ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)-ਸੋਮਵਾਰ ਸ਼ਾਮ ਨੂੰ ਓਮਾਨ ਦੇ ਲਿਮਾਹ ਨੇੜੇ ਇਕ ਵਪਾਰਕ ਜਹਾਜ਼ ’ਤੇ ਹੋਏ ਹਮਲੇ ’ਚ ਇਕ ਭਾਰਤੀ ਮਲਾਹ ਦੀ ਮੌਤ ਹੋ ਗਈ, ਜਿਸ ’ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ‘ਐਮ.ਐਸ.ਵੀ. ਅਲ ਜੁਸੂਫੀ’ ਨਾਮਕ ਇਸ ਜਹਾਜ਼ ’ਤੇ 14 ਭਾਰਤੀ ਨਾਗਰਿਕ ਸਵਾਰ ਸਨ, ਜਿਨ੍ਹਾਂ ’ਚੋਂ 13 ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਓਮਾਨ ’ਤੇ ਹੋਏ ਹਮਲੇ ਦੀ ਘਟਨਾ ਦੀ ਭਾਰਤ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲੇ ਰੁਕਣੇ ਚਾਹੀਦੇ ਹਨ। ਐਮ.ਐਸ.ਵੀ.ਏ.ਆਈ. ਜੁਸੁਫਾਈ ਨਾਂਅ ਦੇ ਜਹਾਜ਼ ’ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਓਮਾਨ ਦੇ ਤੱਟ ਕੋਲੋਂ ਲੰਘ ਰਿਹਾ ਸੀ। ਭਾਰਤ ਨੇ ਇਸ ਸੰਬੰਧੀ ਜਾਰੀ ਬਿਆਨ ’ਚ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਹਾਜ਼ ’ਤੇ ਸਵਾਰ 14 ਭਾਰਤੀ ਨਾਗਰਿਕਾਂ ’ਚੋਂ 13 ਨੂੰ ਬਚਾਅ ਲਿਆ ਗਿਆ ਹੈ ਪਰ ਇਕ ਭਾਰਤੀ ਨਾਗਰਿਕ ਦੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਗਈ। ਭਾਰਤ ਨੇ ਕਮਰਸ਼ੀਅਲ ਜਹਾਜ਼ਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਤਣਾਅ ਨੂੰ ਘੱਟ ਕਰਨ ਦੇ ਨਾਲ ਹੀ ਇਸ ਸਮੱਸਿਆ ਦਾ ਕੂਟਨੀਤਕ ਹੱਲ ਕੱਢਣ ਦੀ ਅਪੀਲ ਕਰਦਾ ਹੈ।