05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਮਿਤ ਸ਼ਾਹ ਵਲੋਂ 1857 ਦੇ ਨਾਇਕਾਂ ਦੀ ਯਾਦ ਵਿਚ ਅੰਬਾਲਾ ’ਚ ਬਣਾਇਆ ‘ਸ਼ਹੀਦ ਸਮਾਰਕ’ ਰਾਸ਼ਟਰ ਨੂੰ ਸਮਰਪਿਤ

ਅਮਿਤ ਸ਼ਾਹ ਵਲੋਂ 1857 ਦੇ ਨਾਇਕਾਂ ਦੀ ਯਾਦ ਵਿਚ ਅੰਬਾਲਾ ’ਚ ਬਣਾਇਆ ‘ਸ਼ਹੀਦ ਸਮਾਰਕ’ ਰਾਸ਼ਟਰ ਨੂੰ ਸਮਰਪਿਤ

Ad Position 21
No active advertisement
ਅਜੀਤ ਡੈਸਕ 06-11-2026

ਰਾਮ ਸਿੰਘ ਬਰਾੜ
ਚੰਡੀਗੜ੍ਹ, 5 ਨਵੰਬਰ-1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਦੀ ਸ਼ਾਨਦਾਰ ਗਾਥਾ ਅਤੇ ਵੀਰ ਕ੍ਰਾਂਤੀਕਾਰੀਆਂ ਦੇ ਅਦੁੱਤੀ ਸਾਹਸ ਦਾ ਗਵਾਹ ਬਣ ਰਿਹਾ ਅੰਬਾਲਾ ਦਾ ਇਤਿਹਾਸਕ ਸਮਾਰਕ ਅੱਜ ਰਾਸ਼ਟਰ ਨੂੰ ਸਮਰਪਿਤ ਹੋ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਸ ਦਾ ਉਦਘਾਟਨ ਕਰਕੇ ਆਜ਼ਾਦੀ ਦੇ ਸੰਗਰਾਮ ਦੇ ਵੀਰ ਨਾਇਕਾਂ ਦੀ ਕੁਰਬਾਨੀ, ਸੰਘਰਸ਼ ਅਤੇ ਦੇਸ਼ ਭਗਤੀ ਨੂੰ ਨਮਨ ਕੀਤਾ। ਇਹ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਵੀਰਾਂ ਦੀ ਬਹਾਦਰੀ ਤੇ ਤਿਆਗ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਵੀ ਮੌਜੂਦ ਸਨ। ਅਮਿਤ ਸ਼ਾਹ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਰਕ ਦੇ ਪਰਿਸਰ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾ ਕੇ ਸਾਫ਼-ਸੁਥਰੇ ਵਾਤਾਵਰਨ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਦੀਪ ਜਗਾ ਕੇ ਉਦਘਾਟਨ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਗ੍ਰਹਿ ਮੰਤਰੀ ਨੇ ਅਜਾਇਬ ਘਰ ਨਾਲ ਸੰਬੰਧਿਤ ਵਰਚੂਅਲ ਰਿਐਲਿਟੀ ਫ਼ਿਲਮ ਦੀ ਪੇਸ਼ਕਾਰੀ ਦੇਖੀ ਤੇ ਟੈਲੀਗ੍ਰਾਮ ਪ੍ਰਦਰਸ਼ਨੀ ਰਾਹੀਂ ਅੰਬਾਲਾ ’ਚ ਕ੍ਰਾਂਤੀ ਦੀ ਸ਼ੁਰੂਆਤ ਤੇ ਹਰਿਆਣਾ ਵਿਚ ਕ੍ਰਾਂਤੀ ਦੀ ਸ਼ੁਰੂਆਤ ਦਾ ਜਾਇਜ਼ਾ ਲਿਆ। ਨਾਲ ਹੀ, ਕਠਪੁਤਲੀ ਸ਼ੋਅ ਰਾਹੀਂ ਹਰਿਆਣਾ ਵਿਚ ਕ੍ਰਾਂਤੀ ਦੀ ਪ੍ਰਦਰਸ਼ਨੀ ਵੀ ਦੇਖੀ। ਸਾਰੇ ਮਹਿਮਾਨਾਂ ਨੇ 1857 ਦੇ ਕ੍ਰਾਂਤੀਵੀਰਾਂ ਦੇ ਸਨਮਾਨ ਵਿਚ ਸ਼ਰਧਾਂਜਲੀ ਭੇਟ ਕੀਤੀ। ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਉਹ ਉਸ ਧਰਤੀ ਨੂੰ ਵਾਰ-ਵਾਰ ਨਮਨ ਕਰਦੇ ਹਨ ਜਿਥੇ 10 ਮਈ ਨੂੰ 1857 ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ। ਇਹ ਇਕ ਅਜਿਹੀ ਘਟਨਾ ਸੀ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਂਹਾਂ ਹਿਲਾ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਸ਼ਹੀਦਾਂ ਦੀਆਂ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਹੀ ਮਿਲੀ ਹੈ। ਅਮਿਤ ਸ਼ਾਹ ਨੇ ਨਾਨਾ ਸਾਹਿਬ ਪੇਸ਼ਵਾ, ਮਹਾਰਾਣੀ ਲਕਸ਼ਮੀ ਬਾਈ, ਤਾਂਤਿਆ ਟੋਪੇ, ਅਜ਼ੀਮੁੱਲਾ ਖਾਨ, ਬੇਗਮ ਹਜ਼ਰਤ ਮਹਿਲ, ਬਹਾਦਰ ਸ਼ਾਹ ਜ਼ਫ਼ਰ ਅਤੇ ਕਈ ਹੋਰ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ। ਇਸ ਮਹਾਨ ਕ੍ਰਾਂਤੀ ਦੀ ਜਵਾਲਾ ਦੌਰਾਨ ਹਰਿਆਣਾ ਦੇ ਵੀਰ ਨਾਇਕ ਵੀ ਉੱਭਰ ਕੇ ਸਾਹਮਣੇ ਆਏ। ਇਹ ਅਜਾਇਬ ਘਰ ਭਾਰਤ ਦੇ ਆਜ਼ਾਦੀ ਸੰਗਰਾਮ ’ਤੇ ਆਧਾਰਿਤ ਆਉਣ ਵਾਲੇ ਸਭ ਤੋਂ ਵੱਡੇ ਅਜਾਇਬ ਘਰਾਂ ’ਚੋਂ ਇਕ ਹੈ, ਜਿਸ ਨੂੰ ਸਿਰਫ਼ ਇਕ ਇਮਾਰਤੀ ਪਰਿਸਰ ਵਜੋਂ ਨਹੀਂ, ਸਗੋਂ ਇਕ ਰਾਸ਼ਟਰੀ ਤੀਰਥ ਸਥਾਨ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ‘ਆਜ਼ਾਦੀ ਕੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ’ ਨਾਮਕ ਇਹ ਸਮਾਰਕ 22 ਏਕੜ ਜ਼ਮੀਨ ’ਚ ਫੈਲਿਆ ਹੋਇਆ ਹੈ। ਇਸ ’ਚ 22 ਗੈਲਰੀਆਂ ਹਨ, ਜੋ 1857 ਦੀ ਕ੍ਰਾਂਤੀ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਦਰਸਾਉਂਦੀਆਂ ਹਨ। ਅਜਾਇਬ ਘਰ ਦੀਆਂ ਗੈਲਰੀਆਂ 1857 ਦੀਆਂ ਘਟਨਾਵਾਂ ਰਾਹੀਂ ਇਕ ਕਾਲਕ੍ਰਮ ਅਨੁਸਾਰ ਤੇ ਇਮਰਸਿਵ ਯਾਤਰਾ ਵਜੋਂ ਵਿਕਸਿਤ ਕੀਤੀਆਂ ਗਈਆਂ ਹਨ।

 

 

‘ਰਾਹੁਲ ਗਾਂਧੀ ਵਿਦੇਸ਼ੀ ਦੌਰਿਆਂ ਦੇ ਵੇਰਵੇ ਜਨਤਕ ਕਰਨ’
ਕਰਨਾਲ, (ਬਿਸ਼ਪਾਲ ਰਾਣਾ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਆਪਣੇ ਵਿਦੇਸ਼ੀ ਦੌਰਿਆਂ ਦੇ ਵੇਰਵੇ ਜਨਤਕ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿਉਂਕਿ ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਨ। ਭਾਜਪਾ ਦੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਰੈਲੀ ਦੌਰਾਨ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਤੋਂ ਇਹ ਵੀ ਪੁੱਛਿਆ ਕਿ ਜੇਕਰ ਉਹ ਮੰਨਦੇ ਹਨ ਕਿ ਸਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਖਰਾਬੀ ਹੈ, ਤਾਂ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੇ ਕੇਰਲ ’ਚ ਚੋਣਾਂ ਜਿੱਤਣ ਤੋਂ ਬਾਅਦ, ਉਨ੍ਹਾਂ ਹੀ ਮਸ਼ੀਨਾਂ ਦੀ ਵਰਤੋਂ ਕਰਕੇ ਸਹੁੰ ਕਿਉਂ ਚੁੱਕੀ? ਉਨ੍ਹਾਂ ਨੇ ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਦਾ ਵੀ ਜ਼ਿਕਰ ਕੀਤਾ, ਜਿਥੇ ਕਾਂਗਰਸ ਸੱਤਾ ’ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸੋਚ ਰਹੇ ਹਨ ਕਿ ਕੀ ਅਹਿਮ ਮੁੱਦਿਆਂ ’ਤੇ ਚਰਚਾ ਸੜਕਾਂ ’ਤੇ ਹੋਣੀ ਚਾਹੀਦੀ ਹੈ ਜਾਂ ਸੰਸਦ ’ਚ। ਉਨ੍ਹਾਂ ਕਿਹਾ ਕਿ ਰਾਹੁਲ ਜੀ, ਜੇਕਰ ਤੁਹਾਨੂੰ ਸੜਕਾਂ ’ਤੇ ਚਰਚਾ ਕਰਨ ਦਾ ਏਨਾ ਹੀ ਸ਼ੌਕ ਹੈ, ਤਾਂ ਤੁਸੀਂ ਮੋਦੀ ਜੀ ਨੂੰ ਬਹਿਸ ਲਈ ਕਹੋ, ਤੁਸੀਂ ਕਹੋ ਕਿ ‘ਥਾਂ ਦੱਸੋ’, ਚਲੋ ਮੋਦੀ ਜੀ ਨੂੰ ਛੱਡੋ। ਹਰਿਆਣਾ ’ਚ ਕੋਈ ਵੀ ਚੌਰਾਹਾ ਚੁਣ ਲਓ, ਸਾਡੇ ਯੁਵਾ ਮੋਰਚਾ ਦੇ ਪ੍ਰਧਾਨ ਤੁਹਾਡੇ ਨਾਲ ਬਹਿਸ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਕ ਜ਼ਿੰਮੇਵਾਰ ਤੇ ਅਰਥਪੂਰਨ ਚਰਚਾ ਕਰਨਾ ਚਾਹੁੰਦੇ ਹੋ, ਤਾਂ ਸੰਸਦ ’ਚ ਆਓ ਪਰ ਮੈਨੂੰ ਪਤਾ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਤੇ ਹਮੇਸ਼ਾ ਵਾਂਗ ਭੱਜ ਜਾਓਗੇ।

Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਕੰਮ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ ’ਤੇ ਰੋਕ
Ad Position 24