20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨੇੜੇ- ਰੂਬੀਓ

ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨੇੜੇ- ਰੂਬੀਓ

Ad Position 21
No active advertisement
ਅਜੀਤ ਡੈਸਕ 20-10-2026

ਵਾਸ਼ਿੰਗਟਨ, 19 ਅਕਤੂਬਰ (ਪੀ.ਟੀ.ਆਈ.)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨੇੜੇ ਹੈ। ਉਨ੍ਹਾਂ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਰੂਸੀ ਤੇਲ ਦੀ ਖ਼ਰੀਦ ’ਤੇ ਟੈਰਿਫ ਤੋਂ ਦਿੱਤੀ ਗਈ ਛੋਟ ਦਾ ਸਬੰਧ ਵੀ ਇਸ ਫ਼ੈਸਲੇ ਨਾਲ ਹੈ। ਉਜ਼ਬੇਕਿਸਤਾਨ ਦੇ ਸਮਰਕੰਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬੀਓ ਨੇ ਕਿਹਾ ਕਿ ਅਸੀਂ ਇਸ ਸਮੇਂ ਭਾਰਤ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਨੂੰ ਸਿਰੇ ਚਾੜ੍ਹਨ ਦੇ ਬੇਹੱਦ ਨੇੜੇ ਹਾਂ। ਇਸ ਲਈ ਇਹ ਉਨ੍ਹਾਂ ਗੱਲਾਂ ’ਚੋਂ ਇਕ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਕੌਮੀ ਸੁਰੱਖਿਆ ਦੇ ਆਧਾਰ ’ਤੇ ਟੈਰਿਫ ਤੋਂ ਛੋਟ ਦੇਣ ਵਰਗੇ ਫ਼ੈਸਲੇ ਲੈਂਦੇ ਸਮੇਂ ਧਿਆਨ ’ਚ ਰੱਖਦੇ ਹਨ। ਰੂਬੀਓ ਭਾਰਤ ਦੇ ਦੌਰੇ ’ਤੇ ਆਉਣਗੇ ਤੇ ਮੁੰਬਈ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਊਰਜਾ, ਵਪਾਰ, ਰੱਖਿਆ, ਅਹਿਮ ਤੇ ਉੱਭਰ ਰਹੀਆਂ ਤਕਨਾਲੋਜੀਆਂ ਸਮੇਤ ਦੁਵੱਲੇ ਸਹਿਯੋਗ ਦੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਰੂਬੀਓ ਨੇ ਰੂਸ ਤੋਂ ਤੇਲ ਖ਼ਰੀਦਣਾ ਜਾਰੀ ਰੱਖਣ ਸਬੰਧੀ ਭਾਰਤ ਦੀਆਂ ਮਜਬੂਰੀਆਂ ਨੂੰ ਵੀ ਸਵੀਕਾਰ ਕਰਦੇ ਹੋਏ ਕਿਹਾ ਕਿ ਕਿਸੇ ਇਕ ਮੁੱਦੇ ਕਾਰਨ ਦੂਜੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ। ਸਤੰਬਰ ’ਚ ਅਮਰੀਕਾ ਵਲੋਂ ਰੂਸ ਤੇ ਈਰਾਨ ’ਤੇ ਪਾਬੰਦੀਆਂ ਲਾਉਣ ਸਬੰਧੀ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਇਹ ਮੁੱਦਾ ਰੂਬੀਓ ਅਤੇ ਜੈਸ਼ੰਕਰ ਵਿਚਾਲੇ ਗੱਲਬਾਤ ਦਾ ਅਹਿਮ ਹਿੱਸਾ ਰਿਹਾ ਹੈ। ਰੂਬੀਓ ਨੇ ਕਿਹਾ ਕਿ ਹਰੇਕ ਦੇਸ਼ ਨੂੰ ਭੂਗੋਲਿਕ ਸਥਿਤੀ ਸਮੇਤ ਕਈ ਗੁੰਝਲਦਾਰ ਕਾਰਕਾਂ ਨੂੰ ਧਿਆਨ ’ਚ ਰੱਖਣਾ ਪੈਂਦਾ ਹੈ। ਕੁਝ ਦੇਸ਼ਾਂ ਲਈ ਊਰਜਾ ਦੇ ਬਦਲਵੇਂ ਸਰੋਤਾਂ ਤੱਕ ਪਹੁੰਚ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਬਹਾਨਾ ਨਹੀਂ ਹੈ, ਪਰ ਵਿਦੇਸ਼ ਨੀਤੀ ਬਣਾਉਂਦੇ ਸਮੇਂ ਇਨ੍ਹਾਂ ਸਾਰੇ ਕਾਰਕਾਂ ਵਿਚਾਲੇ ਸੰਤੁਲਨ ਬਣਾਉਣਾ ਜ਼ਰੂਰੀ ਹੈ। ਅਮਰੀਕਾ ਦੀ ਵਿਦੇਸ਼ ਨੀਤੀ ’ਚ ਰੂਸ-ਯੂਕਰੇਨ ਜੰਗ ਨੂੰ ਧਿਆਨ ’ਚ ਰੱਖਿਆ ਜਾਂਦਾ ਹੈ, ਪਰ ਨੀਤੀ ਸਿਰਫ਼ ਇਸੇ ਮੁੱਦੇ ਤੱਕ ਸੀਮਤ ਨਹੀਂ ਹੈ। ਹੋਰਨਾਂ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਤੇ ਉਨ੍ਹਾਂ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਨੂੰ ਵੀ ਧਿਆਨ ’ਚ ਰੱਖਣਾ ਪੈਂਦਾ ਹੈ। ਸਮਝਿਆ ਜਾਂਦਾ ਹੈ ਕਿ ਜੈਸ਼ੰਕਰ ਨੇ ਰੂਬੀਓ ਨੂੰ ਦੱਸਿਆ ਹੈ ਕਿ ਭਾਰਤ ਦੀਆਂ ਤੇਲ ਰਿਫਾਇਨਰੀਆਂ ਮੁੱਖ ਤੌਰ ’ਤੇ ਦਰਮਿਆਨੇ ਦਰਜੇ ਦੇ ਸਲਫਰ ਵਾਲੇ ਕੱਚੇ ਤੇਲ ਦੀ ਪ੍ਰੋਸੈਸਿੰਗ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਕਿਸਮ ਦਾ ਤੇਲ ਮੱਧ ਪੂਰਬ ਦੇ ਦੇਸ਼ਾਂ ਤੇ ਰੂਸ ਤੋਂ ਮਿਲਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੈਨੇਜ਼ੁਏਲਾ ਤੋਂ ਭਾਰੀ ਦਰਜੇ ਦਾ ਕੱਚਾ ਤੇਲ ਮਿਲਦਾ ਹੈ ਜਦਕਿ ਅਮਰੀਕਾ ਤੋਂ ਹਲਕੇ ਦਰਜੇ ਦਾ ਤੇਲ ਸਪਲਾਈ ਹੁੰਦਾ ਹੈ। ਭਾਰਤੀ ਰਿਫਾਇਨਰੀਆਂ ’ਚ ਵਰਤੋਂ ਤੋਂ ਪਹਿਲਾਂ ਅਮਰੀਕੀ ਤੇਲ ਨੂੰ ਹੋਰ ਕਿਸਮ ਦੇ ਤੇਲ ਨਾਲ ਮਿਲਾਉਣ ਦੀ ਲੋੜ ਪੈ ਸਕਦੀ ਹੈ। ਈਰਾਨ ਜੰਗ ਕਾਰਨ ਮੱਧ ਪੂਰਬ ਦੇ ਦੇਸ਼ਾਂ ਤੋਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਭਾਰਤ ਨੂੰ ਆਪਣੀ ਅਰਥਵਿਵਸਥਾ ਨੂੰ ਚਲਦਾ ਰੱਖਣ ਲਈ ਰੂਸੀ ਕੱਚੇ ਤੇਲ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਐਲ.ਕੇ. ਅਡਵਾਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਅਗਲੀ ਖ਼ਬਰ ਭਾਰਤੀ ਖੇਡ ਜਗਤ ’ਚ ਡੋਪਿੰਗ ਦਾ ਕਾਲਾ ਪਰਛਾਵਾਂ ਪਿਛਲੇ 5 ਸਾਲਾਂ ’ਚ ਮਾਮਲਿਆਂ ਵਿਚ ਬੇਤਹਾਸ਼ਾ ਵਾਧਾ
Ad Position 24