ਨਵੀਂ ਦਿੱਲੀ, 13 ਨਵੰਬਰ (ਪੀ.ਟੀ.ਆਈ.)-ਈ.ਡੀ. ਨੇ ਸ਼ੁੱਕਰਵਾਰ ਨੂੰ ਹਵਾਲਾ ਦੇ ਇਕ ਮਾਮਲੇ ਦੇ ਸੰਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਤੋਂ ਦਿੱਲੀ ਸਥਿਤ ਆਪਣੇ ਮੁੱਖ ਦਫ਼ਤਰ ’ਚ ਪੁੱਛਗਿੱਛ ਕੀਤੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ, ਆਜ਼ਮ ਖਾਨ ਨੂੰ ਵੀਰਵਾਰ ਨੂੰ ਗਾਜ਼ੀਆਬਾਦ ਦੀ ਵਿਸ਼ੇਸ਼ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ ਅਦਾਲਤ ਨੇ ਚਾਰ ਦਿਨਾਂ ਲਈ ਈ.ਡੀ. ਦੀ ਹਿਰਾਸਤ ’ਚ ਭੇਜ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ 78 ਸਾਲਾ ਆਜ਼ਮ ਖਾਨ ਤੋਂ ਪੁੱਛਗਿੱਛ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦਾ ਕੰਮ ਈ.ਡੀ. ਦੀ ਲਖਨਊ ਜ਼ੋਨ ਦੀ ਜਾਂਚ ਟੀਮ ਦੁਆਰਾ ਦਿੱਲੀ ਸਥਿਤ ਈ.ਡੀ. ਮੁੱਖ ਦਫ਼ਤਰ ’ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਧਦੀ ਉਮਰ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦੇ ਮੱਦੇਨਜ਼ਰ, ਉਨ੍ਹਾਂ ਨੂੰ ਲਖਨਊ ਸਥਿਤ ਦਫ਼ਤਰ ਨਹੀਂ ਲਿਜਾਇਆ ਗਿਆ, ਜਿਥੇ ਇਹ ਮਾਮਲਾ ਦਰਜ ਹੈ। ਈ.ਡੀ. ਨੇ ਆਜ਼ਮ ਖ਼ਾਨ ਅਤੇ ਹੋਰਾਂ ਵਿਰੁੱਧ ਹਵਾਲਾ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਉੱਤਰ ਪ੍ਰਦੇਸ਼ ਪੁਲਿਸ ਵਲੋਂ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਰਜ ਕੀਤੀਆਂ ਗਈਆਂ 58 ਐਫ.ਆਈ.ਆਰਜ਼ ਦੇ ਆਧਾਰ ’ਤੇ ਕੀਤੀ ਗਈ ਹੈ। ਏਜੰਸੀ ਦਾ ਦੋਸ਼ ਹੈ ਕਿ ਜਨਤਕ ਕੰਮਾਂ ਲਈ ਜਾਰੀ ਕੀਤੇ ਗਏ ਸਰਕਾਰੀ ਫੰਡਾਂ ਨੂੰ ਰਾਮਪੁਰ ’ਚ ‘ਮੁਹੰਮਦ ਅਲੀ ਜੌਹਰ ਯੂਨੀਵਰਸਿਟੀ’ ਦੀ ਉਸਾਰੀ ਲਈ ਵਰਤਿਆ ਗਿਆ ਸੀ।
ਈ.ਡੀ. ਵਲੋਂ ਆਜ਼ਮ ਖ਼ਾਨ ਤੋਂ ਪੁੱਛਗਿੱਛ
ਈ.ਡੀ. ਵਲੋਂ ਆਜ਼ਮ ਖ਼ਾਨ ਤੋਂ ਪੁੱਛਗਿੱਛ
ਅਜੀਤ ਡੈਸਕ
14-11-2026