼ਵਵਿਆਪੀ ਟਕਰਾਵਾਂ ਨੂੰ ਧਿਆਨ ’ਚ ਰੱਖਦਿਆਂ, ਕਈ ਤਰ੍ਹਾਂ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਗੱਲ ’ਤੇ ਚਰਚਾ ਕਰਨਗੇ ਕਿ ਕਿਵੇਂ ਵੱਡੀਆਂ ਤਾਕਤਾਂ ਆਪਸੀ ਸੰਬੰਧ ਬਣਾ ਸਕਦੀਆਂ ਹਨ ਅਤੇ ਵਿਸ਼ਵ ਸਥਿਤੀ ਨੂੰ ਸੁਧਾਰ ਸਕਦੀਆਂ ਹਨ। ‘ਟਾਸ’ ਨੇ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦੇ ਹਵਾਲੇ ਨਾਲ ਕਿਹਾ ਕਿ ਪੁਤਿਨ ਨੂੰ ਅਗਲੇ ਮਹੀਨੇ ਮਿਆਮੀ ’ਚ ਹੋਣ ਵਾਲੇ ਜੀ20 ਸੰਮੇਲਨ ’ਚ ਸੱਦਾ ਦਿੱਤਾ ਗਿਆ ਹੈ ਤੇ ਏਪੈਕ ਮੀਟਿੰਗ ਦੌਰਾਨ ਟਰੰਪ ਨਾਲ ਉਨ੍ਹਾਂ ਦੀ ਗੱਲਬਾਤ ’ਚ ਇਹ ਵਿਸ਼ਾ ਉਠਾਇਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਸਮਾਨਤਾ ਤੇ ਸਦਭਾਵਨਾ ਦੇ ਸੰਦੇਸ਼ ਨੂੰ ‘ਜਨ-ਜਨ’ ਤੱਕ ਪਹੁੰਚਾਏਗੀ ‘ਸਮਰਸਤਾ ਸੰਕਲਪ ਯਾਤਰਾ’-ਨਿਤਿਨ ਨਬ...
Ad Position 24