ਮੁਕੇਰੀਆਂ, 30 ਜਨਵਰੀ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਮਹਾਤਮਾ ਗਾਂਧੀ ਦੀ ਬਰਸੀ ਦੇ ਮੌਕੇ 'ਤੇ ਭਾਵਪੂਰਨ ਸ਼ਰਧਾਂਜਲੀ ਸਭਾ ਕਰਵਾਈ ਗਈ | ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਬਾਪੂ ਨੂੰ ਨਮਨ ਕੀਤਾ ਗਿਆ | ਸਕੂਲ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਹਾਤਮਾ ਗਾਂਧੀ ਦੇ ਸਤਿਆ, ਅਹਿੰਸਾ ਅਤੇ ਸ਼ਾਂਤੀ ਦੇ ਸਿਧਾਂਤਾਂ 'ਤੇ ਪ੍ਰਕਾਸ਼ ਪਾਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਇੱਕ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣਨ | ਸਕੂਲ ਦੇ ਚੇਅਰਮੈਨ ਪ੍ਰੋ. ਡੀ. ਵੀ. ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਾਤਮਾ ਗਾਂਧੀ ਦਾ ਜੀਵਨ ਸਾਡੇ ਸਭ ਲਈ ਪ੍ਰੇਰਣਾਸਰੋਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਬਾਪੂ ਦੇ ਵਿਚਾਰਾਂ ਨੂੰ ਆਪਣੇ ਆਚਰਨ ਵਿਚ ਉਤਾਰਨ ਅਤੇ ਸਮਾਜ ਤੇ ਦੇਸ਼ ਦੀ ਤਾਮੀਰ ਵਿਚ ਸਕਾਰਾਤਮਿਕ ਭੂਮਿਕਾ ਨਿਭਾਉਣ | ਸਮਾਗਮ ਦਾ ਸਮਾਪਨ ਦੇਸ਼-ਭਗਤੀ ਨਾਰਿਆਂ ਅਤੇ ਗਾਂਧੀ ਦੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਹੋਇਆ, ਜਿਸ ਨਾਲ ਵਿਦਿਆਰਥੀਆਂ ਵਿਚ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਭਾਵਨਾ ਹੋਰ ਮਜ਼ਬੂਤ ਹੋਈ |