ਚੱਬੇਵਾਲ, 31 ਜਨਵਰੀ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ-ਛਾਇਆ ਹੇਠ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ | ਇਸ ਮੌਕੇ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਬਾ ਨਿਹਾਲ ਸਿੰਘ ਜਥੇਦਾਰ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਅਰਦਾਸ ਕੀਤੀ | ਇਸ ਮੌਕੇ ਬਾਬਾ ਨਿਹਾਲ ਸਿੰਘ ਸਮੇਤ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਪਰਮਜੀਤ ਸਿੰਘ ਹਰੀਆਂ ਵੇਲਾਂ, ਸ੍ਰੀ ਗੁਰੂ ਹਰਿਰਾਏ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ, ਕਥਾਵਾਚਕ ਭਾਈ ਸਾਹਿਬ ਸਿੰਘ ਮਾਰਕੰਡਾ,ਢਾਡੀ ਸੁਖਦੇਵ ਸਿੰਘ ਖੜੌਦੀ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਿਧਾਇਕ ਡਾ. ਇਸ਼ਾਂਕ ਕੁਮਾਰ, ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਆਦਿ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਏ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |