ਦਸੂਹਾ, 25 ਜਨਵਰੀ (ਭੁੱਲਰ)- ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਹਵਾਈ ਯਾਤਰਾ ਰਾਹੀਂ ਜੈਪੁਰ ਐਕਸਪੋਜਰ ਵਿਜ਼ਟ ਕਰਵਾਇਆ ਗਿਆ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਸਦਕਾ ਕਿਰਨ ਸ਼ਰਮਾ ਡਾਇਰੈਕਟਰ ਰਾਜ ਵਿੱਦਿਅਕ, ਸਿਖਲਾਈ ਖੋਜ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਰਮਿੰਦਰਜੀਤ ਕੌਰ ਸਟੇਟ ਰਿਸੋਰਸ ਪਰਸਨ ਦੇ ਪ੍ਰਬੰਧਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ਸਿ) ਗੁਰਿੰਦਰਜੀਤ ਕੌਰ ਦੀ ਅਗਵਾਈ ਵਿਚ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਿਆਰ੍ਹਵੀਂ ਜਮਾਤ (ਮੈਡੀਕਲ- ਨਾਨ ਮੈਡੀਕਲ) ਦੇ ਵਿਦਿਆਰਥੀਆਂ ਦਾ ਐਕਸਪੋਜ਼ਰ ਵਿਜ਼ਟ ਜੈਪੁਰ (ਰਾਜਸਥਾਨ) ਵਿਖੇ ਕਰਵਾਇਆ ਗਿਆ | ਇਹ 6 ਦਿਨਾਂ ਐਕਸਪੋਜ਼ਰ ਵਿਜ਼ਟ ਦੌਰਾਨ ਨੋਡਲ ਅਫ਼ਸਰ ਦੀ ਭੂਮਿਕਾ ਜ਼ਿਲੇ੍ਹ ਦੇ ਸੀਨੀਅਰ ਅਧਿਕਾਰੀ ਪਿ੍ੰਸੀਪਲ ਸ਼ੈਲੇਂਦਰ ਠਾਕੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਨੇ ਨਿਭਾਈ, ਬਤੌਰ ਗਾਈਡ, ਸਾਇੰਸ ਮਾਸਟਰ ਅਮਨਪ੍ਰੀਤ ਸਹੋਤਾ ਅਤੇ ਮਿਸ ਹਰਜੋਤ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਅਸ਼ੋਕ ਕਾਲੀਆ ਵੀ ਹਾਜ਼ਰ ਸਨ | ਪਿ੍ੰਸੀਪਲ ਸ਼ੈਲੇਂਦਰ ਠਾਕੁਰ ਨੇ ਦੱਸਿਆ ਕਿ ਇਸ ਦੌਰੇ ਲਈ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਮੈਰਿਟ ਦੇ ਆਧਾਰ 'ਤੇ ਚੋਣ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਵਿਸ਼ੇਸ਼ ਕਦਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਾਇੰਸ ਵਿਸ਼ੇ ਵਿਚ ਰੋਚਕਤਾ ਪੈਦਾ ਕਰਨਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਹਵਾਈ ਯਾਤਰਾ ਰਾਹੀਂ ਜੈਪੁਰ ਰਾਜਸਥਾਨ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਇਤਿਹਾਸਿਕ ਅਤੇ ਸਭਿਆਚਾਰਕ ਸਥਾਨਾਂ ਦਾ ਦੌਰਾ ਕਰਵਾਇਆ ਗਿਆ, ਜਿਨ੍ਹਾਂ ਵਿਚ ਹਵਾ ਮਹਿਲ, ਯੰਤਰ ਮੰਤਰ, ਸਿਟੀ ਪੈਲੇਸ, ਐਲਬਰਟ ਹਾਲ ਮਿਊਜ਼ੀਅਮ, ਵੈਕਸ ਮਿਊਜ਼ੀਅਮ, ਕਨਕ ਬਾਗ, ਨਾਹਰਗੜ੍ਹ ਕਿਲ੍ਹਾ, ਜੈਗੜ੍ਹ ਕਿਲ੍ਹਾ, ਆਮੇਰ ਕਿਲ੍ਹਾ, ਨਾਹਰਰਗੜ੍ਹ ਬਾਇਲੋਜੀਕਲ ਪਾਰਕ, ਜੈਪੁਰ ਢਾਣੀ ਆਦਿ ਸ਼ਾਮਿਲ ਸਨ | ਬੱਚਿਆਂ ਗੌਰਵ, ਗੁਰਸ਼ਾਨ, ਕੋਮਲਪ੍ਰੀਤ ਕੌਰ, ਮਨਤਵਿਆ ਆਦਿ ਨੇ ਵੀ ਹਵਾਈ ਯਾਤਰਾ ਦੇ ਤਜਰਬੇ ਬਿਆਨ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ | ਨੋਡਲ ਅਫ਼ਸਰ ਪਿ੍ੰ. ਸ਼ੈਲੇਂਦਰ ਠਾਕੁਰ ਨੇ ਬੱਚਿਆਂ ਦੇ ਵਾਪਸ ਹੁਸ਼ਿਆਰਪੁਰ ਆਉਣ 'ਤੇ ਭਰਵਾਂ ਸਵਾਗਤ ਕੀਤਾ |