ਮਾਹਿਲਪੁਰ, 1 ਜਨਵਰੀ (ਰਜਿੰਦਰ ਸਿੰਘ)-ਪੰਜਾਬ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੀ ਗੱਲ ਕਰਦੀ ਸੀ ਤੇ ਜਦੋਂ ਸੱਤਾ ਮਿਲ ਗਈ ਤਾਂ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਸੋਹਣ ਸਿੰਘ ਭੂਨੋ, ਮੱਖਣ ਸਿੰਘ ਲੰਗੇਰੀ ਅਤੇ ਮਲਕੀਤ ਸਿੰਘ ਬਾਹੋਵਾਲ ਨੇ ਲੋਕ ਮਸਲਿਆਂ 'ਤੇ ਬਤੌਰ ਮੀਡੀਆ ਅਦਾਰੇ, ਸਰਕਾਰ ਨੂੰ ਸਵਾਲਾਂ ਰਾਹੀਂ ਘੇਰਨ ਵਾਲੇ ਅਤੇ ਪੰਜਾਬ ਦੇ ਸ੍ਰੋਤਾਂ ਦੀ ਕੀਤੀ ਜਾ ਰਹੀ ਸਿਆਸੀ ਦੁਰਵਰਤੋਂ ਨੂੰ ਲੋਕ ਕਚਹਿਰੀ ਵਿਚ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਮਿੰਟੂ ਗੁਰਸਰੀਆ ਅਤੇ ਆਰ.ਟੀ.ਆਈ ਐਕਟੀਵਿਸਟ ਮਾਨਿਕ ਗੋਇਲ ਸਮੇਤ ਦਸ ਵਿਅਕਤੀਆਂ ਤੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ ਸਾਈਬਰ ਕ੍ਰਾਈਮ ਥਾਣੇ ਵਿਚ ਪੁਲਿਸ ਪਰਚਾ ਦਰਜ ਕਰਨ ਦੀ ਵੱਖ-ਵੱਖ ਜਥੇਬੰਦੀਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨਿਖੇਧੀ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਇਸ ਝੂਠੇ ਪੁਲਿਸ ਪਰਚੇ ਨੂੰ ਫ਼ੌਰਨ ਰੱਦ ਕਰਨ ਦੀ ਮੰਗ ਕਰਦੇ ਹਾਂ | ਇਸ ਮੌਕੇ ਆਗੂਆਂ ਵਲੋਂ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਮਨਜਿੰਦਰ ਸਿੰਘ ਹੱਲੂਵਾਲ, ਗੁਰਨਾਮ ਚੰਦ, ਰਾਮ ਆਸਰਾ, ਉਂਕਾਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਅਜੇ ਕੁਮਾਰ, ਨਵਜੋਤ ਸਿੰਘ, ਸੱਤਪਾਲ ਅਤੇ ਗੁਰਜੀਤ ਸਿੰਘ ਟੋਨੀ ਮੌਜੂਦ ਸਨ |